ਜਲੰਧਰ ’ਚ ਬਾਇਓਮੈਟ੍ਰਿਕ ਨਾਲ ਹੋ ਰਹੀ ਹੈ ਰਾਸ਼ਨ ਦੀ ਵੰਡ
ਕੋਰੋਨਾ ਨੂੰ ਲੈ ਕੇ ਡਿਪੋ ਹੋਲਡਰ ਅਤੇ ਲਾਭ ਪਾਤਰੀਆਂ ਵਿਚ ਡਰ
ਜਲੰਧਰ: ਕੋਰੋਨਾ ਕਾਲ ਵਿਚ ਪੰਜਾਬ ਸਰਕਾਰ ਦਾ ਬਾਇਓਮੈਟ੍ਰਿਕ ਮਸ਼ੀਨ ਨਾਲ ਆਟਾ-ਦਾਲ ਸਕੀਮ ਤਹਿਤ ਰਾਸ਼ਨ ਵੰਡਣ ਦਾ ਫ਼ੈਸਲਾ ਵਾਪਸ ਨਹੀਂ ਹੋਇਆ। ਇਸ ਕਾਰਨ ਰਾਸ਼ਨ ਡਿਪੋ ਹੋਲਡਰ ਅਤੇ ਲਾਭ-ਪਾਤਰੀਆਂ ਦੋਵਾਂ ਵਿਚ ਕੋਰੋਨਾ ਵਾਇਰਸ ਫੈਲਣ ਦਾ ਡਰ ਹੈ। ਸਰਕਾਰ ਵੱਲੋਂ ਡਿਪੋ ਹੋਲਡਰਾਂ ਨੂੰ ਪੀਪੀਈ ਕਿਟ, ਸੈਨੇਟਾਈਜ਼ਰ ਅਤੇ ਮਾਸਕ ਨਾ ਦਿੱਤੇ ਜਾਣ ਤੇ ਵੀ ਰੋਸ ਬਰਕਰਾਰ ਹੈ।
ਫਲਸਰੂਪ ਕੋਰੋਨਾ ਵਾਇਰਸ ਮਹਾਂਮਾਰੀ ਦੇ ਡਰ ਦੇ ਚਲਦੇ ਸਰਕਾਰੀ ਸਕੀਮ ਦਾ ਲਾਭ ਲੋਕਾਂ ਤਕ ਨਹੀਂ ਪਹੁੰਚ ਪਾ ਰਿਹਾ ਹੈ। ਦੇਸ਼ ਵਿਚ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਪਰਿਵਾਰਾਂ ਨੂੰ ਸਸਤੀ ਦਰ ਤੇ ਰਾਸ਼ਨ ਦੇਣ ਲਈ ਆਟਾ-ਦਾਲ ਸਕੀਮ ਚਲਾਈ ਜਾ ਰਹੀ ਹੈ। ਇਸੇ ਤਹਿਤ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਣਕ ਵੰਡੀ ਜਾਂਦੀ ਹੈ। ਗਰੀਬਾਂ ਨੂੰ ਇਹ ਕੋਟਾ 6 ਮਹੀਨਿਆਂ ਲਈ ਇਕੱਠਾ ਦਿੱਤੇ ਜਾਣ ਦਾ ਪ੍ਰਬੰਧ ਹੈ।
ਅਗਸਤ ਦੇ ਮੱਧ ਤੋਂ ਬਾਅਦ ਲਾਭਪਾਤਰੀਆਂ ਨੂੰ 6 ਮਹੀਨਿਆਂ ਦਾ ਰਾਸ਼ਨ ਦਿੱਤਾ ਜਾਣਾ ਹੈ। ਵਿਵਸਥਾ ਵਿਚ ਪਾਰਦਰਸ਼ਤਾ ਬਣਾਉਣ ਲਈ ਪੰਜਾਬ ਸਰਕਾਰ ਨੇ ਬਾਇਓਮੈਟ੍ਰਿਕ ਮਸ਼ੀਨ ਦੇ ਮਾਧਿਅਮ ਰਾਹੀਂ ਕਣਕ ਵੰਡਣ ਦਾ ਫ਼ੈਸਲਾ ਕੀਤਾ ਹੈ। ਇਸ ਦਾ ਡਿਪੋ ਹੋਡਲਰ ਅਤੇ ਲੋਕਾਂ ਨੇ ਵਿਰੋਧ ਕੀਤਾ ਸੀ। ਹਾਲਾਂਕਿ ਸਰਕਾਰ ਅਤੇ ਖੁਰਾਕ ਸਪਲਾਈ ਵਿਭਾਗ ਨੇ ਇਸ ਨੂੰ ਵਾਪਸ ਨਹੀਂ ਲਿਆ।
