ਰਾਵਣ ਦੀ ਥਾਂ ਪ੍ਰਧਾਨ ਮੰਤਰੀ ਦੇ ਪੁਤਲੇ ਫੂਕਣ 'ਤੇ ਸਿਆਸਤ ਗਰਮਾਈ, ਇਲਜ਼ਾਮਾਂ ਦਾ ਅਦਾਨ-ਪ੍ਰਦਾਨ ਸ਼ੁਰੂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਪ੍ਰਧਾਨ ਨੇ ਪੁਤਲੇ ਫੂਕਣ ਪਿਛਲੇ ਦਸਿਆ ਰਾਹੁਲ ਗਾਂਧੀ ਦਾ ਹੱਥ

J.P. Nadda, Rahul Gandhi

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਚੁੱਕਾ ਹੈ। ਇਸ ਦਾ ਅਸਰ ਬੀਤੇ ਦਿਨ ਦੁਸ਼ਹਿਰੇ ਮੌਕੇ ਵੀ ਵੇਖਣ ਨੂੰ ਮਿਲਿਆ ਹੈ। ਜ਼ਿਆਦਾਤਰ ਥਾਵਾਂ 'ਤੇ ਰਾਵਣ ਦੇ ਪੁਤਲਿਆਂ ਦੀ ਥਾਂ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ ਗਏ। ਇਸ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਵਲੋਂ ਇਸ ਮੁੱਦੇ 'ਤੇ ਕੀਤੇ ਟਵੀਟ ਤੋਂ ਬਾਅਦ ਭਾਜਪਾ ਆਗੂਆਂ ਵਲੋਂ ਵੀ ਪਲਟਵਾਰ ਕਰਦਿਆਂ ਕਾਂਗਰਸ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਰਾਹੁਲ ਗਾਂਧੀ ਨੇ ਟਵੀਟ ਜਾਰੀ ਕਰਦਿਆਂ ਲਿਖਿਆ ਸੀ, “ਕੱਲ੍ਹ ਇਹ ਪੂਰੇ ਪੰਜਾਬ 'ਚ ਹੋਇਆ, ਇਹ ਬਹੁਤ ਦੁੱਖਦ ਗੱਲ ਹੈ ਕਿ ਪੂਰਾ ਪੰਜਾਬ ਪੀਐਮ ਮੋਦੀ ਤੋਂ ਇੰਨਾਂ ਗੁੱਸੇ ਹੈ। ਇਹ ਬਹੁਤ ਖ਼ਤਰਨਾਕ ਮਿਸਾਲ ਹੈ ਤੇ ਸਾਡੇ ਦੇਸ਼ ਲਈ ਬੁਰਾ ਹੈ। ਪੀਐਮ ਨੂੰ ਇਨ੍ਹਾਂ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਇਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਮਦਦ ਦੇਣੀ ਚਾਹੀਦੀ ਹੈ।''

ਦੂਜੇ ਪਾਸੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਪ੍ਰਧਾਨ ਮੰਤਰੀ ਦੇ ਪੁਤਲੇ ਫੂਕਣ ਪਿਛੇ ਰਾਹੁਲ ਗਾਂਧੀ ਦਾ ਹੱਥ ਦਸਿਆ ਹੈ। ਨੱਡਾ ਨੇ ਪਲਟਵਾਰ ਕਰਦਿਆਂ ਜਾਰੀ ਟਵੀਟ 'ਚ ਲਿਖਿਆ, “ਰਾਹੁਲ ਗਾਂਧੀ ਦੇ ਨਿਰਦੇਸ਼ਾਂ 'ਤੇ, ਪੰਜਾਬ 'ਚ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਣ ਵਾਲਾ ਸ਼ਰਮਨਾਕ ਡਰਾਮਾ ਹੋਇਆ ਪਰ ਉਨ੍ਹਾਂ ਨੂੰ ਅਜਿਹੀਆਂ ਉਮੀਦਾਂ ਸਨ। ਨਹਿਰੂ-ਗਾਂਧੀ ਖ਼ਾਨਦਾਨ ਨੇ ਕਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਸਨਮਾਨ ਨਹੀਂ ਕੀਤਾ। ਯੂਪੀਏ ਸ਼ਾਸਨ ਦੇ ਤਹਿਤ 2004-2014 ਦੇ ਦਰਮਿਆਨ ਪ੍ਰਧਾਨ ਮੰਤਰੀ ਅਹੁਦਾ ਸੰਸਥਾਗਤ ਤੌਰ 'ਤੇ ਕਮਜ਼ੋਰ ਹੋ ਗਿਆ ਸੀ।''

