ਪੰਜਾਬ ਪੁਲਿਸ ਤੋਂ ਜ਼ਿਆਦਾ ਹਥਿਆਰ ਰੱਖੀ ਬੈਠੇ ਹਨ ਪੰਜਾਬੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਇਸੈਂਸੀ ਹਥਿਆਰਾਂ ਦੇ ਮਾਮਲੇ ਵਿਚ ਪੰਜਾਬ ਦੂਜੇ ਨੰਬਰ 'ਤੇ

Weapons in Punjab

ਚੰਡੀਗੜ੍ਹ: ਲੋਕਸਭਾ ਚੋਣਾਂ ਵਿਚ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਦੇ ਲੋਕਾਂ ਵਲੋਂ ਹਥਿਆਰ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਪ੍ਰਕਿਰਿਆ ਦੌਰਾਨ ਇਕ ਦਿਲਚਸਪ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਲੋਕਾਂ ਕੋਲ ਪੰਜਾਬ ਪੁਲਿਸ ਤੋਂ ਜ਼ਿਆਦਾ ਹਥਿਆਰ ਹਨ। ਦਰਅਸਲ ਚੋਣ ਜ਼ਾਬਤੇ ਦੇ ਚਲਦਿਆਂ ਪੰਜਾਬ ਦੇ ਲੋਕਾਂ ਵਲੋਂ ਅਪਣੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ ਜਾ ਰਹੇ ਹਨ ਅਤੇ ਇਸ ਪ੍ਰਕ੍ਰਿਆ ਦੌਰਾਨ ਸਾਹਮਣੇ ਆਇਆ ਹੈ ਕਿ ਪੰਜਾਬ ਵਿਚ ਹਰ 18ਵਾਂ ਪਰਿਵਾਰ ਹਥਿਆਰ ਰੱਖਦਾ ਹੈ।

ਚੋਣ ਕਮਿਸ਼ਨਰ ਦੀਆਂ ਹਿਦਾਇਤਾਂ ਤੋਂ ਬਾਅਦ ਜਮ੍ਹਾਂ ਹੋਣ ਵਾਲੇ ਹਥਿਆਰਾਂ ਦੇ ਵੇਰਵੇ ਤੋਂ ਸਾਹਮਣੇ ਆਇਆ ਹੈ ਕਿ ਸੂਬੇ ਦੇ ਲੋਕਾਂ ਕੋਲ 3.61 ਲੱਖ ਲਾਇਸੈਂਸੀ ਹਥਿਆਰ ਹਨ ਅਤੇ ਇਕ ਮੀਡੀਆ ਰਿਪੋਰਟ ਦੇ ਮੁਤਾਬਕ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਅਫ਼ਸਰਾਂ ਕੋਲ 1 ਲੱਖ 17 ਹਜ਼ਾਰ ਦੇ ਕਰੀਬ ਹਥਿਆਰ ਹਨ। ਦਰਅਸਲ ਪੰਜਾਬ ਦਾ ਹਥਿਆਰਾਂ ਦੇ ਨਾਲ ਰਿਸ਼ਤਾ ਬਹੁਤ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ, ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਨੇ ਬਹੁਤ ਜ਼ੁਲਮ ਸਹੇ ਹਨ ਅਤੇ ਇਨ੍ਹਾਂ ਜ਼ੁਲਮ ਦਾ ਟਾਕਰਾ ਕਰਨ ਲਈ ਪੰਜਾਬ ਦੇ ਲੋਕਾਂ ਨੇ ਹਥਿਆਰਾਂ ਦਾ ਸਹਾਰਾ ਲਿਆ।

ਇਸ ਪਿੱਛੋਂ 80 ਦੇ ਦਹਾਕੇ ਵਿਚ ਵੀ ਅਤਿਵਾਦੀਆਂ ਦੇ ਖ਼ਤਰੇ ਨੂੰ ਦੇਖਦੇ ਹੋਏ ਪੰਜਾਬੀਆਂ ਨੇ ਹਥਿਆਰ ਰੱਖਣੇ ਸ਼ੁਰੂ ਕਰ ਦਿਤੇ ਪਰ ਇਸ ਸਭ ਦੇ ਬਾਵਜੂਦ ਹਥਿਆਰਾਂ ਪ੍ਰਤੀ ਪੰਜਾਬੀ ਦੇ ਸ਼ੌਂਕ ਅਤੇ ਦਿਲਚਸਪੀ ਵੀ ਹੈ ਜਿਸ ਕਰਕੇ ਪੰਜਾਬੀਆਂ ਕੋਲ ਹਥਿਆਰ ਜ਼ਿਆਦਾ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਲਾਇਸੈਂਸੀ ਹਥਿਆਰਾਂ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਹੈ ਅਤੇ ਉੱਤਰ ਪ੍ਰਦੇਸ਼ ਪਹਿਲੇ ਨੰਬਰ 'ਤੇ ਹੈ।