ਪੰਜਾਬ ਦੇ ਪਾਣੀਆਂ ਬਾਰੇ ਤੁਰੰਤ ਸਰਬ ਪਾਰਟੀ ਬੈਠਕ ਬੁਲਾਉਣ ਕੈਪਟਨ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਜਿਹੇ ਅਹਿਮ ਮਸਲੇ 'ਤੇ ਸਰਬ ਪਾਰਟੀ ਮੀਟਿੰਗ ਦਾ ਐਲਾਨ ਕਰ ਕੇ ਭੁੱਲੇ ਮੁੱਖ ਮੰਤਰੀ

Punjab waters: Captain should immediately convene all-party meeting for a wider perspective: Bhagwant Mann

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਵਾਦਿਤ ਸਤਲੁਜ-ਜਮਨਾ ਲਿੰਕ (ਐਸ.ਵਾਈ.ਐਲ) ਮੁੱਦੇ 'ਤੇ ਸੁਪਰੀਮ ਕੋਰਟ ਵਲੋਂ ਪੰਜਾਬ ਅਤੇ ਹਰਿਆਣਾ ਨੂੰ ਆਪਸੀ ਰਜ਼ਾਮੰਦੀ ਬਣਾਉਣ ਲਈ 3 ਸਤੰਬਰ 2019 ਦੀ ਤਰੀਕ ਨਿਰਧਾਰਿਤ ਕੀਤੇ ਜਾਣ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਤੁਰੰਤ ਸਰਬਦਲੀਆ ਬੈਠਕ ਬੁਲਾਉਣ ਦੀ ਮੰਗ ਕੀਤੀ ਹੈ।

ਪਾਰਟੀ ਹੈੱਡਕੁਆਟਰ ਵਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਅਤੇ ਪੰਜਾਬ ਦੇ ਪਾਣੀਆਂ ਬਾਰੇ ਰੱਤੀ ਭਰ ਵੀ ਸੰਜੀਦਾ ਹਨ ਤਾਂ ਉਹ ਪੰਜਾਬ ਦੀ ਹੋਂਦ ਨਾਲ ਜੁੜੇ ਪਾਣੀਆਂ ਦੇ ਅਤੀ ਅਹਿਮ ਮੁੱਦੇ 'ਤੇ ਸਾਰੀਆਂ ਸਿਆਸੀ ਪਾਰਟੀਆਂ 'ਤੇ ਆਧਾਰਿਤ ਸਰਬਦਲੀ ਬੈਠਕ ਬੁਲਾਉਣ, ਜਿਸ 'ਚ ਪ੍ਰੀਤਮ ਸਿੰਘ ਕੁੰਮੇਦਾਨ ਸਮੇਤ ਪਾਣੀਆਂ ਦੇ ਪ੍ਰਮੁੱਖ ਮਾਹਿਰ, ਪੰਜਾਬ ਦੇ ਸ਼ੁਭਚਿੰਤਕ ਕਾਨੂੰਨਦਾਨ, ਇਸ ਵਿਸ਼ੇ 'ਤੇ ਕੰਮ ਕਰ ਰਹੇ ਸਮਾਜਿਕ ਅਤੇ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸੱਦਿਆ ਜਾਵੇ, ਤਾਂਕਿ ਆਪਣੇ ਨਿੱਜੀ ਜਾਂ ਸਿਆਸੀ ਮੁਫਾਦਾਂ ਤੋਂ ਉੱਤੇ ਉੱਠ ਕੇ ਸਿਰਫ਼ ਤੇ ਸਿਰਫ਼ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਬਾਰੇ ਸਰਬ-ਸਾਂਝਾ ਅਹਿਦ ਲਿਆ ਜਾਵੇ।

