32 ਫੀ ਸਦੀ ਆਬਾਦੀ ਵਾਲੇ ਦਲਿਤ ਪੰਜਾਬ ਦੀ ਸੱਤਾ ਦੀ ਰਾਜਨੀਤੀ ’ਚ ਅਸਫਲ ਕਿਉਂ?
ਗਿਣਤੀ ਦੀ ਤਾਕਤ ਦੇ ਬਾਵਜੂਦ ‘ਲੀਡਰਸ਼ਿਪ ਸੰਕਟ’ ਕਾਰਨ ਇਸ ਨੂੰ ਸਿਆਸੀ ਪ੍ਰਭਾਵ ’ਚ ਤਬਦੀਲ ਕਰਨ ’ਚ ਅਸਫਲ ਰਹੇ ਦਲਿਤ
ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ (BSP) ਦੇ ਸੰਸਥਾਪਕ ਕਾਂਸ਼ੀ ਰਾਮ ਦੀ ਜਨਮ ਭੋਇੰ ਹੋਣ ਦੇ ਨਾਤੇ ਅਤੇ 32 ਫੀ ਸਦੀ ਦਲਿਤ ਆਬਾਦੀ ਵਾਲਾ ਪੰਜਾਬ ਦਾ ਦਲਿਤ ਵੋਟ ਬੈਂਕ ਖੇਤੀਬਾੜੀ ਅਰਥਵਿਵਸਥਾ ਵਾਲੇ ਸੂਬੇ ਦੇ ਚੋਣ ਨਤੀਜਿਆਂ ’ਚ ਕੀ ਸਿਆਸੀ ਤੌਰ ’ਤੇ ਸ਼ਕਤੀਸ਼ਾਲੀ ਭੂਮਿਕਾ ਨਿਭਾਉਂਦਾ ਹੈ?
ਸਿਆਸੀ ਪੰਡਿਤ ‘ਨਹੀਂ’ ਕਹਿੰਦੇ ਹਨ ਕਿਉਂਕਿ, ਉਨ੍ਹਾਂ ਦੀ ਗਿਣਤੀ ਦੀ ਤਾਕਤ ਦੇ ਬਾਵਜੂਦ, ਉਹ ‘ਲੀਡਰਸ਼ਿਪ ਸੰਕਟ’ ਕਾਰਨ ਇਸ ਨੂੰ ਸਿਆਸੀ ਪ੍ਰਭਾਵ ’ਚ ਤਬਦੀਲ ਕਰਨ ’ਚ ਅਸਫਲ ਰਹੇ ਹਨ। ਇਕ ਹੋਰ ਕਾਰਨ ਇਹ ਹੈ ਕਿ ਉਹ ਇਕਸਮਾਨ ਭਾਈਚਾਰਾ ਨਹੀਂ ਹਨ ਜੋ ਇਕਜੁੱਟ ਹੋ ਕੇ ਵੋਟ ਦੇਣ।
ਪਰ ਦੂਜੀਆਂ ਪਾਰਟੀਆਂ ਲਈ, ਪਿਛਲੇ ਰੁਝਾਨਾਂ ਅਨੁਸਾਰ, ਉਹ ਆਮ ਤੌਰ ’ਤੇ ਖੇਡ ਨੂੰ ਵਿਗਾੜਨ ਦਾ ਕੰਮ ਕਰਦੇ ਹਨ।
ਮੁੱਖ ਧਾਰਾ ਦੀਆਂ ਚਾਰ ਪਾਰਟੀਆਂ - ਕਾਂਗਰਸ, ਭਾਰਤੀ ਜਨਤਾ ਪਾਰਟੀ (ਭਾਜਪਾ), ਜੱਟਾਂ ਦੀ ਬਹੁਗਿਣਤੀ ਵਾਲੇ ਸ਼੍ਰੋਮਣੀ ਅਕਾਲੀ ਦਲ, ਜਿਨ੍ਹਾਂ ਨੇ ਇਨ੍ਹਾਂ ਚੋਣਾਂ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਅਪਣਾ ਚੋਣ ਸਬੰਧ ਤੋੜ ਲਿਆ ਸੀ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਸੂਬੇ ਦੀਆਂ 13 ਸੰਸਦੀ ਸੀਟਾਂ ਲਈ ਅਪਣੇ ਭਾਈਚਾਰੇ ਦੇ ਉਮੀਦਵਾਰ ਖੜੇ ਕਰ ਕੇ ਦਲਿਤਾਂ ਨੂੰ ਅਪਣੇ ਵਲ ਖਿੱਚਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਸ ਦੇ ਨਾਲ ਹੀ ਜਾਤੀ ਆਧਾਰਤ ਬਸਪਾ ਵੀ ਸਾਰੀਆਂ ਸੀਟਾਂ ’ਤੇ ਚੋਣ ਲੜ ਰਹੀ ਹੈ। ਪਿਛਲੇ ਰੀਕਾਰਡਾਂ ਅਨੁਸਾਰ, ਪਿਛਲੇ ਸਾਲਾਂ ’ਚ ਬਸਪਾ ਦਾ ਵੋਟ ਫ਼ੀ ਸਦੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੋਹਾਂ ’ਚ ਕਾਫ਼ੀ ਕਮਜ਼ੋਰ ਹੋਇਆ ਹੈ। 1998 ਤੋਂ ਬਾਅਦ ਬਸਪਾ ਨੇ ਪੰਜਾਬ ਵਿਚ ਇਕ ਵੀ ਲੋਕ ਸਭਾ ਸੀਟ ਨਹੀਂ ਜਿੱਤੀ।
