ਆਲ ਇੰਡੀਆ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਸਰਕਾਰ ਵਿਰੁਧ ਕੱਢੀ ਭੜਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਆਲ ਇੰਡੀਆ ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ (ਏਟਕ) ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕੱਤਰਤਾ ਗੁਰਦੁਆਰਾ ...

Protesting Aangwadi Workers

ਅੱਜ ਆਲ ਇੰਡੀਆ ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ (ਏਟਕ) ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕੱਤਰਤਾ ਗੁਰਦੁਆਰਾ ਸਾਹਿਬ ਪਿੰਡ ਲੋਹਗੜ੍ਹ ਵਿਖੇ ਹੋਈ। ਜਿਸ ਦੌਰਾਨ ਉਹਨਾਂ ਗੁਰਦੁਆਰਾ ਸਾਹਿਬ ਤੋਂ ਹਲਕਾ ਵਿਧਾਇਕ ਸੁਖਜੀਤ ਸਿੰਘ ਦੇ ਲੋਹਗੜ੍ਹ ਦੇ ਗ੍ਰਹਿ ਤੱਕ ਪੰਜਾਬ ਸਰਕਾਰ ਖਿਲਾਫ ਨਾਹਰੇਬਾਜੀ ਕਰਦਿਆਂ ਰੋਸ ਮਾਰਚ ਕੀਤਾ ਗਿਆ। 

ਉਪਰੰਤ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਭਰਾ ਸੁਖਮੰਦਰ ਸਿੰਘ ਸਮਰਾ ਅਤੇ ਦਫਤਰ ਇੰਚਾਰਜ ਰਾਹੁਲਪ੍ਰੀਤ ਸਿੰਘ ਨੂੰ ਮੰਗ ਪੱਤਰ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਵਾਅਦਿਆਂ ਦੀ ਸੀਡੀ ਸੌਂਪੀ ਗਈ। ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਕਿਸੇ ਵੀ ਸਰਕਾਰ ਵੱਲੋਂ ਕਿਸੇ ਮੁਲਾਜਮ ਨੂੰ ਉਜਰਤ ਕਾਨੂੰਨ ਤੋਂ ਘੱਟ ਤਨਖਾਹ ਦੇਣੀ ਕਾਨੂੰਨੀ ਜੁਰਮ ਹੈ ਅਤੇ ਸਾਡੀ ਸਰਕਾਰ ਬਣਨ ਤੇ ਅਸੀ ਤੁਹਾਡਾ ਹੱਲ ਜਰੂਰ ਕਰਾਂਗੇ। 

ਜਾਰੀ ਪ੍ਰੈਸ ਨੋਟ ਵਿਚ ਯੂਨੀਅਨ ਨੇ ਕਿਹਾ ਕਿ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਇਹ ਸੀਡੀਆਂ ਵੱਖ-ਵੱਖ ਹਲਕਿਆਂ ਦੇ ਵਿਧਾਇਕਾਂ ਨੂੰ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ ਆਪ ਸੁਣਨ ਅਤੇ ਬਾਅਦ ਵਿਚ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਭਵਨ ਚੰਡੀਗੜ੍ਹ ਵਿਚ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਦੇ ਮੈਂਬਰ ਸਿੱਖਿਆ ਮੰਤਰੀ ਓਪੀ ਸੋਨੀ , ਬ੍ਰਹਮ ਮਹਿੰਦਰਾ ਅਤੇ ਸਾਧੂ ਸਿੰਘ ਧਰਮਸੋਤ ਹਾਜਰ ਸਨ।

ਤਿੰਨ ਮੈਂਬਰੀ ਕਮੇਟੀ ਨਾਲ ਜੱਥੇਬੰਦੀ ਦੇ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ ਸੀ, ਜਿਸ ਦੌਰਾਨ ਮੰਤਰੀਆਂ ਨੇ ਖਜਾਨਾਂ ਖਾਲੀ ਹੋਣ ਦੀ ਗੱਲ ਕਹੀ ਸੀ, ਜਿਸ ਤੇ ਆਗੂਆਂ ਨੇ ਇਤਰਾਜਗੀ ਪ੍ਰਗਟ ਕਰਦਿਆਂ ਪੰਜਾਬ ਭਵਨ ਚੰਡੀਗੜ੍ਹ ਵਿਚ ਐਲਾਨ ਕੀਤਾ ਸੀ ਕਿ ਜਿੰਨਾਂ ਚਿਰ ਮਿਨੀਮਮਵੇਜ਼ ਨਹੀਂ ਮਿਲਦਾ, ਆਂਗਣਵਾੜੀ ਸੈਂਟਰਾਂ ਵਿਚ ਬੱਚੇ ਵਾਪਿਸ ਨਹੀਂ ਆਉਦੇ ਅਤੇ ਐਨ.ਜੀ.ਓ ਅਧੀਨ ਚਲਦੇ ਸੈਂਟਰ ਵਾਪਿਸ ਨਹੀਂ ਆਉਂਦੇ ਉਨਾਂ ਚਿਰ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਸੁਖਮੰਦਰ ਸਿੰਘ ਸਮਰਾ ਵੱਲੋਂ ਮੰਗਾਂ ਸਰਕਾਰ ਦੇ ਧਿਆਨ ਵਿਚ ਲਿਆਉਣ ਦਾ ਭਰੋਸਾ ਦਿੱਤਾ।ਇਸ ਮੌਕੇ ਸੂਬਾ ਡਿਪਟੀ ਸਕੱਤਰ ਬਲਵਿੰਦਰ ਕੌਰ ਖੋਸਾ, ਵਿੱਤ ਸਕੱਤਰ ਗੁਰਚਰਨ ਕੌਰ, ਛਿੰਦਰ ਕੌਰ ਜਿਲਾ ਪ੍ਰਧਾਨ, ਗੁਰਪ੍ਰੀਤ ਕੌਰ ਚੁਗਾਵਾਂ, ਰਜਵੰਤ ਕੌਰ, ਬਲਜੀਤ ਕੌਰ, ਗੁਰਮੇਲ ਕੌਰ, ਰਜਨੀ, ਜਸਵਿੰਦਰ ਕੌਰ, ਸਵਰਨਜੀਤ ਕੌਰ, ਪੂਨਮ, ਸੁਖਦੀਪ ਕੌਰ, ਬਲਵੰਤ ਕੌਰ ਆਦਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਹਾਜ਼ਰ ਸਨ।