ਪੰਜਾਬ ਸਰਕਾਰ 3 ਸਤੰਬਰ ਨੂੰ ਹੋਣ ਵਾਲੀ ਬੈਠਕ ਦੌਰਾਨ ਇਸ ਸਰਬ-ਸਾਂਝੇ ਅਹਿਦ ਨੂੰ ਜ਼ੋਰਦਾਰ ਤਰੀਕੇ ਨਾਲ ਰੱਖੇ ਤਾਂ ਕਿ ਅੰਤਰਰਾਸ਼ਟਰੀ ਰਿਪੇਰੀਅਨ ਕਾਨੂੰਨ ਮੁਤਾਬਿਕ ਪੰਜਾਬ ਦੇ ਦਰਿਆਈ ਪਾਣੀਆਂ 'ਤੇ ਆਪਣੇ ਹੱਕ-ਹਕੂਕ ਬਹਾਲ ਕਰਵਾ ਸਕੇ। ਸਮੇਂ ਸਮੇਂ ਦੀਆਂ ਕੇਂਦਰ ਸਰਕਾਰਾਂ ਵੱਲੋਂ ਕਾਣੀ ਵੰਡ ਨਾਲ ਲੁੱਟੇ ਗਏ ਪੰਜਾਬ ਦੇ ਪਾਣੀਆਂ ਨੂੰ ਵਾਪਸ ਲੈ ਕੇ ਮਾਰੂਥਲ ਬਣਦੇ ਜਾ ਰਹੇ ਪੰਜਾਬ ਨੂੰ ਬਚਾਇਆ ਜਾ ਸਕੇ। ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਇਸ ਮਾਮਲੇ 'ਤੇ ਜਿੰਨੀ ਗੰਭੀਰਤਾ ਦਿਖਾਉਣਗੇ ਆਮ ਆਦਮੀ ਪਾਰਟੀ ਅਤੇ ਸਮੁੱਚਾ ਪੰਜਾਬ ਉਸ ਤੋਂ ਜ਼ਿਆਦਾ ਗੰਭੀਰਤਾ ਅਤੇ ਦ੍ਰਿੜ੍ਹਤਾ ਨਾਲ ਪੰਜਾਬ ਦੇ ਪਾਣੀਆਂ 'ਤੇ ਪਹਿਰਾ ਦੇਣਗੇ।

ਭਗਵੰਤ ਮਾਨ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਇੰਨੇ ਗੰਭੀਰ ਅਤੇ ਸੰਵੇਦਨਸ਼ੀਲ ਮੁੱਦੇ 'ਤੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ 2 ਵਾਰ ਆਲ ਪਾਰਟੀ ਮੀਟਿੰਗ ਦਾ ਐਲਾਨ ਕਰਕੇ ਭੁੱਲ ਗਏ ਹਨ। ਸੂਬੇ ਦੇ ਮੁੱਖ ਮੰਤਰੀ ਨੂੰ ਅਜਿਹੀ ਗੈਰ ਗੰਭੀਰ ਪਹੁੰਚ ਸੋਭਾ ਨਹੀਂ ਦਿੰਦੀ। ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ 28 ਮਈ 2019 ਨੂੰ ਉਨ੍ਹਾਂ (ਮਾਨ) ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮਹਿੰਗੀ ਬਿਜਲੀ ਅਤੇ ਹੋਰ ਭਖਵੇਂ ਮੁੱਦਿਆਂ 'ਤੇ ਮਿਲਣ ਦਾ ਸਮਾਂ ਮੰਗਿਆ ਸੀ, ਜੋ ਅੱਜ ਤੱਕ ਨਹੀਂ ਮਿਲਿਆ। ਭਗਵੰਤ ਮਾਨ ਨੇ ਮੁੱਖ ਮੰਤਰੀ 'ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਉਹ ਨਾ ਆਪਣੀ ਪਾਰਟੀ ਦੇ ਵਿਧਾਇਕਾਂ, ਸੰਸਦ ਮੈਂਬਰਾਂ, ਲੀਡਰਾਂ ਅਤੇ ਮੰਤਰੀਆਂ ਨੂੰ ਮਿਲਦੇ ਹਨ ਅਤੇ ਨਾ ਦੂਸਰੀਆਂ ਪਾਰਟੀਆਂ ਦੇ ਆਗੂਆਂ ਅਤੇ ਲੋਕਾਂ ਨੂੰ ਸਮਾਂ ਦਿੰਦੇ ਹਨ ਤਾਂ ਕੀ ਦੱਸ ਸਕਦੇ ਹਨ ਕਿ ਉਹ ਕਿਸ ਨੂੰ ਮਿਲਦੇ ਹਨ?