ਬਰਗਾੜੀ ਬੇਅਦਬੀ ਮਾਮਲੇ 'ਚ ਕਦੋਂ ਮਿਲੇਗਾ ਇਨਸਾਫ਼? ਮੰਤਰੀ ਸੁਖਜਿੰਦਰ ਰੰਧਾਵਾ ਨੂੰ ਤਿੱਖੇ ਸਵਾਲ
ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਕਰੇ ਸੀਬੀਆਈ ਨਾ ਕਰੇ...
ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਨੂੰ 5 ਸਾਲ ਪੂਰੇ ਹੋਣ ਜਾ ਰਹੇ ਹਨ ਪਰ ਅਜੇ ਤਕ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ। ਇਸ ਮੁੱਦੇ ਤੇ ਰੋਜ਼ਾਨਾ ਸਪੋਕਸਮੈਨ ਦੇ ਡੀਐਮ ਨਿਮਰਤ ਕੌਰ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ।
ਸੁਖਜਿੰਦਰ ਸਿੰਘ ਰੰਧਾਵਾ ਨੇ ਗੱਲਬਾਤ ਸ਼ੁਰੂ ਕਰਦਿਆਂ ਕਿਹਾ, “ਕਿ ਜਿਸ ਸਮੇਂ ਬਰਗਾੜੀ ਦਾ ਮੋਰਚਾ ਲੱਗਿਆ ਸੀ ਤਾਂ ਉਸ ਸਮੇਂ ਉਹ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉੱਥੇ ਪਹੁੰਚੇ ਤੇ ਉਹਨਾਂ ਨਾਲ ਵਾਅਦਾ ਕਰ ਕੇ ਮੋਰਚਾ ਚੁਕਾਇਆ। ਉਹਨਾਂ ਨੇ ਦੋ-ਤਿੰਨ ਮੰਗਾਂ ਰੱਖੀਆਂ ਸਨ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਕੀਤੀ ਜਾਵੇ।
ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਕਰੇ ਸੀਬੀਆਈ ਨਾ ਕਰੇ ਕਿਉਂ ਕਿ ਉਹਨਾਂ ਨੇ ਕੋਈ ਵੀ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ।” ਰੰਧਾਵਾ ਨੇ ਅੱਗੇ ਦਸਿਆ ਕਿ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਕੀਤੀ ਸੀ। ਇਸ ਰਿਪੋਰਟ ਨੂੰ ਚੈਲੰਜ ਕੀਤਾ ਗਿਆ ਤੇ ਇਹ ਕੇਸ ਹਾਈਕੋਰਟ, ਸੁਪਰੀਮ ਕੋਰਟ ਤਕ ਗਿਆ ਤੇ ਜਿੱਤ ਵੀ ਲਿਆ ਗਿਆ। ਫਿਰ ਉਹਨਾਂ ਨੇ ਜਾਂਚ ਸ਼ੁਰੂ ਕੀਤੀ।
