ਅੰਮਿ੍ਰਤਸਰ 'ਚ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ 'ਤੇ ਹੋਇਆ ਲਾਠੀਚਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਿਆ ਮੰਤਰੀ ਓਪੀ ਸੋਨੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਜਾ ਰਹੇ ਐਸਐਸਏ ਰਮਸਾ ਅਧਿਆਪਕਾਂ ਨੂੰ ਪੁਲਿਸ ਨੇ ਖਦੇੜ ਦਿਤਾ। ਪੁਲਿਸ ਨੇ ਉਨ੍ਹਾਂ ਉਤੇ ...

Teachers protesting in Amritsar

ਅੰਮ੍ਰਿਤਸਰ : (ਸਸਸ) ਸਿੱਖਿਆ ਮੰਤਰੀ ਓਪੀ ਸੋਨੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਜਾ ਰਹੇ ਐਸਐਸਏ ਰਮਸਾ ਅਧਿਆਪਕਾਂ ਨੂੰ ਪੁਲਿਸ ਨੇ ਖਦੇੜ ਦਿਤਾ। ਪੁਲਿਸ ਨੇ ਉਨ੍ਹਾਂ ਉਤੇ ਲਾਠੀਚਾਰਜ ਕੀਤਾ ਅਤੇ ਪਾਣੀ ਦੀਆਂ ਬਾਛੜਾਂ ਕੀਤੀਆਂ। ਇਸ ਦੌਰਾਨ ਕਈ ਅਧਿਆਪਕ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਤਨਖਾਹ ਵਿਚ ਕਟੌਤੀ ਦੇ ਵਿਰੋਧ ਵਿਚ ਐਤਵਾਰ ਨੂੰ ਰਣਜੀਤ ਐਵੇਨਿਊ ਪ੍ਰਦਰਸ਼ਨ ਮੈਦਾਨ ਵਿਚ ਐਸਐਸਏ ਰਮਸਾ ਅਧਿਆਪਕਾਂ ਨੇ ਰੋਸ਼ ਧਰਨਾ ਸ਼ੁਰੂ ਕੀਤਾ।

ਇਸ ਤੋਂ ਬਾਅਦ ਧਰਨੇ ਵਿਚ ਸ਼ਾਮਿਲ ਸਿੱਖਿਆ ਮੰਤਰੀ ਓਪੀ ਸੋਨੀ ਦੇ ਘਰ ਦੀ ਘੇਰਾਬੰਦੀ ਕਰਨ ਲਈ ਵਧੇ। ਇਸ ਦੌਰਾਨ ਅਧਿਆਪਕਾਂ ਦੀ ਪੁਲਿਸ ਨਾਲ ਤਿੱਖੀ ਬਹਿਸ ਬਾਜੀ ਵੀ ਹੋਈ। ਅਧਿਆਪਕਾਂ ਨੇ ਹਰਤੇਜ ਹਸਪਤਾਲ ਦੇ ਨੇੜੇ ਲਗਾਏ ਗਏ ਬੈਰੀਗੇਟ ਅਤੇ ਕਚਹਿਰੀ ਚੌਕ ਉਤੇ ਲਗਾਏ ਗਏ ਬੈਰਿਕੇਡ ਤੋਡ਼ ਦਿਤੇ ਅਤੇ ਓਪੀ ਸੋਨੀ ਦੇ ਘਰ ਦੇ ਵੱਲ ਵਧੇ। ਇਸ ਦੌਰਾਨ ਪੁਲਿਸ ਨੇ ਪਾਣੀ ਦੀਆਂ ਬਾਛੜਾਂ ਅਤੇ ਲਾਠੀਆਂ ਵੀ ਚਲਾਈਆਂ।

ਅਧਿਆਪਕਾਂ ਦੇ ਧਰਨੇ ਨੂੰ 25 ਤੋਂ ਵੱਧ  ਸੰਗਠਨਾਂ ਦਾ ਸਮਰਥਨ ਕਰ ਰਹੇ ਹਨ। ਦੱਸ ਦਈਏ ਕਿ ਸਰਕਾਰ ਨੇ ਸਰਵ ਸਿੱਖਿਆ ਅਭਿਆਨ (ਐਸਐਸਏ) ਅਤੇ ਰਾਸ਼ਟਰੀ ਮਿਡਲ ਸਿੱਖਿਆ ਅਭਿਆਨ (ਰਮਸਾ) ਦੇ 8886 ਅਧਿਆਪਕਾਂ ਨੂੰ ਪੱਕਾ ਕਰਨ ਲਈ ਉਨ੍ਹਾਂ ਦੀ ਤਨਖਾਹ ਘੱਟ ਕਰ ਦਿਤੀ ਹੈ। ਉਨ੍ਹਾਂ ਨੂੰ ਤਿੰਨ ਸਾਲ ਤੱਕ 15000 ਰੁਪਏ ਤਨਖਾਹ ਮਿਲੇਗੀ। ਅਧਿਆਪਕਾਂ ਨੂੰ ਇਸ ਗੱਲ ਨੂੰ ਲੈ ਕੇ ਗੁੱਸਾ ਹੈ। ਜਦੋਂ ਕਿ, ਪਿਛਲੇ ਇਕ ਦਹਾਕੇ ਤੋਂ ਐਸਐਸਏ ਅਤੇ ਰਮਸਾ ਦੇ ਤਹਿਤ ਠੇਕੇ 'ਤੇ ਭਰਤੀ ਕੀਤੇ ਗਏ ਅਧਿਆਪਕ ਮੌਜੂਦਾ ਸਮੇਂ ਵਿਚ 35,000 ਤੋਂ ਲੈ ਕੇ 42 ਹਜ਼ਾਰ ਰੁਪਏ ਤੱਕ ਤਨਖਾਹ ਲੈ ਰਹੇ ਸਨ।