ਕੈਪਟਨ ਦੀ ਖੱਟੜ ਸਰਕਾਰ ਨੂੰ ਅਪੀਲ- ਕਿਸਾਨਾਂ ਨੂੰ ਦਿੱਲੀ ਜਾ ਕੇ ਅਪਣੀ ਆਵਾਜ਼ ਪਹੁੰਚਾਉਣ ਦਿਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੱਟੜ ਸਰਕਾਰ ਕਿਸਾਨਾਂ 'ਤੇ ਜ਼ੁਲਮ ਕਰਕੇ ਉਹਨਾਂ ਨੂੰ ਉਕਸਾ ਕਿਉਂ ਰਹੀ ਹੈ?- ਕੈਪਟਨ ਅਮਰਿੰਦਰ ਸਿੰਘ

Manohar Lal Khattar - Capt Amarinder Singh

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸ਼ਾਂਤਮਈ ਢੰਗ ਨਾਲ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣਾ ਗੈਰ-ਸੰਵਿਧਾਨਕ ਹੈ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ ਮੁੱਖ ਮੰਤਰੀ ਦੇ ਹਵਾਲੇ ਨਾਲ ਟਵੀਟ ਕੀਤਾ।

ਉਹਨਾਂ ਲਿਖਿਆ, 'ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣੋਂ ਕਿਉਂ ਰੋਕ ਰਹੀ ਹੈ? ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ਜ਼ਾਲਮ ਤਾਕਤ ਦੀ ਜ਼ਾਲਮ ਵਰਤੋਂ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਤੇ ਗ਼ੈਰ-ਜਮਹੂਰੀ ਹੈ।'' ਉਹਨਾਂ ਨੇ ਅੱਗੇ ਲਿਖਿਆ ਕਿ ਲਗਭਗ 2 ਮਹੀਨਿਆਂ ਤੋਂ ਕਿਸਾਨ ਬਿਨਾਂ ਕਿਸੇ ਸਮੱਸਿਆ ਦੇ ਪੰਜਾਬ ਵਿਚ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

 

 

ਹਰਿਆਣਾ ਦੀ ਸਰਕਾਰ ਉਹਨਾਂ ਨੂੰ ਉਕਸਾ ਕਿਉਂ ਰਹੀ ਹੈ? ਕੀ ਕਿਸਾਨਾਂ ਨੂੰ ਅਧਿਕਾਰ ਨਹੀਂ ਹੈ ਕਿ ਉਹ ਪਬਲਿਕ ਹਾਈਵੇਅ ਤੋਂ ਸ਼ਾਂਤੀ ਨਾਲ ਲੰਘਣ? ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਸੰਵਿਧਾਨ ਦਿਵਸ 'ਤੇ  ਕਿਸਾਨਾਂ ਦੇ ਸੰਵਿਧਾਨਕ ਅਧਿਕਾਰ 'ਤੇ ਇਸ ਤਰ੍ਹਾਂ ਦੇ ਜ਼ੁਲਮ ਹੋ ਰਹੇ ਹਨ। ਉਹਨਾਂ ਮਨੋਹਰ ਲਾਲ ਖੱਟੜ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਦਿੱਲੀ ਜਾ ਕੇ ਸ਼ਾਂਤਮਈ ਢੰਗ ਨਾਲ ਅਪਣੀ ਅਵਾਜ਼ ਪਹੁੰਚਾਉਣ ਦਿਓ।

ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੂੰ ਅਪੀਲ ਕੀਤੀ ਕਿ ਉਹ ਅਪਣੀਆਂ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦੇਣ ਕਿ ਉਹ ਕਿਸਾਨਾਂ ਖਿਲਾਫ ਅਜਿਹੀਆਂ ਸਖ਼ਤ ਸਾਜ਼ਿਸ਼ਾਂ ਵਿਚ ਸ਼ਾਮਲ ਨਾ ਹੋਣ।  ਦੱਸ ਦਈਏ ਕਿ ਦਿੱਲੀ ਚਲੋ ਪ੍ਰੋਗਰਾਮ ਤਹਿਤ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਇਸ ਦੇ ਲਈ ਭਾਰੀ ਗਿਣਤੀ ਵਿਚ ਹਰਿਆਣਾ ਪੁਲਿਸ ਦੇ ਜਵਾਨ ਤੈਨਾਤ ਕੀਤੇ ਗਏ ਹਨ।