ਪੰਜਾਬ ਪੁਲਿਸ ਬੇਹੱਦ ਡਰਾਉਣੀ, ਹਿਮਾਚਲ-ਹਰਿਆਣਾ ਪੁਲਿਸ 'ਚ ਲੋਕਾਂ ਦਾ ਵਿਸ਼ਵਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਲੋਕਾਂ ‘ਚ ਪੁਲਿਸ ਦਾ ਡਰ ਸਭ ਤੋਂ ਜ਼ਿਆਦਾ...

Punjab Police

ਚੰਡੀਗੜ੍ਹ : ਦੇਸ਼ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਪੁਲਿਸ ਨੂੰ ਜਨਤਾ ਦੀ ਦੋਸਤ ਬਣਾਉਣ ਨੂੰ ਲੈ ਕੇ ਜ਼ੋਰ ਲਗਾਇਆ ਜਾ ਰਿਹਾ ਹੈ। ਪੰਜਾਬ ਪੁਲਿਸ ਨੂੰ ਵੀ ਅਜਿਹਾ ਸਬਕ ਪੜ੍ਹਾਇਆ ਗਿਆ ਸੀ ਕਿ ਉਹ ਲੋਕਾਂ ਨਾਲ ਸਾਂਝ ਸਥਾਪਿਤ ਕਰੇ ਕਿਉਂਕਿ ਉਹ ਲੋਕਾਂ ਨੂੰ ਡਰਾਉਣ ਲਈ ਨਹੀਂ ਬਲਕਿ ਲੋਕਾਂ ਦੀ ਮਦਦ ਲਈ ਹੈ ਪਰ 2018 ਦੀ ਸਟੇਟ ਪੁਲਿਸਿੰਗ ਸਥਿਤੀ ਰਿਪੋਰਟ (Status of Policing in India Report) ਦੇ ਅਨੁਸਾਰ ਗੁਆਂਢੀ ਸੂਬੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕ ਪੁਲਿਸ ਵਿਚ ਵਿਸ਼ਵਾਸ ਦੀ ਗੱਲ ਕਰਦੇ ਹਨ ਜਦਕਿ ਸੂਬਾ ਪੰਜਾਬ ਦੀ ਪੁਲਿਸ ਦੇਸ਼ ਵਿਚ ਸਭ ਤੋਂ ਜ਼ਿਆਦਾ ਖ਼ੌਫ਼ ਪੈਦਾ ਕਰਨ ਵਾਲੀ ਹੈ।

ਇਕ ਐਨਜੀਓ ਸੈਂਟਰ ਫਾਰ ਸਟੱਡੀ ਆਫ਼ ਡਿਵੈਲਪਿੰਗ ਸੁਸਾਇਟੀਜ਼ ਐਂਡ ਕਾਮਨ ਕਾਜ਼ (Centre for the Study of Developing Societies and Common Cause) ਵਲੋਂ ਕੀਤੇ ਅਧਿਐਨ ਮੁਤਾਬਕ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਜਨਤਾ ਦਾ ਵਿਸ਼ਵਾਸ ਜਿੱਤਣ ਦੇ ਮਾਮਲੇ ਵਿਚ ਪਹਿਲੇ ਸਥਾਨਾਂ 'ਤੇ ਹੈ ਜਦਕਿ ਇਨ੍ਹਾਂ ਦੇ ਮੁਕਾਬਲੇ ਪੰਜਾਬ ਤੇ ਦਿੱਲੀ ਪੁਲਿਸ ਹੇਠਲੇ ਪੱਧਰ 'ਤੇ ਹੈ। ਅਧਿਐਨ ਦੇ ਮਾਪਦੰਡਾਂ ਵਿਚ ਆਜ਼ਾਦੀ, ਔਰਤਾਂ ਦਾ ਪੱਖ, ਜਨਤਾ ਦੇ ਨਜ਼ਰੀਏ ਤੋਂ ਪੁਲਿਸ ਵਿਚ ਵਿਸ਼ਵਾਸ ਆਦਿ ਸ਼ਾਮਲ ਹਨ।

