ਗੁਲਮੋਹਰ ਤੇ ਅਮਲਤਾਸ ਦੇ ਫੁੱਲਾਂ ਨਾਲ ਲੱਦੇ ਰੁੱਖਾਂ ਨਾਲ ਮਹਿਕੇਗੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ਅਤੇ ਆਲੇ ਦੁਆਲੇ ਫੁੱਲਾਂ ਦੇ ਰੁੱਖ ਲਗਾਉਣ ਦੀ ਵਿਸ਼ਾਲ ਮੁਹਿੰਮ ਸ਼ੁਰੂ

Massive drive for plantation of flower trees and flowers at Sultanpur Lodhi

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਮਾਗਮਾਂ ਦੀ ਲੜੀ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਨੇ ਹੁਣ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਲੇ ਦੁਆਲੇ ਫੁੱਲਾਂ ਦੇ ਰੁੱਖ ਅਤੇ ਫੁੱਲ ਲਗਾਉਣ ਦੀ ਵਿਸ਼ਾਲ ਮੁਹਿੰਮ ਚਲਾਈ ਹੈ। ਨਵੰਬਰ ਮਹੀਨੇ ਪਹਿਲੀ ਪਾਤਸ਼ਾਹੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਵੱਡੇ ਸਮਾਗਮ ਵਿੱਚ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਫੁੱਲਾਂ ਨਾਲ ਲੱਦਿਆ ਇਹ ਇਤਿਹਾਸਕ ਨਗਰ ਸੁੰਦਰ ਨਜ਼ਾਰਾ ਪੇਸ਼ ਕਰੇਗਾ।

ਪੰਜਾਬ ਸਰਕਾਰ ਦੇ ਬੁਲਾਰੇ ਵਲੋਂ ਅੱਜ ਇਥੇ ਦਿੱਤੀ ਜਾਣਕਾਰੀ ਅਨੁਸਾਰ ਇਹ ਪ੍ਰਾਜੈਕਟ ਬਾਗਬਾਨੀ ਵਿਭਾਗ ਨੂੰ ਸੌਂਪਿਆ ਗਿਆ ਹੈ ਅਤੇ ਇਸ ਵਿਭਾਗ ਦੇ ਡਾਇਰੈਕਟਰ ਨੂੰ ਸਮੁੱਚੀ ਪੌਦੇ ਲਗਾਉਣ ਦੀ ਮੁਹਿੰਮ ਦੀ ਨਿਗਰਾਨੀ ਕਰਨ ਲਈ ਨੋਡਲ ਅਧਿਕਾਰੀ ਵਜੋਂ ਨਿਯੁਕਤ ਕੀਤਾ ਹੈ। ਗੁਲਮੋਹਰ ਅਤੇ ਅਮਲਤਾਸ ਦੇ 550 ਰੁੱਖ ਲਗਾਉਣ ਦੇ ਇਸ ਮਹੱਤਵਪੂਰਨ ਪ੍ਰਾਜੈਕਟ ਤਹਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਪਵਿੱਤਰ ਵੇਈਂ ਨਦੀ ਦੇ ਕਿਨਾਰੇ ਲਗਭਗ 300 ਪੌਦੇ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ ਅਤੇ ਪਵਿੱਤਰ ਸ਼ਹਿਰ ਤੇ 'ਪਿੰਡੇ ਬਾਬੇ ਨਾਨਕ ਦਾ' ਨੂੰ ਜਾਣ ਵਾਲੀਆਂ ਸੜਕਾਂ ਦੇ ਦੋਵਾਂ ਪਾਸਿਆਂ 'ਤੇ ਫੁੱਲਾਂ ਦੀਆਂ ਕਿਆਰਿਆਂ ਬਣਾਈਆਂ ਜਾਣਗੀਆਂ।

