ਚੰਡੀਗੜ੍ਹ: 26 ਸਾਲ ਦੀ ਕੈਦ ਕੱਟਣ ਵਾਲੇ ਸਿਆਸੀ ਸਿੱਖ ਕੈਦੀ ਭਾਈ ਵਰਿਆਮ ਸਿੰਘ ਦੇ ਅਕਾਲ ਚਲਾਣਾ ਕਰ ਜਾਣ 'ਤੇ ਪੰਜਾਬ ਦੀ ਸਿਆਸਤ ਦੇ ਦਿੱਗਜ਼ ਨੇਤਾ ਅਤੇ ਯੂਪੀ ਦੇ ਸਾਬਕਾ ਜੇਲ੍ਹ ਮੰਤਰੀ ਰਹੇ ਬਲਵੰਤ ਸਿੰਘ ਰਾਮੂਵਾਲੀਆ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।
ਭਾਈ ਵਰਿਆਮ ਸਿੰਘ ਦੀ ਗੱਲ ਕਰਦਿਆਂ ਰਾਮੂਵਾਲੀਆ ਇੰਨੇ ਭਾਵੁਕ ਹੋ ਗਏ ਕਿ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਤਕ ਵਗਣ ਲੱਗ ਪਏ। ਦਰਅਸਲ ਉਹ ਰਾਮੂਵਾਲੀਆ ਹੀ ਹਨ, ਜਿਨ੍ਹਾਂ ਦੇ ਯਤਨਾਂ ਸਦਕਾ ਭਾਈ ਵਰਿਆਮ ਸਿੰਘ ਜੇਲ੍ਹ ਤੋਂ ਬਾਹਰ ਆਏ ਸਨ। ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਬਹੁਤ ਦੁਖ ਦੀ ਗੱਲ ਹੈ ਕਿ 26 ਸਾਲ ਭਾਈ ਵਰਿਆਮ ਸਿੰਘ ਦਾ ਦਿਲ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ।
ਉਹਨਾਂ ਕਿਹਾ ਕਿ ਭਾਈ ਵਰਿਆਮ ਸਿੰਘ ਬਹੁਤ ਹੀ ਸੱਚੇ ਦਿਲ ਦੇ ਸਿੱਖ ਰਹੇ ਹਨ। ਉਹਨਾਂ ਨੂੰ ਕੋਈ ਮੋਹ ਮਾਇਆ ਦਾ ਲਾਲਚ ਨਹੀਂ ਹੈ। ਦੱਸ ਦਈਏ ਕਿ ਭਾਈ ਵਰਿਆਮ ਸਿੰਘ ਨੂੰ 17 ਅਪ੍ਰੈਲ 1990 ਤੋਂ ਟਾਡਾ ਕਾਨੂੰਨ ਅਧੀਨ ਉੱਤਰ ਪ੍ਰਦੇਸ਼ ਦੀ ਬਾਂਸ ਬਰੇਲੀ ਜੇਲ੍ਹ ਵਿਚ ਬੰਦ ਕੀਤਾ ਹੋਇਆ ਸੀ।
ਯੂਪੀ ਦੇ ਜ਼ਿਲ੍ਹਾ ਸਹਾਰਨਪੁਰ ਅਧੀਨ ਪੈਂਦੇ ਪਿੰਡ ਬਾਰੀਬਾਰਾ ਦੇ ਵਾਸੀ ਭਾਈ ਵਰਿਆਮ ਸਿੰਘ ਨੂੰ 1990 ਵਿਚ ਮੁਕੱਦਮਾ ਨੰਬਰ-80 ਟਾਡਾ ਕਾਨੂੰਨ ਦੀ ਧਾਰਾ 3, 4 ਅਤੇ 120ਬੀ ਆਈਪੀਸੀ ਅਧੀਨ ਪੀਲੀਭੀਤ ਦੀ ਟਾਡਾ ਅਦਾਲਤ ਵਲੋਂ 10 ਜਨਵਰੀ 1995 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
25 ਸਾਲ ਜੇਲ੍ਹ ਵਿਚ ਰੱਖਣ ਮਗਰੋਂ ਉਨ੍ਹਾਂ ਨੂੰ 17 ਦਸੰਬਰ 2015 ਨੂੰ ਪਹਿਲੀ ਵਾਰ ਪੈਰੋਲ ਦਿੱਤੀ ਗਈ ਸੀ ਅਤੇ 26 ਸਾਲ ਜੇਲ੍ਹ ਕੱਟਣ ਮਗਰੋਂ ਉਹ 2016 ਵਿਚ ਰਿਹਾਅ ਹੋਏ ਸਨ। ਭਾਈ ਵਰਿਆਮ ਸਿੰਘ ਦਾ ਕੇਸ ਵੀ ਉਨ੍ਹਾਂ ਅਨੇਕਾਂ ਬੰਦੀ ਸਿੰਘਾਂ ਵਾਂਗ ਹੀ ਐ ਜੋ ਦੇਸ਼ ਦੀਆਂ ਵੱਖੋ ਵੱਖ ਜੇਲ੍ਹਾਂ ਵਿੱਚ ਵਿਤਕਰੇ ਦਾ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਨੂੰ ਇਸ ਲੰਬੀ ਜੇਲ ਦੌਰਾਨ ਪਹਿਲਾਂ ਕਦੇ ਵੀ ਪੈਰੋਲ ਨਹੀਂ ਮਿਲੀ ਤੇ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਪ੍ਰਚੱਲਤ ਉਮਰ ਕੈਦ ਤੋਂ ਕਈ ਵਰ੍ਹੇ ਵੱਧ ਕੈਦ ਕੱਟਣੀ ਪਈ। ਭਾਈ ਵਰਿਆਮ ਸਿੰਘ ਸਿਰੜੀ ਸਿੱਖ ਸਨ, ਜਿਨ੍ਹਾਂ ਨੇ ਅਪਣਾ ਜੀਵਨ ਸਿੱਖ ਕੌਮ ਦੇ ਰਾਜਨੀਤਕ ਸੰਘਰਸ਼ ਲਈ ਲੇਖੇ ਲਗਾ ਦਿੱਤਾ। ਬੀਤੇ ਦਿਨ ਉਨ੍ਹਾਂ ਨੇ ਯੂਪੀ ਦੇ ਪਿੰਡ ਬਰਬਰਾ, ਜ਼ਿਲ੍ਹਾ ਸ਼ਾਹਜਹਾਂਪੁਰ ਵਿਚ ਆਖ਼ਰੀ ਸਾਹ ਲਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।