ਘਰ ਪਰਤੀ ਮੁਸਕਾਨ ਨੇ ਬਿਆਨ ਕੀਤੇ ਯੂਕਰੇਨ ਦੇ ਹਾਲਾਤ, ਯੂਕਰੇਨ ਵਿਚ ਫਸੇ ਦੋਸਤਾਂ ਨੂੰ ਲੈ ਕੇ ਜ਼ਾਹਰ ਕੀਤੀ ਚਿੰਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਕਈ ਪੰਜਾਬੀ ਯੂਕਰੇਨ ਵਿਚ ਫਸੇ ਹੋਏ ਹਨ।

Muskan and Her Family Members

 

ਮਾਨਸਾ (ਪਰਮਦੀਪ ਰਾਣਾ): ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਕਈ ਪੰਜਾਬੀ ਯੂਕਰੇਨ ਵਿਚ ਫਸੇ ਹੋਏ ਹਨ। ਹਾਲਾਂਕਿ ਕੁਝ ਨੌਜਵਾਨ ਉਥੋਂ ਪਰਤ ਆਏ ਹਨ ਪਰ ਕੁਝ ਦੇ ਉੱਥੇ ਫਸੇ ਹੋਣ ਕਾਰਨ ਉਹਨਾਂ ਦੇ ਮਾਪੇ ਚਿੰਤਤ ਹਨ। ਇਸ ਦੌਰਾਨ ਯੂਕਰੇਨ ਤੋਂ ਘਰ ਪਰਤੀ ਮਾਨਸਾ ਦੀ ਮੁਸਕਾਨ ਨੇ ਉੱਥੋਂ ਦੇ ਜ਼ਮੀਨੀ ਹਾਲਾਤ ਦੱਸੇ ਹਨ। ਰੋਜ਼ਾਨਾ ਸਪੋਕਸਮੈਨ ਨਾਲ ਗੱਲ਼ ਕਰਦਿਆਂ ਮੁਸਕਾਨ ਨੇ ਦੱਸਿਆ ਕਿ ਦੋ-ਤਿੰਨ ਦਿਨ ਪਹਿਲਾਂ ਹਾਲਾਤ ਬਿਲਕੁਲ ਆਮ ਵਾਂਗ ਸਨ, ਉਹ ਪਹਿਲਾਂ ਵਾਂਗ ਕਾਲਜ ਜਾਂਦੀ ਸੀ ਅਤੇ ਕਲਾਸ ਖ਼ਤਮ ਹੋਣ ਮਗਰੋਂ ਵਾਪਸ ਅਪਣੇ ਹੋਸਟਲ ਆਉਂਦੀ ਸੀ ਪਰ ਦੋ ਦਿਨਾਂ ਵਿਚ ਹੀ ਮਾਹੌਲ ਐਨਾ ਜ਼ਿਆਦਾ ਖ਼ਰਾਬ ਹੋ ਗਿਆ ਕਿ ਉਸ ਨੇ ਦੇਸ਼ ਵਾਪਸ ਪਰਤਣਾ ਸਹੀ ਸਮਝਿਆ।

Muskan

20 ਸਾਲਾ ਮੁਸਕਾਨ ਨੇ 22 ਫਰਵਰੀ ਲਈ ਅਪਣੀ ਟਿਕਟ ਕਰਵਾਈ ਅਤੇ ਉਹ ਵਾਪਸ ਭਾਰਤ ਪਰਤ ਆਈ। ਇਸ ਮੌਕੇ 300 ਦੇ ਕਰੀਬ ਭਾਰਤ ਆਏ ਸੀ। ਅਜੇ ਵਿਚ ਕਰੀਬ 18 ਹਜ਼ਾਰ ਵਿਦਿਆਰਥੀ ਫਸੇ ਹੋਏ ਹਨ। ਉਹਨਾਂ ਦੱਸਿਆਂ ਕਿ ਕੀਵ, ਖਾਰਕਿਵ, ਓਡੈਸਾ, ਡੈਨਿਪਰੋ ਆਦਿ ਸ਼ਹਿਰ ਪੱਛਮੀ ਸਰਹੱਦ ਤੋਂ ਦੂਰ ਸਨ। ਵਿਦਿਆਰਥੀਆਂ ਲਈ ਪੱਛਮੀ ਸਰਹੱਦ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਇਸ ਸਮੇਂ ਟਰੇਨ ਅਤੇ ਬੱਸਾਂ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਲਈ ਸਰਕਾਰ ਨੂੰ ਕੋਈ ਹੋਰ ਰਾਹ ਲੱਭਣਾ ਚਾਹੀਦਾ ਹੈ।

