ਕੁਲ ਹਿੰਦ ਕਿਸਾਨ ਸਭਾ ਵਲੋਂ ਰੋਡ ਮਾਜਰੀ ਦੇ ਕਿਸਾਨਾਂ ਦੇ ਹੱਕ 'ਚ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਵਲੋਂ ਅੱਜ ਪਿੰਡ ਰੋਡ ਮਾਜਰੀ ਦੇ ਕਿਸਾਨਾਂ ਦੇ ਹੱਕ ਵਿਚ ਤਹਿਸੀਲ ਦਫ਼ਤਰ ਅੱਗੇ ਰੋਸ ਧਰਨਾ.....

Farmers Protesting

ਮਾਛੀਵਾੜਾ ਸਾਹਿਬ : ਕੁਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਵਲੋਂ ਅੱਜ ਪਿੰਡ ਰੋਡ ਮਾਜਰੀ ਦੇ ਕਿਸਾਨਾਂ ਦੇ ਹੱਕ ਵਿਚ ਤਹਿਸੀਲ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ।  ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਲਤਾਲਾ, ਨਿੱਕਾ ਸਿੰਘ ਖੇੜਾ ਤੇ ਕਾਮਰੇਡ ਭਜਨ ਸਿੰਘ ਨੇ ਕਿਹਾ ਕਿ ਰੋਡ ਮਾਜਰੀ ਦੇ ਇਨ੍ਹਾਂ ਗਰੀਬ ਕਿਸਾਨਾਂ ਨੇ ਸਤਲੁਜ ਦਰਿਆ ਵਿਚ ਪਈ ਬੇਅਬਾਦ ਜਮੀਨ ਨੂੰ ਬੜੀ ਮਿਹਨਤ ਨਾਲ ਅਬਾਦ ਕੀਤਾ ਅਤੇ ਪਿਛਲੇ 50 ਸਾਲਾਂ ਤੋਂ ਇਸ 'ਤੇ ਕਾਸ਼ਤ ਕਰ ਰਹੇ ਹਨ ਪਰ ਹੁਣ ਕੈਪਟਨ ਸਰਕਾਰ ਨੇ ਜੋ ਇਨ੍ਹਾਂ ਗਰੀਬਾਂ ਨੂੰ ਉਜਾੜ ਕੇ ਜਮੀਨ ਛੁਡਵਾਈ ਹੈ ਉਹ ਬਹੁਤ ਮੰਦਭਾਗਾ ਹੈ ਅਤੇ ਕਈ ਪਰਿਵਾਰਾਂ ਦੀ ਰੋਜ਼ੀ-ਰੋਟੀ 'ਤੇ ਲੱਤ ਮਾਰੀ ਹੈ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਤਾਂ ਹਰ ਘਰ ਵਿਚ ਨੌਕਰੀ ਦੇਣ ਦੇ ਦਾਅਵੇ ਕਰਦੀ ਹੈ ਪਰ ਉਲਟਾ ਰੋਡ ਮਾਜਰੀ ਦੇ ਕਈ ਕਿਸਾਨਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਕੁੱਲ ਹਿੰਦ ਕਿਸਾਨ ਸਭਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਉਜਾੜੇ ਗਏ ਕਿਸਾਨਾਂ ਨੂੰ ਜਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ ਅਤੇ ਜੇਕਰ ਉਨ੍ਹਾਂ ਦੀ ਇਹ ਮੰਗ ਨਾ ਮੰਨੀ ਗਈ ਤਾਂ ਕਿਸਾਨ ਸਭਾ ਦੇ ਪ੍ਰਧਾਨ ਅਸ਼ੋਕ ਧਾਵਲੇ ਜੋ 12 ਜੁਲਾਈ ਨੂੰ ਲੁਧਿਆਣਾ ਆ ਰਹੇ ਹਨ

ਉਨ੍ਹਾਂ ਨਾਲ ਮੀਟਿੰਗ ਕਰ ਰੋਡ ਮਾਜਰੀ ਦੇ ਕਿਸਾਨਾਂ ਦੇ ਹੱਕ ਵਿਚ ਵੱਡਾ ਸੰਘਰਸ਼ ਕਰਨ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਨਿਰਮਲ ਸਿੰਘ ਮੁਗਲੇਵਾਲ, ਮਸਤਾ ਸਿੰਘ, ਬਲਵਿੰਦਰ ਸਿੰਘ, ਬਲਵੰਤ ਸਿੰਘ, ਚਰਨਜੀਤ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਕੌਰ, ਕਸ਼ਮੀਰ ਕੌਰ, ਰਣਧੀਰ ਸਿੰਘ, ਜਰਨੈਲ ਸਿੰਘ, ਗੁਰਦੀਪ ਸਿੰਘ, ਭਜਨ ਸਿੰਘ, ਸ਼ਾਮ ਸਿੰਘ, ਹਰਪਾਲ ਸਿੰਘ, ਮਹਿੰਦਰ ਸਿੰਘ ਮੌਜੂਦ ਸਨ।