ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਲਾਉਣ ਦੇ ਮਾਮਲੇ ‘ਚ ਸੁਖਬੀਰ ਤੇ ਕੈਪਟਨ ਵਿਚਾਲੇ ਛਿੜੀ ਜੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਾਉਣ ਮਗਰੋਂ ਸਿਆਸਤ ਭਖ ਗਈ ਹੈ। ਮੁੱਖ ਮੰਤਰੀ ਕੈਪਟਨ....

ਕੈਪਟਨ ਅਤੇ ਸੁਖਬੀਰ

ਚੰਡੀਗੜ੍ਹ (ਭਾਸ਼ਾ) : ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਾਉਣ ਮਗਰੋਂ ਸਿਆਸਤ ਭਖ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੂੰ ਘਟੀਆ ਸਿਆਸਤ ਖੇਡਣੀ ਬੰਦ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਚਿਤਾਵਨੀ ਦਿੱਤੀ ਕਿ ਅਜਿਹੀਆਂ ਕਾਰਵਾਈਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਪੁੱਠੀਆਂ ਪੈਣਗੀਆਂ। ਦੂਜੇ ਪਾਸੇ ਇਸ ਦਾ ਜਵਾਬ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜੇਕਰ ਕੈਪਟਨ ਸੱਚੇ ਸਿੱਖ ਹਨ ਤਾਂ ਉਹ ਖੁਦ ਗਾਂਧੀ ਪਰਿਵਾਰ ਦੇ ਮੂੰਹ 'ਤੇ ਕਾਲਖ ਲਾਉਣ।

ਉਨ੍ਹਾਂ ਕਿਹਾ ਕਿ ਗਾਂਧੀ ਪਾਰਿਵਾਰ ਨੇ ਸਿੱਖਾਂ ਉੱਪਰ ਬਹੁਤ ਅੱਤਿਆਚਾਰ ਕੀਤਾ ਹੈ। ਇਸ ਲਈ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਾਉਣਾ ਗਲਤ ਨਹੀਂ। ਉਧਰ ਕੈਪਟਨ ਨੇ ਸੁਖਬੀਰ ਬਾਦਲ ਨੂੰ ਉਸ ਦੀ ਪਾਰਟੀ ਦੇ ਵਰਕਰਾਂ ਦੀ ਇਸ ਘਿਨਾਉਣੀ ਕਾਰਵਾਈ ਲਈ ਤੁਰੰਤ ਮੁਆਫੀ ਮੰਗਣ ਲਈ ਆਖਿਆ ਹੈ। ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਅਜਿਹੀਆਂ ਹੋਛੀਆਂ ਤੇ ਨਿੰਦਣਯੋਗ ਕਾਰਵਾਈਆਂ ਨਾਲ ਤਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖ ਭਾਈਚਾਰੇ ਵਿਰੁੱਧ ਕੀਤੇ ਗੁਨਾਹਾਂ ਤੇ ਪਾਪਾਂ ਤੋਂ ਮੁਆਫੀ ਨਹੀਂ ਮਿਲਣ ਵਾਲੀ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਪੁਲਿਸ ਨੂੰ ਜ਼ਿੰਮੇਵਾਰ ਮੁਲਜ਼ਾਮਾਂ ਦੀ ਤੁਰੰਤ ਸ਼ਨਾਖਤ ਕਰਕੇ ਉਨ੍ਹਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਕੈਪਟਨ ਨੇ ਮੁੜ ਦੁਹਰਾਇਆ ਕਿਹਾ ਕਿ '84 ਦੇ ਸਿੱਖ ਦੰਗਿਆਂ ਵਿਰੁੱਧ ਹਿੰਸਾ ਵਿੱਚ ਕੁਝ ਕੁ ਕਾਂਗਰਸੀਆਂ ਤੋਂ ਇਲਾਵਾ ਭਾਜਪਾ ਤੇ ਆਰਐਸਐਸ. ਦੇ ਵਰਕਰਾਂ ਵੀ ਸ਼ਾਮਲ ਸਨ। ਅਦਾਲਤਾਂ ਇਨ੍ਹਾਂ ਖਿਲਾਫ਼ ਕਾਰਵਾਈ ਕਰਨ ਲਈ ਆਪਣਾ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ ਤੇ ਦੰਗਿਆਂ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।