Muskan's Father

ਮੁਸਕਾਨ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਦੀ ਟਿਕਟ ਅਗਲੇ ਦਿਨ ਸੀ ਉਹ ਫਲਾਈਟ ਲ਼ਈ ਕੀਵ ਤਾਂ ਪਹੁੰਚ ਗਏ ਪਰ ਹਵਾਈ ਅੱਡੇ ਉੱਤੇ ਬਲਾਸਟ ਹੋਣ ਕਾਰਨ ਉਡਾਣਾਂ ਰੱਦ ਹੋ ਗਈਆਂ ਅਤੇ ਉਹ ਉੱਥੇ ਹੀ ਫਸ ਗਏ। ਇਹਨਾਂ ਵਿਚੋਂ 300 ਦੇ ਕਰੀਬ ਬੱਚੇ ਮੈਪ ਦੀ ਸਹਾਇਤਾ ਨਾਲ ਕੀਵ ਸਥਿਤ ਭਾਰਤੀ ਅੰਬੈਸੀ ਤੱਕ ਪਹੁੰਚ ਗਏ ਪਰ ਕਈ ਅਜੇ ਵੀ ਫਸੇ ਹੋਏ ਹਨ। ਅੰਬੈਸੀ ਵਲੋਂ ਉਹਨਾਂ ਨੂੰ ਇਕ ਨਜ਼ਦੀਕੀ ਸਕੂਲ ਵਿਚ ਰੱਖਿਆ ਗਿਆ ਹੈ, ਜਿੱਥੇ ਉਹਨਾਂ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ। ਮੁਸਕਾਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਕੋਈ ਫੈਸਲਾ ਲੈਣ।  ਉਹਨਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਅਜੇ ਵੀ ਹੋਸਟਲ ਵਿਚ ਫਸੇ ਹੋਏ ਹਨ, ਉਹਨਾਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਸਹਾਇਤਾ ਪ੍ਰਦਾਨ ਕਰਵਾਈ ਜਾ ਰਹੀ ਹੈ। ਰਾਤ ਦੇ ਸਮੇਂ ਉਹਨਾਂ ਨੂੰ ਬੇਸਮੈਂਟ ਵਿਚ ਸ਼ਿਫਟ ਕਰ ਦਿੱਤਾ ਜਾਂਦਾ ਹੈ।

Muskan's Mother

ਮੁਸਕਾਨ ਨੇ ਦੱਸਿਆ ਕਿ ਉਹ ਅਪਣੇ ਦੋਸਤਾਂ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਉਹ ਡਰੇ ਹੋਏ ਹਨ। ਮੁਸਕਾਨ ਅਪਣੇ ਦੋਸਤਾਂ ਨੂੰ ਲੈ ਕੇ ਬਹੁਤ ਚਿੰਤਤ ਹੈ ਕਿਉਂਕਿ ਉੱਥੇ ਹਾਲਾਤ ਵਿਗੜ ਰਹੇ ਹਨ। ਮੁਸਕਾਨ ਦਾ ਕਹਿਣਾ ਹੈ ਕਿ ਯੂਕਰੇਨ ਵਿਚ ਉਹਨਾਂ ਨੂੰ ਸਰਹੱਦੀ ਖੇਤਰ ਦੇ ਹਾਲਾਤ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ, ਇਸ ਲਈ ਉਹ ਇਸ ਜੰਗ ਤੋਂ ਅਣਜਾਣ ਸਨ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੀ ਮਦਦ ਦਾ ਦਾਅਵਾ ਕਰ ਰਹੀ ਹੈ ਪਰ ਏਅਰ ਇੰਡੀਆ ਫਲਾਈਟ ਦੀਆਂ ਟਿਕਟਾਂ 60,000 ਦੇ ਕਰੀਬ ਹਨ, ਜੋ ਕਿ ਬਹੁਤ ਜ਼ਿਆਦਾ ਹੈ। ਉਹਨਾਂ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਵੀ ਉਹ 30,000 ਦੀ ਟਿਕਟ ਕਰਵਾ ਕੇ ਭਾਰਤ ਆਏ ਸਨ। ਇਸ ਲਈ ਸਰਕਾਰ ਨੂੰ ਅਪੀਲ ਹੈ ਕਿ ਇਹ ਟਿਕਟਾਂ ਸਸਤੀਆਂ ਕੀਤੀਆਂ ਜਾਣ।

