ਬੇਅਦਬੀ ਤਾਂ ਮੈਂ ਕੀਤੀ ਨਹੀਂ,ਪਰ ਹਾਂ ਜੇ ਗਲਤੀ ਹੋਈ ਤਾਂ ਉਸ ਦੀ ਮੈਂ ਮੁਆਫ਼ੀ ਮੰਗਦਾ ਹਾਂ

ਏਜੰਸੀ

ਖ਼ਬਰਾਂ, ਪੰਜਾਬ

ਪ੍ਰੀਤ ਹਰਪਾਲ ਵੱਲੋਂ ਇਸ ਮੁਆਫ਼ੀਨਾਮੇ 'ਚ ਆਪਣੇ ਵੱਲੋਂ ਗਾਏ ਇਕ ਗੀਤ 'ਚ...

Preet harpal reached sri akal takht sahib and apologized

ਅੰਮ੍ਰਿਤਸਰ: ਪ੍ਰਸਿੱਧ ਪੰਜਾਬੀ ਗਾਇਕ ਪ੍ਰੀਤ ਹਰਪਾਲ ਵੱਲੋਂ ਕੋਰੋਨਾ ਨੂੰ ਲੈ ਕੇ ਇਕ ਗੀਤ ਗਾਇਆ ਸੀ ਜਿਸ ਵਿਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਵੀ ਕੀਤਾ ਸੀ। ਹੁਣ ਪ੍ਰੀਤ ਹਰਪਾਲ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਜੀ ਸਹਾਇਕ ਜਸਪਾਲ ਸਿੰਘ ਨੂੰ ਮੁਆਫ਼ੀਨਾਮਾ ਸੌਂਪਿਆ ਹੈ।

ਹਰਪਾਲ ਪ੍ਰੀਤ ਵੱਲੋਂ ਇਸ ਮੁਆਫ਼ੀਨਾਮੇ 'ਚ ਆਪਣੇ ਵੱਲੋਂ ਗਾਏ ਇਕ ਗੀਤ 'ਚ ਇਤਰਾਜ਼ਯੋਗ ਸਤਰਾਂ ਬੋਲਣ ਕਰਕੇ ਜਾਣੇ-ਅਨਜਾਣੇ ਹੋਈਆਂ ਭੁੱਲਾਂ ਦੀ ਮੁਆਫ਼ੀ ਮੰਗੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੀਤ ਹਰਪਾਲ  ਨੇ ਕਿਹਾ ਕਿ ਉਹ ਬੀਤੇ ਦਿਨ ਆਪਣੇ ਪਰਿਵਾਰ ਨਾਲ ਮੋਹਾਲੀ ਜਾ ਰਹੇ ਸਨ ਅਤੇ ਰਸਤੇ 'ਚ ਇਕ ਜਗ੍ਹਾ ਰੁਕਣ 'ਤੇ 'ਕੋਰੋਨਾ' ਕਾਰਣ ਜੋ ਹਾਲਾਤ ਦੇਖੇ, ਉਸ 'ਤੇ ਗੀਤ ਗਾ ਕੇ ਟਿਕਟਾਕ 'ਤੇ ਪਾ ਦਿੱਤਾ।

ਉਨ੍ਹਾਂ ਇਹ ਸੋਚਿਆ ਕਿ ਸ਼ਾਇਦ ਉਨ੍ਹਾਂ ਕੋਲੋਂ ਕੋਈ ਵੱਡੀ ਭੁੱਲਣਾ ਹੋ ਗਈ ਹੈ, ਜੋ ਇਸ ਤਰ੍ਹਾਂ ਦੇ ਦਿਨ ਦੇਖਣੇ ਪਏ ਹਨ ਪਰ ਉਨ੍ਹਾਂ ਦਾ ਟੀਚਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਬਿਲਕੁਲ ਵੀ ਨਹੀਂ ਸੀ। ਕੁਝ ਦੇਰ ਬਾਅਦ ਜਦ ਉਨ੍ਹਾਂ ਨੇ ਮੋਬਾਈਲ ਦੇਖਿਆ ਤਾਂ ਕੁਝ ਲੋਕਾਂ ਵੱਲੋਂ ਇਸ 'ਤੇ ਇਤਰਾਜ਼ ਕਰਕੇ ਗੀਤ ਬਾਰੇ ਗਲਤ ਕੁਮੈਂਟ ਕੀਤੇ ਗਏ ਸਨ।