ਇਸ ਦੀ ਰਿਪੋਰਟ ਤਿਆਰ ਕਰ ਕੇ ਇਸ ਨੂੰ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ ਪਰ ਪੰਥਕ ਪਾਰਟੀ ਦੇ ਪ੍ਰਧਾਨ, ਐਮਐਲਏ ਤੇ ਹੋਰ ਕਈ ਆਗੂਆਂ ਨੇ ਇਹ ਰਿਪੋਰਟ ਵਿਧਾਨ ਸਭਾ ਵਿਚ ਹੀ ਪੈਰਾਂ ਵਿਚ ਰੋਲ ਦਿੱਤੀ। ਉਹਨਾਂ ਅੱਗੇ ਦਸਿਆ ਕਿ, “ਜਦੋਂ ਖਟੜਾ ਕਮੇਟੀ ਵੱਲੋਂ ਬਰਗਾੜੀ ਦਾ ਚਲਾਨ ਪੇਸ਼ ਕੀਤਾ ਗਿਆ ਤਾਂ ਉਸ ਸਮੇਂ ਅਕਾਲੀ ਦਲ ਨੇ ਇਸ ਨੂੰ ਲੈ ਕੇ ਬਹੁਤ ਰੌਲਾ ਪਾਇਆ ਤੇ ਕਾਂਗਰਸ ਤੇ ਵੀ ਕਈ ਇਲਜ਼ਾਮ ਲਗਾਏ ਸਨ।”
ਗੱਲਬਾਤ ਨੂੰ ਅੱਗੇ ਵਧਾਉਂਦਿਆਂ ਉਹਨਾਂ ਦਸਿਆ ਕਿ ਅਕਾਲੀ ਦਲ ਐਸਆਈਟੀ ਨੂੰ ਲੈ ਕੇ ਵੀ ਕਈ ਸਵਾਲ ਚੁੱਕ ਰਹੇ ਹਨ। ਉਹਨਾਂ ਜ਼ੋਰ ਡੇਰਾ ਪ੍ਰੇਮੀ ਨਹੀਂ ਲਗਾ ਰਹੇ ਜਿੰਨਾ ਅਕਾਲੀ ਦਲ ਲਗਾ ਰਹੇ ਹਨ। ਪਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸੱਚਾਈ ਪੂਰੀ ਦੁਨੀਆ ਸਾਹਮਣੇ ਰੱਖ ਦਿੱਤੀ ਹੈ ਤੇ ਬਹੁਤ ਜਲਦ ਦੋਸ਼ੀਆਂ ਨੂੰ ਸਜ਼ਾਵਾਂ ਦੁਵਾਉਣ ਦੀ ਪਹੁੰਚ ਕੀਤੀ ਜਾਵੇਗੀ।
ਡੇਰਾ ਸਮਰਥਕ ਵੀਰਪਾਲ ਕੌਰ ਨੇ ਪੁਸ਼ਾਕ ਨੂੰ ਲੈ ਕੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਤੇ ਕਈ ਇਲਜ਼ਾਮ ਲਗਾਏ ਸਨ ਪਰ ਬਾਅਦ ਸ਼ਸ਼ੀਕਾਂਤ ਨੇ ਬਿਆਨ ਦਿੱਤਾ ਸੀ ਕਿ ਉਹਨਾਂ ਵੱਲੋਂ ਅਜਿਹਾ ਕੁੱਝ ਨਹੀਂ ਕਿਹਾ ਗਿਆ। ਇਸ ਨੂੰ ਲੈ ਕੇ ਸੀਐਮ ਨਾਲ ਗੱਲਬਾਤ ਕੀਤੀ ਗਈ ਹੈ ਕਿ ਉਸ ਸਮੇਂ ਦੀਆਂ ਰਿਪੋਰਟਾਂ ਕੱਢੀਆਂ ਜਾਣ ਤੇ ਨਾਲ ਹੀ ਸ਼ਸ਼ੀਕਾਂਤ ਨੂੰ ਬੁਲਾ ਕੇ ਪੁੱਛਿਆ ਜਾਵੇ ਕਿ ਉਹਨਾਂ ਨੇ ਆਪ ਜਿਹੜੇ ਬਿਆਨ ਦਿੱਤੇ ਸਨ ਉਹਨਾਂ ਦੀਆਂ ਰਿਪੋਰਟਾਂ ਕਿੱਥੇ ਹਨ?