Russia-Ukraine crisis

ਮੁਸਕਾਨ ਦੇ ਮਾਤਾ ਸੰਜੂ ਬਾਲਾ ਅਤੇ ਪਿਤਾ ਰੋਹਤਾਸ਼ ਨੇ ਦੱਸਿਆ ਕਿ ਮੀਡੀਆ 'ਚ ਚੱਲ ਰਹੀਆਂ ਖਬਰਾਂ ਕਾਰਨ ਉਹ ਚਿੰਤਾ ਵਿਚ ਸਨ। ਉੱਥੇ ਵਧਦੇ ਤਣਾਅ ਕਾਰਨ ਉਹਨਾਂ ਨੇ ਆਪਣੀ ਬੇਟੀ ਨੂੰ ਘਰ ਬੁਲਾ ਲਿਆ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਲਗਾਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਸੀ, ਜਿਸ ਕਾਰਨ ਜ਼ਿਆਦਾ ਵਿਦਿਆਰਥੀ ਵਾਪਸ ਨਹੀਂ ਆ ਸਕੇ। ਜੇਕਰ ਯੂਨੀਵਰਸਿਟੀ ਪਹਿਲਾਂ ਹੀ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲਗਾਉਣ ਦੀ ਮਨਜ਼ੂਰੀ ਦਿੰਦੀ ਤਾਂ ਅੱਜ ਸਾਰੇ ਵਿਦਿਆਰਥੀ ਅਪਣੇ ਘਰ ਹੁੰਦੇ।

Indian Students in Ukraine

ਮੁਸਕਾਨ ਨੂੰ ਅੱਖਾਂ ਸਾਹਮਣੇ ਦੇਖ ਕੇ ਉਸ ਦੇ ਪਰਿਵਾਰਕ ਮੈਂਬਰ ਸਕੂਨ ਮਹਿਸੂਸ ਕਰ ਰਹੇ ਹਨ ਪਰ ਹੁਣ ਉਹਨਾਂ ਨੂੰ ਅਪਣੀ ਧੀ ਦੇ ਭਵਿੱਖ ਦੀ ਚਿੰਤਾ ਹੈ ਕਿਉਂਕਿ ਉਸ ਦੀ ਪੜ੍ਹਾਈ ਦੇ ਅਜੇ ਚਾਰ ਸਾਲ ਬਾਕੀ ਹਨ। ਉਹਨਾਂ ਕਿਹਾ ਕਿ ਜੰਗ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦੀ, ਇਸ ਲਈ ਸਰਕਾਰਾਂ ਨੂੰ ਗੱਲਬਾਤ ਰਾਹੀਂ ਮਸਲੇ ਹੱਲ ਕਰਨੇ ਚਾਹੀਦੇ ਹਨ। ਭਾਰਤ ਸਰਕਾਰ ਨੂੰ ਇਸ ਮਸਲੇ ਵਿਚ ਦਖਲ ਦੇ ਕੇ ਅਪਣੇ ਨਾਗਰਿਕਾਂ ਨੂੰ ਬਚਾਉਣਾ ਚਾਹੀਦਾ ਹੈ।