ਲਗਨ ਅਤੇ ਸਿਰੜ ਵਾਲੇ ਸਿੱਖ ਖੋਜੀ ਸ਼ਮਸ਼ੇਰ ਸਿੰਘ ਅਸ਼ੋਕ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਸ਼ਮਸ਼ੇਰ ਸਿੰਘ ਅਸ਼ੋਕ ਦਾ ਜਨਮ ਪਿੰਡ ਗੁਆਰਾ, ਤਹਿਸੀਲ ਧੂਰੀ, ਜਿਲ੍ਹਾ ਸੰਗਰੂਰ ਵਿਖੇ ਸ. ਲਾਧਾ ਸਿੰਘ ਦੇ ਗ੍ਰਹਿ ਵਿਖੇ 10 ਫ਼ਰਵਰੀ, 1904 ਨੂੰ ਹੋਇਆ।

Photo

ਪ੍ਰਸਿੱਧ ਸਿੱਖ ਖੋਜੀ, ਵਾਰਤਕਕਾਰ, ਇਤਿਹਾਸਕਾਰ, ਕੋਸ਼ਕਾਰ, ਹੱਥ ਲਿਖਤਾਂ ਦੇ ਸਮਰਾਟ ਸ਼ਮਸ਼ੇਰ ਸਿੰਘ ਅਸ਼ੋਕ ਦਾ ਜਨਮ ਪਿੰਡ ਗੁਆਰਾ, ਤਹਿਸੀਲ ਧੂਰੀ, ਜਿਲ੍ਹਾ ਸੰਗਰੂਰ ਵਿਖੇ ਸ. ਲਾਧਾ ਸਿੰਘ ਦੇ ਗ੍ਰਹਿ ਵਿਖੇ 10 ਫ਼ਰਵਰੀ, 1904 ਨੂੰ ਹੋਇਆ। ਉਨ੍ਹਾਂ ਨੂੰ ਸ਼ੁਰੂ ਵਿਚ ਸਕੂਲ ਦੀ ਪੜ੍ਹਾਈ ਨਸੀਬ ਨਹੀਂ ਹੋਈ। ਪਰ ਉਨ੍ਹਾਂ ਅਪਣੀ ਲਗਨ ਅਤੇ ਸਿਰੜ ਨਾਲ ਚੋਖਾ ਗਿਆਨ ਹਾਸਲ ਕੀਤਾ। ਉਨ੍ਹਾਂ ਪੰਜਾਬੀ, ਹਿੰਦੀ, ਸੰਸਕ੍ਰਿਤ, ਉਰਦੂ, ਫ਼ਾਰਸੀ ਅਤੇ ਅੰਗਰੇਜ਼ੀ ਭਾਸ਼ਾਵਾਂ ਸਿਖ ਲਈਆਂ। ਬਾਅਦ ਵਿਚ ਉਨ੍ਹਾਂ ਪ੍ਰਭਾਕਰ ਅਤੇ ਗਿਆਨੀ ਦੇ ਇਮਤਿਹਾਨ ਵੀ ਪਾਸ ਕੀਤੇ।

1921 ਵਿਚ ਉਹ ਬਾਬੂ ਤੇਜਾ ਸਿੰਘ ਭਸੌੜ ਦੇ ਪ੍ਰਭਾਵ ਹੇਠ ਸਿੰਘ ਸਭਾ ਲਹਿਰ ਵਿਚ ਸ਼ਾਮਲ ਹੋ ਗਏ। ਉਨ੍ਹਾਂ ਕੁੱਝ ਸਮਾਂ ਭਾਈ ਕਾਨ੍ਹ ਸਿੰਘ ਨਾਭਾ ਦੇ ਸਹਾਇਕ ਵਜੋਂ ਵੀ ਕੰਮ ਕੀਤਾ। ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ ਦੇ ਸੰਪਰਕ ਵਿਚ ਆਉਣ ਨਾਲ ਉਨ੍ਹਾਂ ਦੀ ਸਿੱਖ ਸਾਹਿਤ ਅਤੇ ਇਤਿਹਾਸ ਨੂੰ ਖੋਜਣ ਦੀ ਰੁਚੀ ਪ੍ਰਬਲ ਹੋ ਉੱਠੀ। ਅਕਾਲੀ ਲਹਿਰ ਦੇ ਸਮੇਂ ਉਨ੍ਹਾਂ ਨੇ ਧਾਰਮਕ ਕਵਿਤਾਵਾਂ ਵੀ ਲਿਖੀਆਂ। 1928 ਵਿਚ ਉਨ੍ਹਾਂ ਦਾ ਕਾਵਿ-ਸੰਗ੍ਰਿਹ 'ਮਜ਼ਲੂਮ ਬੀਰ' ਛਪਿਆ।