ਉਹਨਾਂ ਨੇ ਅੱਗੇ ਕਿਹਾ ਕਿ, “ਐਸਜੀਪੀਸੀ ਨੇ ਕੈਪਟਨ ਸਰਕਾਰ ਅੱਗੇ ਮੰਗ ਰੱਖੀ ਸੀ ਉਹ ਕੜਾਹ ਪ੍ਰਸ਼ਾਦ ਲਈ ਦੇਸੀ ਘਿਓ ਸੂਬੇ ਨੂੰ ਛੱਡ ਕੇ ਮਹਾਰਾਸ਼ਟਰ ਦੀ ਨਿਜੀ ਕੰਪਨੀ ਤੋਂ ਮੰਗਵਾਉਣਗੇ। ਇਹ ਮੰਗ ਸੁਣ ਕੇ ਉਹਨਾਂ ਨੂੰ ਦੁੱਖ ਵੀ ਲੱਗਿਆ ਕਿਉਂ ਕਿ ਗੁਰੂ ਸਾਹਿਬ ਦੀ ਆਸਥਾ ਨਾਲ ਹੀ ਖਿਲਵਾੜ ਹੋ ਰਿਹਾ ਹੈ।” “ਬਾਕੀ ਲੀਡਰਾਂ ਨੇ ਵੋਟਾਂ ਲੈਣ ਲਈ ਲੋਕਾਂ ਸਾਹਮਣੇ ਹੱਥ ਜੋੜਨੇ ਹੁੰਦੇ ਹਨ ਪਰ ਐਸਜੀਪੀਸੀ ਨੇ ਸਿਰਫ ਅਪਣੇ ਗੁਰੂ ਅੱਗੇ ਹੀ ਹੱਥ ਫੈਲਾਉਣੇ ਹੁੰਦੇ ਹਨ ਪਰ ਫਿਰ ਵੀ ਉਹ ਸਿਆਸਤ ਵਿਚ ਅਪਣਾ ਹਿੱਸਾ ਰੱਖਦੀ ਹੈ।”
ਰੰਧਾਵਾ ਨੇ ਅੱਗੇ ਕਿਹਾ ਕਿ, “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਅਜਿਹਾ ਸਿਸਟਮ ਬਣਨਾ ਚਾਹੀਦਾ ਹੈ ਕਿ ਕੋਈ ਵੀ ਰਾਜਨੀਤਿਕ ਪਾਰਟੀ, ਕੋਈ ਰਾਜਨੀਤਿਕ ਆਗੂ ਕਿਸੇ ਵੀ ਪਾਰਟੀ ਦੀਆਂ ਚੋਣਾਂ ਨਹੀਂ ਲੜਨਗੇ। ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਤੋਂ ਬਾਅਦ ਕਿਸੇ ਪਾਰਟੀ ਨਾਲ ਕੋਈ ਲੈਣ-ਦੇਣ ਨਹੀਂ ਰਹੇਗਾ। ਜੇ ਅਜਿਹਾ ਹੁੰਦਾ ਹੈ ਤਾਂ ਕਦੇ ਵੀ ਪੰਜਾਬ ਵਿਚ ਮਾੜੇ ਕੰਮ ਨਹੀਂ ਹੋਣਗੇ।”
ਉੱਥੇ ਹੀ ਉਹਨਾਂ ਨੇ ਨਸ਼ਿਆਂ ਨੂੰ ਲੈ ਕੇ ਕਿਹਾ ਕਿ ਅੱਜ ਜੇਲ੍ਹਾਂ ਵਿਚ ਜ਼ਿਆਦਾਤਰ ਕੈਦੀ ਨਸ਼ਿਆਂ ਦੇ ਕੇਸ ਵਿਚ ਸ਼ਾਮਲ ਹਨ ਕੋਈ ਵੇਚਦਾ ਸੀ ਕੋਈ ਖਾਂਦਾ ਸੀ। ਇਸ ਵਿਚ ਔਰਤਾਂ ਦੀ ਗਿਣਤੀ ਵੀ ਕਿਤੇ ਜ਼ਿਆਦਾ ਹੈ। ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਉਹਨਾਂ ਕਿਹਾ ਕਿ ਉਹ ਇਸ ਕੇਸ ਦੀ ਤਹਿ ਤਕ ਜਾਣਗੇ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।