ਪਟਰੌਲ ਅਤੇ ਸਲਫ਼ਾਸ ਲੈ ਕੇ ਐਸਡੀਐਮ ਦਫ਼ਤਰ ਦੀ ਛੱਤ 'ਤੇ ਬੈਠੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਨੇ ਐਸਡੀਐਮ ਤੇ ਤਹਿਸੀਲ ਸਮੇਤ ਹੋਰ 15 ਮੁਲਾਜ਼ਮਾਂ ਨੂੰ ਬੰਧਕ ਬਣਾਇਆ

Farmers protest

ਸੰਗਰੂਰ : ਗੰਨੇ ਦੀ ਬਕਾਇਆ ਰਕਮ ਲੈਣ ਲਈ ਬੀਤੇ ਦਿਨ ਚਾਰ ਕਿਸਾਨ ਪਟਰੌਲ ਅਤੇ ਸਲਫ਼ਾਸ ਦੀਆਂ ਗੋਲੀਆਂ ਲੈ ਕੇ ਐਸ.ਡੀ.ਐਮ. ਧੂਰੀ ਦਫ਼ਤਰ ਦੀ ਛੱਤ 'ਤੇ ਚੜ੍ਹ ਗਏ ਸਨ। ਇਨ੍ਹਾਂ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ। ਵੱਡੀ ਗਿਣਤੀ 'ਚ ਕਿਸਾਨਾਂ ਨੇ ਐਸ.ਡੀ.ਐਮ. ਦਫ਼ਤਰ ਅੱਗੇ ਧਰਨਾ ਦੇ ਕੇ ਐਸ.ਡੀ.ਐਮ. ਅਤੇ ਤਹਿਸੀਲਦਾਰ ਦੀ ਘੇਰਾਬੰਦੀ ਕੀਤੀ ਹੋਈ ਹੈ। ਕਿਸਾਨਾਂ ਨੇ ਐਸਡੀਐਮ ਤੇ ਤਹਿਸੀਲ ਸਮੇਤ ਹੋਰ 15 ਮੁਲਾਜ਼ਮਾਂ ਨੂੰ ਬੰਧਕ ਬਣਾਇਆ ਹੋਇਆ ਹੈ।

ਇਹ ਗੰਨਾ ਕਿਸਾਨ ਸ਼ੂਗਰ ਮਿੱਲ ਤੋਂ ਪਿਛਲੇ ਸਾਲ ਅਤੇ ਇਸ ਸਾਲ ਦੀ ਬਕਾਇਆ ਰਕਮ ਤੁਰੰਤ ਦਿਵਾਉਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਪੂਰੀਆਂ ਹੋਣ ’ਤੇ ਹੀ ਬੰਧਕ ਬਣਾਏ ਮੁਲਾਜ਼ਮਾਂ ਨੂੰ ਰਿਹਾਅ ਕਰਨਗੇ। ਜ਼ਿਰਕਯੋਗ ਹੈ ਕਿ ਮਿੱਲ ਪ੍ਰਬੰਧਕਾਂ ਨਾਲ ਕੋਈ ਸਮਝੌਤਾ ਨਾ ਹੋਣ ਕਰ ਕੇ ਕਿਸਾਨ ਤਿੰਨ ਵੱਖ-ਵੱਖ ਧਰਨਾ ਦੇ ਰਹੇ ਹਨ।

ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿਹਾ ਕਿ ਜਦੋਂ ਤਕ ਉਨ੍ਹਾਂ ਨੂੰ ਬਕਾਇਆ ਰਕਮ ਨਹੀਂ ਮਿਲ ਜਾਂਦੀ, ਉਦੋਂ ਤਕ ਉਹ ਧਰਨਾ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਕੱਲ੍ਹ ਰਾਤ ਉਨ੍ਹਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ ਪਰ ਉਸ ਦਾ ਕੋਈ ਸਾਰਥਕ ਹੱਲ ਨਹੀਂ ਨਿਕਲਿਆ। ਇਸੇ ਲਈ ਉਨ੍ਹਾਂ ਨੇ ਐਸਡੀਐਮ, ਤਹਿਸੀਲਦਾਰ ਤੇ 15 ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਛੇਤੀ ਤੋਂ ਛੇਤੀ ਗੰਨੇ ਦੀ ਬਕਾਇਆ ਰਕਮ ਜਾਰੀ ਕੀਤੀ ਜਾਵੇ।