ਹਰਿਆਣਾ ਪੁਲਿਸ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਹੈ ਜਿੱਥੇ ਸੀਨੀਅਰ ਅਧਿਕਾਰੀਆਂ 'ਤੇ ਵੀ ਜਨਤਾ ਨੇ ਭਰੋਸਾ ਜਤਾਇਆ ਹੈ ਜਦਕਿ ਹਿਮਾਚਲ ਪ੍ਰਦੇਸ਼ ਨੇ ਇਸ ਮਾਮਲੇ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਜਾਣਕਾਰੀ ਦੇ ਆਧਾਰ 'ਤੇ ਪੰਜਾਬ ਨੂੰ ਇਸ ਸੂਚੀ ਵਿਚ ਸਭ ਤੋਂ ਹੇਠਾਂ 22ਵੇਂ ਨੰਬਰ 'ਤੇ ਰੱਖਿਆ ਗਿਆ ਹੈ ਜਦਕਿ ਦਿੱਲੀ ਨੂੰ 12ਵੇਂ ਸਥਾਨ 'ਤੇ ਰੱਖਿਆ ਗਿਆ ਹੈ ਹਾਲਾਂਕਿ ਜਦੋਂ ਸਥਾਨਕ ਪੁਲਿਸ ਵਿਚ ਭਰੋਸਾ ਕਰਨ ਦੀ ਗੱਲ ਆਉਂਦੀ ਐ ਤਾਂ ਦੋ ਪ੍ਰਮੁੱਖ ਰਾਜਾਂ ਦੀ ਦਰਜਾਬੰਦੀ ਵਿਚ ਹਿਮਾਚਲ ਪ੍ਰਦੇਸ਼ 6ਵੇਂ ਸਥਾਨ ਤੇ ਹਰਿਆਣਾ 11ਵੇਂ ਸਥਾਨ 'ਤੇ ਹੈ। ਪੰਜਾਬ ਹੋਰ ਮਾਪਦੰਡਾਂ ਦੇ ਆਧਾਰ 'ਤੇ 16ਵੇਂ ਸਥਾਨ 'ਤੇ ਅਤੇ ਇਸ ਤੋਂ ਬਾਅਦ ਦਿੱਲੀ ਦਾ ਨੰਬਰ ਆਉਂਦਾ ਹੈ।

ਇਸੇ ਤਰ੍ਹਾਂ ਪੰਜਾਬ ਦੇ ਲੋਕਾਂ 'ਚ ਪੁਲਿਸ ਦਾ ਡਰ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ, ਜਿਸ ਮਾਮਲੇ 'ਚ ਸੂਬੇ ਨੂੰ ਆਖਰੀ ਨੰਬਰ 'ਤੇ ਰੱਖਿਆ ਜਾਂਦਾ ਹੈ। ਹਿਮਾਚਲ ਅਤੇ ਹਰਿਆਣਾ ਕ੍ਰਮਵਾਰ ਇਕ ਅਤੇ ਤੀਜੇ ਨੰਬਰ 'ਤੇ ਹਨ। ਹਰਿਆਣਾ ਦੇ ਏਡੀਜੀਪੀ ਕਾਨੂੰਨ ਤੇ ਵਿਵਸਥਾ, ਨਵਦੀਪ ਵਿਰਕ ਦਾ ਕਹਿਣਾ ਹੈ ਕਿ ਹਰਿਆਣਾ ਵਿਚ ਜਨਤਾ ਕੋਲ ਅਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਵਾਉਣ ਲਈ ਸੀਨੀਅਰ ਅਫ਼ਸਰਾਂ ਤਕ ਪਹੁੰਚ ਆਸਾਨ ਹੁੰਦੀ ਹੈ। ਹਰਿਆਣਾ ਦੇ ਲੋਕ ਅਪਣੇ ਕਾਨੂੰਨੀ ਹੱਕਾਂ ਬਾਰੇ ਵਧੇਰੇ ਜਾਣੂ ਹਨ ਅਤੇ ਕਿਸੇ ਵੀ ਸਟੇਟ ਏਜੰਸੀ ਵਲੋਂ ਅਪਣੇ ਕਾਨੂੰਨੀ ਅਤੇ ਰਾਜਨੀਤਕ ਅਧਿਕਾਰਾਂ ਦੀ ਉਲੰਘਣਾ ਨੂੰ ਸਵੀਕਾਰ ਨਹੀਂ ਕਰਦੇ, ਜਿਸ ਨੇ ਸੂਬਾ ਪੁਲਿਸ ਨੂੰ ਇਕ ਸੰਵੇਦਨਸ਼ੀਲ ਜਵਾਬਦੇਹੀ ਕਾਨੂੰਨ ਤਿਆਰ ਕਰਨ ਦੀ ਅਗਵਾਈ ਕੀਤੀ ਹੈ।

ਭਾਵੇਂ ਕਿ ਜਨਤਾ ਵਲੋਂ ਪੁਲਿਸ ਵਿਚ ਵਿਸ਼ਵਾਸ ਦੇ ਮਾਮਲੇ ਵਿਚ ਪੰਜਾਬ 20ਵੇਂ ਸਥਾਨ 'ਤੇ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ ਪਰ ਜਦੋਂ ਜਾਤੀ ਦੇ ਆਧਾਰ 'ਤੇ ਪੁਲਿਸ ਵਲੋਂ ਭੇਦਭਾਵ ਦੀ ਗੱਲ ਆਉਂਦੀ ਐ ਤਾਂ ਇਸ ਮਾਮਲੇ ਵਿਚ ਪੰਜਾਬ, ਹਰਿਆਣੇ ਤੋਂ ਬਿਹਤਰ ਹੈ। ਪੰਜਾਬ ਇਸ ਮਾਮਲੇ ਵਿਚ 13ਵੇਂ ਨੰਬਰ 'ਤੇ ਹੈ ਜਦਕਿ ਹਰਿਆਣਾ 20ਵੇਂ ਨੰਬਰ 'ਤੇ।