1943 ਤੋਂ 1945 ਤਕ ਉਹ ਨੈਸ਼ਨਲ ਕਾਲਜ ਲਾਹੌਰ ਵਿਚ ਰੀਸਰਚ ਸਕਾਲਰ ਵਜੋਂ ਕੰਮ ਕਰਦੇ ਰਹੇ। ਉਨ੍ਹਾਂ 1945 ਤੋਂ 1947 ਤਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਧੀਨ ਸਿੱਖ ਇਤਿਹਾਸ ਦੀ ਖੋਜ ਕੀਤੀ। 1948 ਵਿਚ ਉਨ੍ਹਾਂ ਰਿਆਸਤ ਪਟਿਆਲਾ ਦੇ ਮਹਿਕਮਾ ਪੰਜਾਬੀ ਵਿਚ ਐਡੀਟਰ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ। ਇਥੋਂ ਉਹ 1963 ਵਿਚ ਸੇਵਾਮੁਕਤ ਹੋਏ। ਇਸ ਤੋਂ ਪਿਛੋਂ ਉਨ੍ਹਾਂ ਕੁੱਝ ਸਾਲ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਚ ਉਰੀਐਂਟਲ ਸਕਾਲਰ ਵਜੋਂ ਕੰਮ ਕੀਤਾ।
ਉਨ੍ਹਾਂ ਨੇ ਸਿੱਖ ਇਤਿਹਾਸ ਵਿਚ ਡੂੰਘੀ ਦਿਲਚਸਪੀ ਲਈ।

ਉਨ੍ਹਾਂ ਨੇ ਕਰਮ ਸਾਹਿਤ ਅਤੇ ਇਤਿਹਾਸ, ਸਿੱਖੀ ਅਤੇ ਸਿੱਖ ਇਤਿਹਾਸ, ਗੁਰੂ ਨਾਨਕ ਜੀਵਨੀ ਅਤੇ ਗੋਸ਼ਟਾਂ, ਰਾਗਮਾਲਾ ਨਿਰਣਯ, ਅਠਾਰਵੀਂ ਸਦੀ ਦਾ ਪੰਜਾਬ, ਜੀਵਨੀ ਭਾਈ ਕਾਨ੍ਹ ਸਿੰਘ ਨਾਭਾ, ਜੀਵਨੀ ਗੁਰੂ ਅਰਜਨ ਦੇਵ ਜੀ ਸਮੇਤ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਇਸ ਤੋਂ ਇਲਾਵਾ ਹਿੰਦੀ ਵਿਚ ਉਨ੍ਹਾਂ 'ਪੰਜਾਬ ਦਾ ਹਿੰਦੀ ਸਾਹਿਤ' ਨਾਂ ਦੀ ਪੁਸਤਕ ਵੀ ਲਿਖੀ।

