ਦਿੱਲੀ ਕੂਚ: ਕਿਸਾਨੀ ਮੁੱਦੇ ’ਤੇ ਭਿੜੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ, ਤੋਹਮਤਬਾਜ਼ੀ ਦਾ ਦੌਰ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਨੂੰ ਐਮ.ਐਸ.ਪੀ. ’ਚ ਮੁਸ਼ਕਲ ਆਉਣ ’ਤੇ ਸਿਆਸਤ ਛੱਡ ਦੇਵਾਂਗਾ : ਖੱਟਰ

Capt Amrinder Singh, Manohar Lal Khattar

ਚੰਡੀਗੜ੍ਹ : ਕਿਸਾਨਾਂ ਦੇ ਦਿੱਲੀ ਕੂਚ ਪ੍ਰੋਗਰਾਮ ਨੇ ਸਰਕਾਰਾਂ ਦੀਆਂ ਗਿਣਤੀਆਂ-ਮਿਣਤੀਆਂ ਹਿਲਾ ਕੇ ਰੱਖ ਦਿਤੀਆਂ ਹਨ। ਹਰਿਆਣਾ ਵਲੋਂ ਕਿਸਾਨਾਂ ਦਾ ਰਸਤਾ ਰੋਕਣ ਤੋਂ ਬਾਅਦ ਕਿਸਾਨਾਂ ਦੀ ਹਰਿਆਣਾ ਸਰਕਾਰ ਨਾਲ ਖਿੱਚੋਤਾਣ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਕਿਸਾਨਾਂ ਨੂੰ ਰਸਤਾ ਦੇਣ ਦੀ ਦਿਤੀ ਨਸੀਹਤ ਦੇ ਜਵਾਬ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਤਲਖ-ਟਿਪਣੀਆਂ ਕੀਤੀਆਂ ਹਨ। 

ਕੈਪਟਨ ਦੇ ਟਵੀਟ ਦੇ ਜਵਾਬ ਵਿਚ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਕਿਹਾ ਹੈ ਕਿ ਜੇਕਰ ਕਿਸਾਨਾਂ ਨੂੰ ਐਮਐਸਪੀ ਦੇ ਸਬੰਧ ਵਿਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ, ਤਾਂ ਉਹ ਰਾਜਨੀਤੀ ਛੱਡ ਦੇਣਗੇ। ਮਨੋਹਰ ਲਾਲ ਖੱਟਰ ਨੇ ਟਵੀਟ ਦੀ ਇਕ ਲੜੀ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ, “ਕੈਪਟਨ ਜੀ, ਮੈਂ ਪਹਿਲਾਂ ਵੀ ਇਹ ਕਹਿ ਚੁੱਕਾ ਹਾਂ ਤੇ ਮੈਂ ਫਿਰ ਕਹਿ ਰਿਹਾ ਹਾਂ, ਜੇ ਐਮਐਸਪੀ ਸਬੰਧੀ ਕਿਸਾਨਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਇਸ ਲਈ ਨਿਰਦੋਸ਼ ਕਿਸਾਨਾਂ ਨੂੰ ਭੜਕਾਉਣਾ ਬੰਦ ਕਰੋ।’’

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ, “ਮੈਂ ਪਿਛਲੇ 3 ਦਿਨਾਂ ਤੋਂ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਅਫ਼ਸੋਸ ਦੀ ਗੱਲ ਹੈ ਕਿ ਤੁਸੀਂ ਸੰਪਰਕ ਕਰਨ ਦਾ ਫ਼ੈਸਲਾ ਹੀ ਨਹੀਂ ਕੀਤਾ। ਕੀ ਇਹ ਕਿਸਾਨ ਮਸਲਿਆਂ ਪ੍ਰਤੀ ਤੁਹਾਡੀ ਗੰਭੀਰਤਾ ਨਹੀਂ ਦਰਸਾਉਂਦਾ? ਤੁਸੀਂ ਸਿਰਫ ਟਵੀਟ ਕਰ ਰਹੇ ਹੋ ਤੇ ਗੱਲਬਾਤ ਤੋਂ ਭੱਜ ਰਹੇ ਹੋ। ਤੁਸੀਂ ਅਜਿਹਾ ਕਿਉਂ ਕਰ ਰਹੇ ਹੋ?’’

