ਹਰਿਆਣਾ ਪੁਲਿਸ ਦੇ ਵਰਤਾਅ ਦੀ ਸੁਖਬੀਰ ਬਾਦਲ ਵੱਲ਼ੋਂ ਨਿਖੇਧੀ, ਕਿਹਾ ਅੱਜ ਪੰਜਾਬ ਦਾ 26/11

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਣੀ ਦੀਆਂ ਤੋਪਾਂ ਨਾਲ ਬੁਛਾੜਾਂ ਕਰਕੇ ਕਿਸਾਨਾਂ 'ਤੇ ਧੱਕੇਸ਼ਾਹੀ ਨਹੀਂ ਕੀਤੀ ਜਾ ਸਕਦੀ- ਸੁਖਬੀਰ ਬਾਦਲ

Sukhbir Badal

ਚੰਡੀਗੜ੍ਹ: ਕਿਸਾਨਾਂ ਦੇ 'ਦਿੱਲੀ ਚੱਲੋ' ਪ੍ਰੋਗਰਾਮ ਦੇ ਚਲਦਿਆਂ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਪੁਲਿਸ ਵੱਲੋਂ ਬੈਰੀਕੇਡ ਲਗਾਏ ਗਏ ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ। ਕਿਸਾਨਾਂ ਪ੍ਰਤੀ ਹਰਿਆਣਾ ਪੁਲਿਸ ਦੇ ਇਸ ਰਵੱਈਏ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਿਖੇਧੀ ਕੀਤੀ ਹੈ।

ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਪਾਣੀ ਦੀਆਂ ਤੋਪਾਂ ਨਾਲ ਬੁਛਾੜਾਂ ਕਰਕੇ ਕਿਸਾਨਾਂ 'ਤੇ ਧੱਕੇਸ਼ਾਹੀ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਇਸ ਨਾਲ ਕਿਸਾਨਾਂ ਦਾ ਸੰਕਲਪ ਹੋਰ ਮਜ਼ਬੂਤ ਹੋਵੇਗਾ। 

ਇਕ ਹੋਰ ਟਵੀਟ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ, ਅੱਜ ਪੰਜਾਬ ਦਾ 26/11 ਹੈ। ਅਸੀਂ ਲੋਕਤੰਤਰੀ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦੇ ਅੰਤ ਦੇ ਗਵਾਹ ਹਾਂ।'' ਉਹਨਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਸ਼ਾਂਤੀਪੂਰਨ ਅੰਦੋਲਨ ਨੂੰ ਦਬਾਉਣ ਲਈ ਹਰਿਆਣਾ ਅਤੇ ਕੇਂਦਰ ਸਰਕਾਰ ਵਲੋਂ ਵਰਤੇ ਜਾ ਰਹੇ ਹੱਥਕੰਡਿਆਂ ਦਾ ਵਿਰੋਧ ਕਰਦਾ ਹੈ।

ਸੰਵਿਧਾਨ ਦਿਵਸ ਮੌਕੇ ਅੰਨਦਾਤਾ ਦੀ ਆਵਾਜ਼ ਨੂੰ ਦਬਾਉਣਾ ਲੋਕਤੰਤਰ ਦੀ ਹੱਤਿਆ- ਬੀਬੀ ਬਾਦਲ

ਕਿਸਾਨਾਂ ਨਾਲ ਕੀਤੇ ਜਾ ਰਹੇ ਵਰਤਾਅ 'ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਸੰਵਿਧਾਨ ਦਿਵਸ ਮੌਕੇ ਅੰਨਦਾਤਾ ਦੀ ਆਵਾਜ਼ ਨੂੰ ਦਬਾਉਣਾ, ਉਸ 'ਤੇ ਪਾਣੀ ਦੀਆਂ ਬੁਛਾੜਾਂ ਕਰਨਾ, ਕਿਤੇ ਨਾ ਕਿਤੇ ਲੋਕਤੰਤਰ ਦੀ ਹੱਤਿਆ ਹੈ। 

ਹਰਸਿਮਰਤ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਨਿਰਦੇਸ਼ ਦੇਣ ਕਿ ਕੇਂਦਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਜਾ ਰਹੇ ਕਿਸਾਨਾਂ ਨੂੰ ਉਹ ਲੰਘਣ ਦੇਣ।