ਉਨ੍ਹਾਂ ਨੇ ਬਹੁਤ ਸਾਰੀਆਂ ਪੁਸਤਕਾਂ ਸੰਪਾਦਿਤ ਕੀਤੀਆਂ ਅਤੇ ਕਈ ਪੁਸਤਕਾਂ ਦੇ ਅਨੁਵਾਦ ਵੀ ਕੀਤੇ। 1967 ਵਿਚ ਸਿੱਖ ਇਤਿਹਾਸ ਰੀਸਰਚ ਬੋਰਡ ਵਲੋਂ ਉਨ੍ਹਾਂ ਰਾਹੀਂ ਸੰਪਾਦਿਤ ਪੁਸਤਕ 'ਗੁਰੂ ਖ਼ਾਲਸੇ ਦੇ ਨੀਸਾਣੁ ਤੇ ਹੁਕਮਨਾਮੇ' ਪ੍ਰਕਾਸ਼ਿਤ ਹੋਈ, ਜੋ ਇਕ ਵਿਲੱਖਣ ਪ੍ਰਾਪਤੀ ਹੈ। ਉਨ੍ਹਾਂ ਨੇ ਜੰਗਨਾਮਾ ਲਾਹੌਰ ਕ੍ਰਿਤ ਕਵੀ ਕਾਨ੍ਹ ਸਿੰਘ (ਬੰਗਾ), ਮਾਧਵਾਨਲ ਕਾਮਕੰਦਲਾ ਕ੍ਰਿਤ ਕਵੀ ਆਲਮ, ਪ੍ਰਾਚੀਨ ਜੰਗਨਾਮੇ, ਹੀਰ ਵਾਰਸ, ਗੁਰ ਮਹਿਮਾ ਪ੍ਰਕਾਸ਼ ਸਮੇਤ ਕਈ ਹੋਰ ਪੁਸਤਕਾਂ ਸੰਪਾਦਿਤ ਕੀਤੀਆਂ।

ਇਸ ਤੋਂ ਇਲਾਵਾ ਉਨ੍ਹਾਂ ਨੇ ਖੋਜ ਦੇ ਖੇਤਰ ਵਿਚ ਪੰਜਾਬੀ ਜੀਵਨ ਅਤੇ ਸੰਸਕ੍ਰਿਤੀ (1965), ਸਾਡਾ ਹੱਥ ਲਿਖਤ ਪੰਜਾਬੀ ਸਾਹਿਤ (1968), ਸੋਢੀ ਮਿਹਰਬਾਨ ਜੀਵਨ ਤੇ ਸਾਹਿਤ ਮਹੱਤਵਪੂਰਨ ਪੁਸਤਕਾਂ ਲਿਖੀਆਂ। ਪੰਜਾਬ ਦੀਆਂ ਲਹਿਰਾਂ ਪੁਸਤਕ ਵਿਚ ਉਨ੍ਹਾਂ ਅਠਾਰਵੀਂ ਸਦੀ ਦੇ ਦੂਜੇ ਅੱਧ ਪਿਛੋਂ ਪੰਜਾਬ ਵਿਚ ਚੱਲੀਆਂ ਜਾਗ੍ਰਤੀ ਲਹਿਰਾਂ ਬਾਰੇ ਜਾਣਕਾਰੀ ਦਿਤੀ ਹੈ। 1977 ਵਿਚ ਭਾਸ਼ਾ ਵਿਭਾਗ ਵਲੋਂ ਉਨ੍ਹਾਂ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਸਨਮਾਨ ਦਿਤਾ ਗਿਆ। 1986 ਵਿਚ ਉਨ੍ਹਾਂ ਨੂੰ ਪੰਜਾਬੀ ਸਾਹਿਤ ਅਕਾਦਮੀ ਵਲੋਂ ਵੀ ਸਨਮਾਨਿਤ ਕੀਤਾ ਗਿਆ। ਅੰਤ ਉਹ 14 ਜੁਲਾਈ, 1986 ਨੂੰ ਇਸ ਸੰਸਾਰ ਨੂੰ ਅਦਾ ਲਈ ਅਲਵਿਦਾ ਕਹਿ ਗਏ।

-ਦਲਜੀਤ ਰਾਏ ਕਾਲੀਆ,
ਸੰਪਰਕ : 97812-00168