ਵਿਧਾਨ ਸਭਾ ਚੋਣਾਂ ’ਚ ਬਸਪਾ ਦਾ ਸੱਭ ਤੋਂ ਵਧੀਆ ਪ੍ਰਦਰਸ਼ਨ 1992 ’ਚ ਸੀ। ਉਸ ਸਮੇਂ ਪਾਰਟੀ ਨੇ ਪੰਜਾਬ ਵਿਚ 9 ਸੀਟਾਂ ਜਿੱਤੀਆਂ ਸਨ ਪਰ 1997 ਵਿਚ ਅਗਲੀਆਂ ਚੋਣਾਂ ਵਿਚ ਇਹ ਇਕ ਸੀਟ ’ਤੇ ਸਿਮਟ ਗਈ।
2002 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੂੰ 5.69 ਫੀ ਸਦੀ ਵੋਟਾਂ ਮਿਲੀਆਂ ਸਨ, ਜੋ 2022 ਦੀਆਂ ਚੋਣਾਂ ’ਚ ਘੱਟ ਕੇ 1.77 ਫੀ ਸਦੀ ਰਹਿ ਗਈਆਂ। ਦਿਲਚਸਪ ਗੱਲ ਇਹ ਹੈ ਕਿ ਜ਼ਿਆਦਾਤਰ ਦਲਿਤ ਵਿਧਾਇਕ ਬਸਪਾ ਤੋਂ ਇਲਾਵਾ ਹੋਰ ਪਾਰਟੀਆਂ ਤੋਂ ਚੁਣੇ ਗਏ ਸਨ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ 1996 ਤੋਂ ਬਾਅਦ ਦਲਿਤ ਵੱਖ-ਵੱਖ ਪਾਰਟੀਆਂ ਵਲ ਜਾਣ ਲੱਗੇ ਪਰ ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਜ਼ਿਆਦਾਤਰ ਵੋਟਾਂ ਕਾਂਗਰਸ ਨੂੰ ਗਈਆਂ।
2019 ਦੀਆਂ ਸੰਸਦੀ ਚੋਣਾਂ ’ਚ ਤਿੰਨ ਰਾਖਵੀਆਂ ਸੀਟਾਂ ’ਤੇ ਚੋਣ ਲੜਨ ਵਾਲੀ ਬਸਪਾ ਨੂੰ 3.5 ਫੀ ਸਦੀ ਵੋਟਾਂ ਮਿਲੀਆਂ ਸਨ। ਇਸ ਨੂੰ ਆਨੰਦਪੁਰ ਸਾਹਿਬ ’ਚ 1.4 ਲੱਖ, ਹੁਸ਼ਿਆਰਪੁਰ ’ਚ 1.28 ਲੱਖ ਅਤੇ ਦਲਿਤਾਂ ਦੇ ਗੜ੍ਹ ਜਲੰਧਰ ’ਚ 2 ਲੱਖ ਤੋਂ ਵੱਧ ਵੋਟਾਂ ਮਿਲੀਆਂ ਸਨ। ਕਾਂਗਰਸ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਅਪਣੀ ਘੱਟ ਰਹੀ ਲੋਕਪ੍ਰਿਯਤਾ ਦੇ ਮੱਦੇਨਜ਼ਰ ਬਸਪਾ ਇਨ੍ਹਾਂ ਚੋਣਾਂ ’ਚ ਮੁੱਖ ਤੌਰ ’ਤੇ ਇਨ੍ਹਾਂ ਸੀਟਾਂ ’ਤੇ ਦੂਜੀਆਂ ਪਾਰਟੀਆਂ ਲਈ ਨੁਕਸਾਨ ਪਹੁੰਚਾ ਸਕਦੀ ਹੈ।
ਬਸਪਾ ਨੇ ਅਪਣੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਆਨੰਦਪੁਰ ਸਾਹਿਬ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ, ਜਿਸ ਸੀਟ ਦੀ ਨੁਮਾਇੰਦਗੀ ਇਸ ਸਮੇਂ ਕਾਂਗਰਸ ਦੇ ਮਨੀਸ਼ ਤਿਵਾੜੀ ਕਰ ਰਹੇ ਹਨ, ਜਿਨ੍ਹਾਂ ਨੂੰ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।
ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੋਮਨ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਹੁਣ ਉਥੋਂ ਐਡਵੋਕੇਟ ਰਣਜੀਤ ਕੁਮਾਰ ਚੋਣ ਲੜ ਰਹੇ ਹਨ। ਕਾਂਗਰਸ ਦੇ ਦਲਬਦਲੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਇਸ ਸੀਟ ਤੋਂ ‘ਆਪ’ ਦੇ ਉਮੀਦਵਾਰ ਹਨ ਜਿੱਥੇ ਬਸਪਾ ਦਾ ਕਾਫ਼ੀ ਪ੍ਰਭਾਵ ਹੈ। ਪਾਰਟੀ ਸੁਪਰੀਮੋ ਕਾਂਸ਼ੀ ਰਾਮ ਨੇ 1996 ਵਿਚ ਅਕਾਲੀ ਦਲ ਦੇ ਸਮਰਥਨ ਨਾਲ ਇਹ ਸੀਟ ਜਿੱਤੀ ਸੀ।
ਬਲਵਿੰਦਰ ਕੁਮਾਰ ਨੂੰ ਬਸਪਾ ਨੇ ਜਲੰਧਰ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ, ਜੋ ਕਾਂਗਰਸ ਦਾ ਗੜ੍ਹ ਹੈ ਅਤੇ ਪਾਰਟੀ ਨੇ 16 ਲੋਕ ਸਭਾ ਚੋਣਾਂ ’ਚੋਂ 10 ’ਤੇ ਜਿੱਤ ਹਾਸਲ ਕੀਤੀ ਹੈ।
ਕਾਂਗਰਸ ਨੇ ਸੂਬੇ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ ਜਦਕਿ ‘ਆਪ’ ਨੇ ਅਕਾਲੀ ਦਲ ਛੱਡ ਕੇ ਆਏ ਵਿਧਾਇਕ ਪਵਨ ਕੁਮਾਰ ਟੀਨੂੰ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਅਪਣੇ ਵਲ ਖਿੱਚਿਆ ਹੈ ਅਤੇ ਅਕਾਲੀ ਦਲ ਨੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ.ਪੀ. ’ਤੇ ਭਰੋਸਾ ਜਤਾਇਆ ਹੈ। ਭਾਜਪਾ ਦੇ ਰਿੰਕੂ ਨੇ ਤਾਂ ਸਾਲ ’ਚ ਦੋ ਵਾਰ ਪਾਰਟੀ ਬਦਲੀ ਹੈ।
ਦਲਿਤ ਰਾਜਨੀਤੀ ’ਚ, ਸੂਬੇ ਨੇ 2022 ’ਚ ਭਾਜਪਾ ਦੇ ਐਲਾਨ ਨਾਲ ਇਕ ਨਵੀਂ ਗੱਲ ਵੇਖੀ ਕਿ ਜੇ ਉਹ ਸੱਤਾ ’ਚ ਆਉਂਦੀ ਹੈ ਤਾਂ ਉਹ ਅਨੁਸੂਚਿਤ ਜਾਤੀ ਦਾ ਮੁੱਖ ਮੰਤਰੀ ਨਿਯੁਕਤ ਕਰੇਗੀ। ਸਮਾਜਕ ਨਿਆਂ ਅਤੇ ਮਜ਼ਬੂਤੀਕਰਨ ਮੰਤਰਾਲੇ ਦੀ 2018 ਦੀ ਇਕ ਰੀਪੋਰਟ ਕਹਿੰਦੀ ਹੈ ਕਿ ਪੰਜਾਬ ’ਚ ਦਲਿਤਾਂ ’ਚ 39 ਉਪ-ਜਾਤੀਆਂ ਹਨ। ਪੰਜ ਉਪ-ਜਾਤੀਆਂ ਦਲਿਤ ਆਬਾਦੀ ਦਾ 80 ਫ਼ੀ ਸਦੀ ਤੋਂ ਵੱਧ ਹਨ। ਮਜ਼ਹਬੀ ਸਿੱਖਾਂ ਦੀ ਹਿੱਸੇਦਾਰੀ ਸੱਭ ਤੋਂ ਵੱਧ 30 ਫ਼ੀ ਸਦੀ ਹੈ, ਇਸ ਤੋਂ ਬਾਅਦ ਰਵਿਦਾਸੀਆਂ (24 ਫ਼ੀ ਸਦੀ) ਅਤੇ ਅਦ-ਧਰਮੀ (11 ਫ਼ੀ ਸਦੀ) ਹਨ।