 ਉਨ੍ਹਾਂ ਆਪਣੀ ਭੁੱਲ ਨੂੰ ਮਹਿਸੂਸ ਕਰਦਿਆਂ ਉਸੇ ਵੇਲੇ ਹੀ ਲਾਈਵ ਹੋ ਕੇ ਸਾਰੀ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗੀ ਜਿਸ ਦਾ ਮੁਆਫ਼ੀਨਾਮਾ ਅਤੇ ਸਪੱਸ਼ਟੀਕਰਨ ਲੈ ਕੇ ਅੱਜ ਪ੍ਰੀਤ ਹਰਪਾਲ ਸ੍ਰੀ ਅਕਾਲ ਤਖ਼ਤ ਸਾਹਿਬ ਹਾਜ਼ਰ ਹੋਏ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਸਿੱਖੀ ਪਰੰਪਰਾਵਾਂ ਅਤੇ ਸਿੱਖੀ ਸਿਧਾਂਤਾਂ 'ਤੇ ਅਥਾਹ ਸ਼ਰਧਾ ਰੱਖਦੇ ਹਨ ਤੇ ਸਤਿਕਾਰ ਵੀ ਕਰਦੇ ਹਨ।

ਪ੍ਰੀਤ ਹਰਪਾਲ ਨੇ ਕਿਹਾ ਕਿ ਉਹ ਖੁਦ ਇਕ ਸਿੱਖ ਪਰਿਵਾਰ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੇ ਦੋਵੇਂ ਬੇਟੇ ਵੀ ਕੇਸਧਾਰੀ ਹਨ। ਉਹ ਹਰ ਰੋਜ਼ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ ਅਤੇ ਸ਼ਾਮ ਨੂੰ ਰਹਰਾਸਿ ਸਾਹਿਬ ਦਾ ਪਾਠ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਸਿੱਖ ਧਰਮ ਅਤੇ ਹੋਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਜਾਣੇ-ਅਨਜਾਣੇ 'ਚ ਉਨ੍ਹਾਂ ਕੋਲੋਂ ਜੋ ਵੀ ਭੁੱਲਾਂ ਹੋਈਆਂ ਹਨ, ਉਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੀਸ ਝੁਕਾਉਂਦੇ ਹਨ।

ਇਸ ਲਈ ਉਨ੍ਹਾਂ ਨੂੰ ਜੋ ਵੀ ਸਜ਼ਾ ਲਾਈ ਜਾਵੇਗੀ, ਸਿਰ ਮੱਥੇ ਪ੍ਰਵਾਨ ਕੀਤੀ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਦੇ ਨਿਜੀ ਸਹਾਇਕ ਜਸਪਾਲ ਸਿੰਘ ਨੇ ਕਿਹਾ ਕਿ ਪ੍ਰੀਤ ਹਰਪਾਲ ਵੱਲੋਂ ਕੋਰੋਨਾ ਵਾਇਰਸ 'ਤੇ ਗਾਏ ਗੀਤ ਲਈ ਗੁਰੂ ਸਾਹਿਬ ਬਾਰੇ ਜੋ ਗਲਤ ਸ਼ਬਦਾਵਲੀ ਵਰਤੀ ਗਈ ਸੀ, ਉਸ ਦਾ ਮੁਆਫ਼ੀਨਾਮਾ ਲੈ ਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਏ ਸਨ। ਇਹ ਮੁਆਫ਼ੀਨਾਮਾ ਸਿੰਘ ਸਾਹਿਬ ਦੀ ਸੇਵਾ 'ਚ ਸੌਂਪ ਦਿੱਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।