ਪੰਜਾਬ ਦਾ ਇਹ ਪਿੰਡ ਬਣਿਆ ਮਿਸਾਲ, ਮਿਲਿਆ ਕੈਨੇਡੀਅਨ ਸਰਪੰਚ
ਪੰਜਾਬ ਵਿਚ ਪੰਚਾਇਤ ਚੋਣਾਂ ਦੇ ਚਲਦੇ ਸਿਆਸਤ ਅਤੇ ਗੁੱਟਬਾਜ਼ੀ ਪੰਜਾਬ ਵਿਚ ਸਿਖ਼ਰ ‘ਤੇ ਹੈ। ਇਸ ਸਭ ਦੇ ਬਾਵਜੂਦ ਬਰਨਾਲਾ ਦਾ...
ਬਰਨਾਲਾ (ਸਸਸ) : ਪੰਜਾਬ ਵਿਚ ਪੰਚਾਇਤ ਚੋਣਾਂ ਦੇ ਚਲਦੇ ਸਿਆਸਤ ਅਤੇ ਗੁੱਟਬਾਜ਼ੀ ਪੰਜਾਬ ਵਿਚ ਸਿਖ਼ਰ ‘ਤੇ ਹੈ। ਇਸ ਸਭ ਦੇ ਬਾਵਜੂਦ ਬਰਨਾਲਾ ਦਾ ਇਕ ਪਿੰਡ ਮਿਸਾਲ ਬਣ ਕੇ ਉਭਰਿਆ ਹੈ, ਇੱਥੋਂ ਦੇ ਪਿੰਡ ਟੱਲੇਵਾਲ ਵਿਚ ਪਿੰਡ ਵਾਸੀਆਂ ਨੇ ਪੂਰੇ ਪਿੰਡ ਨੂੰ ਛੱਡ ਕੇ ਕੈਨੇਡੀਅਨ ਐਨ.ਆਰ.ਆਈ. ਹਰਸ਼ਰਨ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਹੈ। ਉਥੇ ਹੀ ਪਿੰਡ ਦੇ ਵਿਕਾਸ ਦਾ ਬੀੜਾ ਐਨ.ਆਰ.ਆਈ. ਹਰਸ਼ਰਨ ਸਿੰਘ ਨੇ ਅਪਣੇ ਮੋਢਿਆਂ ‘ਤੇ ਚੁੱਕਣ ਦਾ ਵਿਸ਼ਵਾਸ ਪਿੰਡ ਵਾਸੀਆਂ ਨੂੰ ਦਿਤਾ ਹੈ।
ਇਸ ਦੇ ਨਾਲ ਹੀ ਪੰਜਾਬ ਦੇ ਇਸ ਪਿੰਡ ਨੂੰ ਕੈਨੇਡੀਅਨ ਸਰਪੰਚ ਮਿਲ ਗਿਆ ਹੈ। ਦੱਸ ਦਈਏ ਕਿ ਹਰਸ਼ਰਨ ਸਿੰਘ ਅਪਣੇ ਪਰਵਾਰ ਸਮੇਤ ਪਿਛਲੇ ਲਗਭੱਗ 20 ਸਾਲਾਂ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ। ਪਿੰਡ ਦੀ ਸੇਵਾ ਕਰਨ ਦਾ ਸ਼ੌਂਕ ਉਸ ਨੂੰ ਸ਼ੁਰੂ ਤੋਂ ਹੀ ਸੀ ਜਿਸ ਕਾਰਨ ਸੇਵਾ ਦਾ ਜਨੂੰਨ ਉਸ ਨੂੰ ਵਿਦੇਸ਼ ਤੋਂ ਉਸ ਦੇ ਪਿੰਡ ਲੈ ਕੇ ਆਇਆ। ਹਰਸ਼ਰਨ ਸਿੰਘ ਨੇ ਦੱਸਿਆ ਕਿ ਉਹ ਪਿੰਡ ਦਾ ਨਵਾਂ ਸਰਪੰਚ ਹੋਣ ਦੇ ਨਾਤੇ ਅਪਣੇ ਪਿੰਡ ਦਾ ਵਿਕਾਸ ਕੈਨੇਡਾ ਦੀ ਤਰਜ਼ ‘ਤੇ ਕਰਨਾ ਚਾਹੁੰਦਾ ਹੈ।
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕਾਂ ਵਲੋਂ ਜਤਾਏ ਗਏ ਭਰੋਸੇ ਉਤੇ ਉਹ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੇਗਾ ਅਤੇ ਅਪਣੇ ਪਿੰਡ ਨੂੰ ਦੂਜੇ ਪਿੰਡਾਂ ਲਈ ਮਿਸਾਲ ਬਣਾਏਗਾ।
ਉੱਧਰ ਹਮੀਦੀ ਪਿੰਡ ਵੀ ਇਸ ਤਰ੍ਹਾਂ ਦੇ ਮਾਮਲੇ ਲਈ ਚਰਚਾ ਵਿਚ ਆਇਆ ਹੈ ਜਿੱਥੇ ਐਨ.ਆਰ.ਆਈ. ਪਰਵਾਰ ਪਿੰਡ ਦੇ ਵਿਕਾਸ ਲਈ ਅੱਗੇ ਆਇਆ ਹੈ। ਇੱਥੇ ਅਮਰੀਕਾ ਦੀ ਐਨ.ਆਰ.ਆਈ. ਸੁਦੇਸ਼ ਰਾਣੀ ਸਰਪੰਚੀ ਦੀ ਚੋਣ ਲੜ ਰਹੀ ਹੈ। ਸੁਦੇਸ਼ ਰਾਣੀ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਪਿੰਡ ਨੂੰ ਸਾਫ਼-ਸੁਥਰਾ ਅਤੇ ਖੁਸ਼ਹਾਲ ਬਣਾਉਣਾ ਹੈ ਅਤੇ ਇਸ ਕੰਮ ਵਿਚ ਉਸ ਦਾ ਪੂਰਾ ਪਰਵਾਰ ਉਨ੍ਹਾਂ ਦੇ ਨਾਲ ਹੈ।
ਪਿੰਡ ਟੱਲੇਵਾਲ ਨੇ ਤਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਨੂੰ ਵਿਕਾਸ ਦੇ ਰਾਹ ਤੋਰਨ ਲਈ ਪਿੰਡ ਦੀ ਡੋਰ ਐਨ.ਆਰ.ਆਈ. ਦੇ ਹੱਥ ਫੜਾ ਦਿਤੀ ਹੈ। ਦੱਸ ਦਈਏ ਕਿ ਅਜੇ ਇਹ ਵੇਖਣਾ ਬਾਕੀ ਹੋਵੇਗਾ ਕਿ ਪਿੰਡ ਦੇ ਲੋਕ ਐਨ.ਆਰ.ਆਈ. ‘ਤੇ ਭਰੋਸਾ ਜਤਾਉਂਦੇ ਹਨ ਜਾਂ ਨਹੀਂ। ਇਸ ਦਾ ਪਤਾ ਵੀ 30 ਦਸੰਬਰ ਨੂੰ ਲੱਗ ਜਾਵੇਗਾ।