ਕੈਪਟਨ ਅਮਰਿੰਦਰ ਸਿੰਘ ਜਨਵਰੀ 'ਚ ਜਾਣਗੇ ਸਵਿਟਜ਼ਰਲੈਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਸ਼ਵ ਆਰਥਕ ਫ਼ੋਰਮ ਦੀ 50ਵੀਂ ਸਾਲਾਨਾ ਮਿਲਣੀ 'ਚ ਲੈਣਗੇ ਹਿੱਸਾ

Captain Amarinder Singh will attend the World Economic Forum Meeting in Switzerland

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 21 ਤੋਂ 24 ਜਨਵਰੀ 2020 ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਡਾਵੋਸ ਵਿਚ ਹੋਣ ਵਾਲੀ ਵਿਸ਼ਵ ਆਰਥਕ ਫ਼ੋਰਮ ਦੀ ਸਾਲਾਨਾ ਮੀਟਿੰਗ 'ਚ ਸ਼ਿਰਕਤ ਕਰਨਗੇ। ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਨੇ ਵਿਸ਼ਵ ਆਰਥਿਕ ਫੋਰਮ ਦੇ ਮੁਖੀ ਬੋਰਗ ਬਰੇਂਡੇ ਵਲੋਂ ਫ਼ੋਰਮ ਦੇ ਟਰੱਸਟੀਆਂ ਦੇ ਬੋਰਡ ਦੀ ਤਰਫੋਂ ਜਾਰੀ 50ਵੀਂ ਸਾਲਾਨਾ ਮੀਟਿੰਗ ਦਾ ਸੱਦਾ ਪੱਤਰ ਪ੍ਰਵਾਨ ਕਰ ਲਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਬਰੇਂਡੇ ਦਾ ਇਸ ਗੱਲੋਂ ਧੰਨਵਾਦ ਕੀਤਾ ਹੈ ਕਿ ਫ਼ੋਰਮ ਨੇ ਸੂਬਾ ਸਰਕਾਰ ਵਲੋਂ ਕੌਮਾਂਤਰੀ ਨਿਵੇਸ਼ਕਾਂ ਲਈ ਪੰਜਾਬ ਨੂੰ ਨਿਵੇਸ਼ ਲਈ ਮੋਹਰੀ ਸਥਾਨ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਦਿੰਦਿਆਂ ਪਛਾਣ ਦਿੱਤੀ ਹੈ। ਆਪਣੇ ਸੱਦਾ ਪੱਤਰ ਵਿਚ ਫੋਰਮ ਮੁਖੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵੱਡੇ ਪੱਧਰ 'ਤੇ ਕੀਤੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਨਾਲ ਸੂਬੇ ਵਿਚ ਉਦਯੋਗਾਂ ਅਤੇ ਸਨਅਤਾਂ ਨੂੰ ਹੋਰ ਹੁਲਾਰਾ ਮਿਲਿਆ ਹੈ ਜਿਸ ਨਾਲ ਪੰਜਾਬ ਨਿਵੇਸ਼ ਲਈ ਇਕ ਮੋਹਰੀ ਰਾਜ ਵਜੋਂ ਉਭਰਿਆ ਹੈ।

ਬਰੇਂਡੇ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸੜਕੀ ਸੁਰੱਖਿਆ, ਟਿਕਾਊ ਖੁਰਾਕ ਪ੍ਰਣਾਲੀ ਅਤੇ ਈ-ਗਤੀਸ਼ੀਲਤਾ ਦੇ ਖੇਤਰ ਵਿੱਚ ਸਾਂਝ ਅਤੇ ਇਨ੍ਹਾਂ ਖੇਤਰਾਂ ਵਿੱਚ ਪਾਏ ਯੋਗਦਾਨ ਪ੍ਰੋਗਰਾਮ ਲਈ ਮਹੱਤਵਪੂਰਨ ਸਾਬਤ ਹੋਣਗੇ। ਜ਼ਿਕਰਯੋਗ ਹੈ ਕਿ ਵਿਸ਼ਵ ਆਰਥਕ ਫ਼ੋਰਮ ਆਲਮੀ ਪੱਧਰ 'ਤੇ ਏਜੰਡੇ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਸਰਕਾਰਾਂ ਦੇ ਨੁਮਾਇੰਦਿਆਂ, ਕੌਮਾਂਤਰੀ ਸੰਗਠਨਾਂ, ਉਦਯੋਗਾਂ ਅਤੇ ਸਮਾਜਕ ਕਾਰਕੁੰਨਾਂ ਲਈ ਅਹਿਮ ਮੁੱਦਿਆਂ 'ਤੇ ਵਿਚਾਰਾਂ ਕਰਨ ਦਾ ਇਕ ਮਹੱਤਵਪੂਰਨ ਪਲੇਟਫਾਰਮ ਹੈ।