ਇਸ ਕਾਰਨ ਡਿਪੋ ਹੋਲਡਰਾਂ ਨੂੰ ਕੋਰੋਨਾ ਕਾਲ ਵਿਚ ਬਿਨਾਂ ਕਿਸੇ ਸੁਰੱਖਿਆ ਦੇ ਕਣਕ ਦੀ ਵੰਡ ਕਰਨੀ ਪਈ ਹੈ। ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਸਸਤਾ ਰਾਸ਼ਨ ਲੈਣਾ ਮਜ਼ਬੂਰੀ ਹੈ। ਇਸ ਤਰ੍ਹਾਂ ਜੇ ਰਾਸ਼ਨ ਡਿਪੋ ਹੋਲਡਰ ਨੂੰ ਸਰਕਾਰ ਦੇ ਆਦੇਸ਼ ਦਾ ਪਾਲਣ ਨਾ ਕਰਨ ਦਾ ਖ਼ਮਿਆਜ਼ਾ ਉਸ ਨੂੰ ਭੁਗਤਣਾ ਪੈ ਸਕਦਾ ਹੈ। ਇਸ ਕਾਰਨ ਕੋਰੋਨਾ ਕਾਲ ਵਿਚ ਵੀ ਕਣਕ ਦੀ ਵੰਡ ਬਾਇਓਮੈਟ੍ਰਿਕ ਮਸ਼ੀਨ ਨਾਲ ਕਰਨਾ ਇਸ ਦੀ ਮਜ਼ਬੂਰੀ ਬਣ ਚੁੱਕੀ ਹੈ।
ਇਸ ਸਬੰਧ ਵਿੱਚ ਜ਼ਿਲ੍ਹਾ ਭਾਜਪਾ ਦੇ ਬੁਲਾਰੇ ਜੌਲੀ ਬੇਦੀ ਦਾ ਕਹਿਣਾ ਹੈ ਕਿ ਬਾਇਓਮੀਟ੍ਰਿਕ ਮਸ਼ੀਨ ਰਾਹੀਂ ਰਾਸ਼ਨ ਦੀ ਵੰਡ ਗਰੀਬਾਂ ਦੀ ਸਿਹਤ ਨਾਲ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿੱਚ ਖੇਡੀ ਜਾ ਰਹੀ ਹੈ। ਇਸੇ ਤਰ੍ਹਾਂ ਡਿਪੋ ਹੋਲਡਰ ਸਰਕਾਰ ਦੀਆਂ ਸਕੀਮਾਂ ਲਈ ਭਾਰੀ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ। ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਇਸ ਆਦੇਸ਼ ਨੂੰ ਵਾਪਸ ਲੈਣਾ ਚਾਹੀਦਾ ਹੈ।
ਇਸ ਦੌਰਾਨ ਖੁਰਾਕ ਸਪਲਾਈ ਵਿਭਾਗ ਦੇ ਜ਼ਿਲ੍ਹਾ ਕੰਟਰੋਲਰ ਨਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਸਤਾ ਰਾਸ਼ਨ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਵੰਡਣ ਵੇਲੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਪੂਰੀ ਸੁਰੱਖਿਆ ਨਾਲ ਕਣਕ ਵੰਡੀ ਜਾ ਰਹੀ ਹੈ।