ਕਪੂਰਥਲਾ ਦੇ ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ ਨੇ ਦਸਿਆ ਕਿ 1100 ਮਨਰੇਗਾ ਮਜ਼ਦੂਰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਹਮਣੇ ਪਵਿੱਤਰ ਵੇਈਂ ਨਦੀ ਦੇ ਕਿਨਾਰੇ ਚਾਰ ਲੱਖ ਫੁੱਲਦਾਰ ਪੌਦੇ ਲਗਾਏ ਜਾਣ ਮੌਕੇ ਸ਼ਾਮਲ ਹੋਏ। ਇਸ ਤੋਂ ਇਲਾਵਾ ਚਾਰ ਏਕੜ ਵਿੱਚ ਪਿੰਡ ਬੱਸੋਵਾਲ ਦੇ ਬਾਹਰੀ ਹਿੱਸੇ ਵਿਚ ਬਣਾਏ ਜਾ ਰਹੇ ਵੀ.ਵੀ.ਆਈ.ਪੀ. ਹੈਲੀਪੈਡ ਦੇ ਆਲੇ-ਦੁਆਲੇ ਸੇਲੋਸ਼ੀਆ, ਕ੍ਰਿਸਟਾਟਾ, ਫਰੈਂਚ ਮੈਰੀਗੋਲਡ ਲੈਮਨ, ਫਰੈਂਚ ਮੈਰੀਗੋਲਡ ਓਰੇਂਜ, ਸੇਲੋਸੀਆ ਪਲੂਮੋਸਾ, ਗੋਮਫ੍ਰੇਨਾ ਪਰਪਲ ਅਤੇ ਕੌਸਮਸ ਬਿਪਿਨੇਟਸ ਵਰਗੀਆਂ ਵਿਭਿੰਨ ਕਿਸਮਾਂ ਦੇ ਫੁੱਲ ਲਗਾਏ ਜਾਣਗੇ। ਇਸ ਪਵਿੱਤਰ ਮੌਕੇ ਦੀ ਯਾਦ ਵਿਚ ਉੱਚੇ ਮਿੱਟੀ ਦੇ ਪਲੇਟਫਾਰਮ 'ਤੇ ਮੈਰੀਗੋਲਡ ਫੁੱਲਾਂ ਨਾਲ 550 ਲਿਖਣ ਦਾ ਵੀ ਫੈਸਲਾ ਲਿਆ ਗਿਆ ਹੈ।

ਇਸ ਅਹਿਮ ਕੰਮ ਨੂੰ ਨੇਪਰੇ ਚਾੜ੍ਹਨ ਲਈ ਇਕ ਉੱਘੇ ਫੁੱਲ ਵਿਗਿਆਨੀ ਅਵਤਾਰ ਸਿੰਘ ਢੀਂਡਸਾ ਅਤੇ ਐਡਵੋਕੇਟ ਹਰਪ੍ਰੀਤ ਸੰਧੂ ਨਾਲ ਮਿਲ ਕੇ ਬਾਗਬਾਨੀ, ਲੋਕ ਨਿਰਮਾਣ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਯੋਜਨਾ ਨੂੰ ਮੁਕੰਮਲ ਕਰਨ ਦਾ ਸੰਕਲਪ ਲਿਆ ਹੈ। ਇਹ ਫੁੱਲ ਅਕਤੂਬਰ ਦੇ ਅਖੀਰਲੇ ਹਫ਼ਤੇ ਵਿਚ ਖਿੜ੍ਹਣਗੇ ਅਤੇ ਜਨਵਰੀ ਤੱਕ ਖਿੜ੍ਹੇ ਰਹਿਣਗੇ। ਫੁੱਲਾਂ ਦੀਆਂ ਇਨ੍ਹਾਂ ਵੱਖ-ਵੱਖ ਕਿਸਮਾਂ ਦੀ ਪਨੀਰੀ ਲਈ ਸੁਲਤਾਨਪੁਰ ਲੋਧੀ ਵਿੱਚ ਡੇਢ ਤੋਂ ਦੋ ਏਕੜ ਰਕਬੇ ਵਿੱਚ ਨਰਸਰੀ ਬਣਾਈ ਗਈ ਹੈ।

ਇਹ ਗੱਲ ਜ਼ੇਰੇ ਗੌਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੂਬੇ ਦੇ ਹਰ ਪਿੰਡ ਵਿੱਚ 550 ਬੂਟੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਵਿੱਢੀ ਜਾ ਰਹੀ ਹੈ। ਇਹ ਕੰਮ ਜੰਗਲਾਤ ਵਿਭਾਗ ਨੂੰ ਤੈਅ ਸਮੇਂ ਅੰਦਰ ਮੁਕੰਮਲ ਕਰਨ ਲਈ ਸੌਂਪਿਆ ਗਿਆ।