ਪੰਜਾਬ ਸਰਕਾਰ ਵਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਵਿਆਪਕ ਮੁਹਿੰਮ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਇਸ ਮੁਹਿੰਮ ਦਾ ਜਿੰਮਾ ਸੌਂਪਿਆ ਗਿਆ

Punjab Launches Intensive Drive to Curb Usage of Plastic Carry Bags across the State

ਚੰਡੀਗੜ੍ਹ: ਵਾਤਾਵਰਣ ਨੂੰ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਦੇ ਮੱਦੇਨਜ਼ਰ, ਸਥਾਨਕ ਸਰਕਾਰਾਂ ਵਿਭਾਗ ਨੇ ਇਸ ਦੇ ਨਿਰਮਾਣ, ਭੰਡਾਰਨ, ਵੰਡ, ਮੁੜ ਵਰਤੋਂ, ਵਿਕਰੀ ਅਤੇ ਇਸ ਦੀ ਵਰਤੋਂ ਵਿਰੁਧ ਇਕ ਵਿਆਪਕ ਮੁਹਿੰਮ ਚਲਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ, ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਇਹ ਸਮੱਸਿਆ ਵਾਤਾਵਰਣ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਇਹਨਾਂ ਪਲਾਸਟਿਕ ਦੇ ਲਿਫ਼ਾਫ਼ਿਆਂ ਕਾਰਨ ਸੀਵਰੇਜ਼ ਅਤੇ ਨਾਲਿਆਂ ਦੇ ਬਲਾਕ ਹੋਣ ਨਾਲ ਚਾਰੇ ਪਾਸੇਂ ਗੰਦਗੀ ਫੈਲਦੀ ਹੈ।

ਇਸ ਲਈ ਪੰਜਾਬ ਸਰਕਾਰ ਵਲੋਂ ਵਿਆਪਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿਚ ਛਾਪੇਮਾਰੀਆਂ ਦੇ ਨਾਲ ਉਤਪਾਦਕਾਂ, ਭੰਡਾਰ ਕਰਨ ਵਾਲਿਆਂ, ਡਿਸਟ੍ਰੀਬਿਊਟਰਜ਼, ਰੀਸਾਈਕਲਰਜ਼, ਵਿਕਰੇਤਾਵਾਂ ਅਤੇ ਪਲਾਸਟਿਕ ਦੇ ਖ਼ਪਤਕਾਰਾਂ ਨੂੰ ਜੁਰਮਾਨੇ ਲਗਾਉਣਾ ਸ਼ਾਮਿਲ ਹੈ। ਬ੍ਰਹਮ ਮਹਿੰਦਰਾ ਨੇ ਅੱਗੇ ਦੱਸਿਆ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਇਸ ਮੁਹਿੰਮ ਦਾ ਜਿੰਮਾ ਸੌਂਪਿਆ ਗਿਆ ਹੈ। ਇਸ ਮੁਹਿੰਮ ਅਧੀਨ ਥੋਕ ਵਪਾਰੀਆਂ, ਟ੍ਰਾਂਸਪੋਰਟਰਾਂ ਅਤੇ ਵੱਡੇ ਵਿਕਰੇਤਾਵਾਂ 'ਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ।

ਉਹਨਾਂ ਦੱਸਿਆ ਕਿ ਇਹਨਾਂ ਛਾਪੇਮਾਰੀਆਂ ਦੌਰਾਨ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲੇ ਵੱਡੇ ਖਪਤਕਾਰ ਜਿਵੇਂ ਮਿਠਾਈ ਤੇ ਫ਼ਲਾਂ ਦੀਆਂ ਦੁਕਾਨਾਂ ਅਤੇ ਮਾਲਾਂ ਆਦਿ ਨੂੰ ਨਿਸ਼ਾਨੇ 'ਤੇ ਰੱਖਿਆ ਜਾਵੇਗਾ ਅਤੇ ਜਬਤ ਕੀਤੀ ਗਈ ਸਮੱਗਰੀ ਨੂੰ ਨਸ਼ਟ ਕੀਤਾ ਜਾਵੇਗਾ। ਅਜਿਹੀ ਸਮੱਗਰੀ ਦਾ ਨਿਰਮਾਣ ਕਰਨ ਵਾਲੀਆਂ ਫੈਕਟਰੀਆਂ ਬੰਦ ਕੀਤੀਆਂ ਜਾਣਗੀਆਂ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਸਥਾਨਕ ਸਰਕਾਰਾਂ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਵਲੋਂ ਸਾਂਝੇ ਤੌਰ ’ਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ।

ਉਹਨਾਂ ਅੱਗੇ ਕਿਹਾ ਕਿ ਸਰਕਾਰ ਵਲੋਂ ਅਧਿਕਾਰੀਆਂ ਨੂੰ ਕੀਤੀਆਂ ਗਈਆਂ ਛਾਪੇਮਾਰੀਆਂ ਦੀ ਰਿਪੋਰਟ ਸਟੇਟ ਹੈੱਡ ਕੁਆਟਰਜ਼ ਨੂੰ ਭੇਜਣ ਅਤੇ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇਹਨਾਂ ਛਾਪੇਮਾਰੀਆਂ ਦੀ ਸਥਾਨਕ ਪੱਧਰ 'ਤੇ ਜਾਗਰੂਕਤਾ ਫੈਲਾਉਣ ਦੇ ਨਿਰਦੇਸ਼ ਦਿਤੇ ਗਏ ਹਨ। ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਹੇਠ ਨਾ ਆਉਣ ਦੇ ਨਿਰਦੇਸ਼ ਵੀ ਦਿਤੇ ਗਏ ਹਨ।

ਉਹਨਾਂ ਕਿਹਾ ਕਿ ਜੇ ਕੋਈ ਵਿਅਕਤੀ ਉਕਤ ਮੁਹਿੰਮ ਵਿਚ ਸ਼ਾਮਿਲ ਕਿਸੇ ਅਧਿਕਾਰੀ 'ਤੇ ਦਬਾਅ ਬਣਾਉਂਦਾ ਹੈ ਤਾਂ ਅਧਿਕਾਰੀ ਉਸ ਸਬੰਧਤ ਵਿਅਕਤੀ ਨੂੰ ਅਜੋਏ ਸ਼ਰਮਾ ਆਈ.ਏ.ਐਸ., ਮਿਸ਼ਨ ਡਾਇਰੈਕਟਰ, ਸਵੱਛ ਭਾਰਤ ਮਿਸ਼ਨ ਜਾਂ ਸ. ਕਾਹਨ ਸਿੰਘ ਪਨੂੰ, ਆਈ.ਏ.ਐਸ., ਮਿਸ਼ਨ ਡਾਇਰੈਕਟਰ, ਤੰਦਰੁਸਤ ਪੰਜਾਬ ਮਿਸ਼ਨ ਤੋਂ ਸਹਾਇਤਾ ਲੈ ਸਕਦੇ ਹਨ।