ਕਾਂਗਰਸੀ ਉਮੀਦਵਾਰ ਚੰਨੀ ਰਵਿਦਾਸੀਆ ਭਾਈਚਾਰੇ ਨਾਲ ਸਬੰਧ ਰਖਦੇ ਹਨ ਅਤੇ ਡੇਰਾ ਸੱਚਖੰਡ ਬੱਲਾਂ ਨਾਲ ਨੇੜਤਾ ਲਈ ਜਾਣੇ ਜਾਂਦੇ ਹਨ, ਜਿਸ ਦੀ ਦੋਆਬਾ ਖੇਤਰ ’ਚ ਮਜ਼ਬੂਤ ਮੌਜੂਦਗੀ ਹੈ, ਜੋ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰ ਦਾ ਖੇਤਰ ਹੈ ਜਿਸ ਨੂੰ ਅਕਸਰ ਦਲਿਤ ਰਾਜਨੀਤੀ ਦਾ ਕੇਂਦਰ ਕਿਹਾ ਜਾਂਦਾ ਹੈ।
ਦੋਆਬਾ ਖੇਤਰ ’ਚ ਚਾਰ ਜ਼ਿਲ੍ਹੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਸ਼ਾਮਲ ਹਨ ਜੋ ਦੋ ਲੋਕ ਸਭਾ ਹਲਕਿਆਂ ਜਲੰਧਰ ਅਤੇ ਹੁਸ਼ਿਆਰਪੁਰ ’ਚ ਆਉਂਦੇ ਹਨ। ਭਾਜਪਾ ਨੇ ਮੌਜੂਦਾ ਸੰਸਦ ਮੈਂਬਰ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ, ਜਦਕਿ ਅਕਾਲੀ ਦਲ ਨੇ ਸੋਹਣ ਸਿੰਘ ਠੰਡਲ ਅਤੇ ਬਸਪਾ ਨੇ ਰਣਜੀਤ ਕੁਮਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।
ਆਮ ਆਦਮੀ ਪਾਰਟੀ ਦੀ ਟਿਕਟ ’ਤੇ 2014 ਦੀਆਂ ਚੋਣਾਂ ਲੜਨ ਵਾਲੀ ਯਾਮਿਨੀ ਗੋਮਰ ਇਸ ਵਾਰੀ ਹੁਸ਼ਿਆਰਪੁਰ ਤੋਂ ਕਾਂਗਰਸ ਦੀ ਉਮੀਦਵਾਰ ਹੈ। ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ’ਚੋਂ 34 (ਇਕ ਤਿਹਾਈ) ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ।
ਹਾਲਾਂਕਿ ਸਿੱਖਾਂ ਅਤੇ ਹਿੰਦੂਆਂ ਦੋਹਾਂ ’ਚ ਦਲਿਤਾਂ ਨੂੰ ਕਾਂਗਰਸ ਦੇ ਰਵਾਇਤੀ ਸਮਰਥਕਾਂ ਵਜੋਂ ਵੇਖਿਆ ਜਾਂਦਾ ਹੈ, ਪਰ ਅਕਾਲੀ ਜੱਟ ਸਿੱਖਾਂ (ਆਬਾਦੀ ਦਾ 25 ਫ਼ੀ ਸਦੀ) ’ਤੇ ਨਿਰਭਰ ਕਰਦੇ ਹਨ, ਜਦਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਮੌਜੂਦਾ ‘ਆਪ’ ਸਰਕਾਰ ’ਚ ਪ੍ਰਮੁੱਖ ਦਲਿਤ ਨੇਤਾ ਹਰਪਾਲ ਸਿੰਘ ਚੀਮਾ ਹਨ।
1996 ਵਿਚ ਬਸਪਾ ਨੇ ਸੰਸਦੀ ਚੋਣਾਂ ਵਿਚ ਅਕਾਲੀ ਦਲ (ਬਾਦਲ) ਨਾਲ ਗੱਠਜੋੜ ਕੀਤਾ ਅਤੇ ਉਨ੍ਹਾਂ ਨੇ ਚਾਰ ਵਿਚੋਂ ਤਿੰਨ ਸੀਟਾਂ ਜਿੱਤੀਆਂ। ਪੰਜਾਬ ’ਚ ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖ਼ਰੀ ਪੜਾਅ ’ਚ 1 ਜੂਨ ਨੂੰ ਵੋਟਾਂ ਪੈਣਗੀਆਂ।