ਮਨੋਹਰ ਲਾਲ ਖੱਟਰ ਨੇ ਕਿਹਾ, “ਤੁਹਾਡੇ ਝੂਠ, ਧੋਖੇ ਤੇ ਪ੍ਰਚਾਰ ਦਾ ਸਮਾਂ ਖ਼ਤਮ ਹੋ ਗਿਆ ਹੈ। ਸਮਾਂ ਆ ਗਿਆ ਹੈ ਕਿ ਲੋਕ ਹੁਣ ਤੁਹਾਡਾ ਅਸਲ ਚਿਹਰਾ ਦੇਖਣ। ਕਿਰਪਾ ਕਰਕੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ‘ਚ ਪਾਉਣਾ ਬੰਦ ਕਰੋ। ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਨਾ ਖੇਡੋ। ਘੱਟੋ-ਘੱਟ ਮਹਾਂਮਾਰੀ ਦੌਰਾਨ ਸਸਤੀ ਰਾਜਨੀਤੀ ਤੋਂ ਬਚੋ।’’

ਕਾਬਲੇਗੌਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਸਰਕਾਰ ਵਲੋਂ ਸ਼ਾਂਤਮਈ ਢੰਗ ਨਾਲ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਦੀ ਕਾਰਵਾਈ ਨੂੰ ਗੈਰ-ਸੰਵਿਧਾਨਕ ਕਰਾਰ ਦਿਤਾ ਸੀ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਵਲੋਂ ਮੁੱਖ ਮੰਤਰੀ ਦੇ ਹਵਾਲੇ ਨਾਲ ਕੀਤੇ ਟਵੀਟ ’ਚ ਉਨ੍ਹਾਂ ਲਿਖਿਆ, ‘ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣੋਂ ਕਿਉਂ ਰੋਕ ਰਹੀ ਹੈ? ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ਜ਼ਾਲਮ ਤਾਕਤ ਦੀ ਜ਼ਾਲਮ ਵਰਤੋਂ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਤੇ ਗ਼ੈਰ-ਜਮਹੂਰੀ ਹੈ।’’

ਉਨ੍ਹਾਂ ਨੇ ਅੱਗੇ ਲਿਖਿਆ ਕਿ ਲਗਭਗ 2 ਮਹੀਨਿਆਂ ਤੋਂ ਕਿਸਾਨ ਬਿਨਾਂ ਕਿਸੇ ਸਮੱਸਿਆ ਦੇ ਪੰਜਾਬ ਵਿਚ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹਰਿਆਣਾ ਦੀ ਸਰਕਾਰ ਉਨ੍ਹਾਂ ਨੂੰ ਉਕਸਾ ਕਿਉਂ ਰਹੀ ਹੈ? ਕੀ ਕਿਸਾਨਾਂ ਨੂੰ ਅਧਿਕਾਰ ਨਹੀਂ ਹੈ ਕਿ ਉਹ ਪਬਲਿਕ ਹਾਈਵੇਅ ਤੋਂ ਸ਼ਾਂਤੀ ਨਾਲ ਲੰਘਣ? ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਸੰਵਿਧਾਨ ਦਿਵਸ ’ਤੇ  ਕਿਸਾਨਾਂ ਦੇ ਸੰਵਿਧਾਨਕ ਅਧਿਕਾਰ ’ਤੇ ਇਸ ਤਰ੍ਹਾਂ ਦੇ ਜ਼ੁਲਮ ਹੋ ਰਹੇ ਹਨ। ਉਨ੍ਹਾਂ ਮਨੋਹਰ ਲਾਲ ਖੱਟੜ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਦਿੱਲੀ ਜਾ ਕੇ ਸ਼ਾਂਤਮਈ ਢੰਗ ਨਾਲ ਅਪਣੀ ਅਵਾਜ਼ ਪਹੁੰਚਾਉਣ ਦਿਓ।