ਕਾਬਲੇਗੌਰ ਹੈ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਸੜਕਾਂ 'ਤੇ ਹਨ। ਕਿਸਾਨ ਆਗੂਆਂ ਦੀ ਦਿੱਲੀ ਤੋਂ ਬੇਰੰਗ ਵਾਪਸੀ ਤੋਂ ਬਾਅਦ ਕਿਸਾਨਾਂ ਵਲੋਂ ਸੰਘਰਸ਼ ਤੇਜ਼ ਕਰਦਿਆਂ ਰੇਲਵੇ ਲਾਈਨਾਂ ਸਮੇਤ ਟੌਲ ਪਲਾਜ਼ਿਆ 'ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਕ ਪਾਸੇ ਕਿਸਾਨਾਂ ਵਲੋਂ ਭਾਜਪਾ ਆਗੂਆਂ ਦਾ ਘਿਰਾਉਂ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਭਾਜਪਾ ਆਗੂ ਵੀ ਪੰਜਾਬ ਅੰਦਰ ਸਰਗਰਮੀਆਂ ਵਧਾਉਣ ਦੀ ਕੋਸ਼ਿਸ਼ 'ਚ ਹਨ। ਬੀਤੇ ਦਿਨੀਂ ਦਲਿਤ ਦੇ ਹੱਕ 'ਚ ਨਿਰਤਦਿਆਂ ਭਾਜਪਾ ਆਗੂਆਂ ਨੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ 'ਤੇ ਮਾਲਾਵਾਂ ਪਹਿਨਾਉਣ ਦਾ ਪ੍ਰੋਗਰਾਮ ਅਰੰਭਿਆ ਜਿਸ ਦੀ ਵੱਡੀ ਮੁਖਾਲਫ਼ਤ ਵੇਖਣ ਨੂੰ ਮਿਲੀ ਸੀ।

ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲ ਕਰਨ ਦੀ ਥਾਂ ਖੇਤੀ ਕਾਨੂੰਨਾਂ ਦੀ ਉਸਤਤ ਦਾ ਰਸਤਾ ਅਪਨਾਇਆ ਜੋ ਕਾਮਯਾਬ ਨਹੀਂ ਹੋ ਸਕਿਆ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਵਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਵਿਚੋਲੀਏ ਕਹਿਣ ਤੋਂ ਬਾਅਦ ਕਿਸਾਨਾਂ 'ਚ ਨਰਾਜ਼ਗੀ ਹੋਰ ਵੱਧ ਗਈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵਲੋਂ ਵੀ ਕਿਸਾਨਾਂ ਦੇ ਪ੍ਰਦਰਸ਼ਨਾਂ ਨੂੰ ਵਿਚੋਲੀਆਂ ਨੂੰ ਬਚਾਉਣ ਦੀ ਕਾਰਵਾਈ ਦੱਸੇ ਜਾਣ ਬਾਅਦ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ। ਬੀਤੇ ਕੱਲ੍ਹ ਦੁਸ਼ਹਿਰੇ ਮੌਕੇ ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਸਮੇਤ ਕਾਰਪੋਰੇਟ ਘਰਾਣਿਆਂ ਦੇ ਫੂਕੇ ਗਏ ਪੁਤਲਿਆਂ ਇਸੇ ਦੇ ਪ੍ਰਤੀਕਰਮ ਵਜੋਂ ਵੇਖਿਆ ਜਾ ਰਿਹਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨੇ ਪੰਜਾਬ ਅੰਦਰ ਰੇਲ ਆਵਾਜਾਈ ਨੂੰ ਮੁਕੰਮਲ ਬੰਦ ਕਰ ਕੇ ਮਸਲੇ ਨੂੰ ਹੋਰ ਉਲਝਾ ਦਿਤਾ ਹੈ। ਦੋਵੇਂ ਧਿਰਾਂ ਦੇ ਅੜੀ 'ਤੇ ਬਜਿੱਦ ਰਹਿਣ ਦੀ ਸੂਰਤ 'ਚ ਮਸਲੇ ਦੇ ਪੇਚੀਦਾ ਰੁਖ ਅਖਤਿਆਰ ਕਰਨ ਦੇ ਅਸਾਰ ਹਨ, ਜਿਸ ਤੋਂ ਸਾਰੀਆਂ ਧਿਰਾਂ ਚਿੰਤਤ ਹਨ।