ਕੈਪਟਨ ਅਮਰਿੰਦਰ ਨੇ ਕਰਜ਼ਾ ਮੁਆਫੀ 'ਤੇ ਸੁਖਬੀਰ ਬਾਦਲ ਨੂੰ ਦਿੱਤਾ ਜਵਾਬ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਕਾਂਗਰਸ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਕੀਤੇ ਐਲਾਨ....

ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ

ਚੰਡੀਗੜ (ਸ.ਸ.ਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਕਾਂਗਰਸ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਕੀਤੇ ਐਲਾਨ 'ਤੇ ਸੁਖਬੀਰ ਸਿੰਘ ਬਾਦਲ ਦੀ ਟਿੱਪਣੀ ਨੂੰ 'ਸਿਆਸੀ ਡਰਾਮੇਬਾਜ਼ੀ' ਦੱਸਦਿਆਂ ਮੂਲੋਂ ਰੱਦ ਕਰ ਦਿੱਤਾ। ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਨਸੀਹਤ ਦਿੱਤੀ ਕਿ ਜੇਕਰ ਸਿਆਸੀ ਪਿੜ ਵਿੱਚ ਅਕਾਲੀ ਦਲ ਦਾ ਵਜੂਦ ਕਾਇਮ ਰੱਖਣਾ ਹੈ ਤਾਂ ਉਸ ਨੂੰ ਅਜਿਹੀ ਨੌਟੰਕੀ ਛੱਡ ਦੇਣੀ ਚਾਹੀਦੀ ਹੈ।

ਅਕਾਲੀ-ਭਾਜਪਾ ਦੇ ਸ਼ਾਸਨਕਾਲ ਦੌਰਾਨ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਹੱਕਾਂ ਤੋਂ ਵਾਂਝੇ ਰੱਖ ਕੇ ਹੁਣ ਫਿਰ ਕਿਸਾਨਾਂ ਦੀਆਂ ਭਾਵਨਾਵਾਂ ਦਾ ਸ਼ੋਸਣ ਕਰਨ ਦੇ ਨਿਰੰਤਰ ਯਤਨਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਵਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਸਾਬਕਾ ਉਪ ਮੁੱਖ ਮੰਤਰੀ ਕਿਸਾਨਾਂ ਨੂੰ ਕਾਂਗਰਸ ਤੋਂ ਲਾਂਭੇ ਰੱਖਣ ਲਈ ਕਿਸਾਨ ਭਾਈਚਾਰੇ ਨੂੰ ਗੁੰਮਰਾਹ ਕਰਨ ਦੀਆਂ ਨਿਰਾਸ਼ ਕੋਸ਼ਿਸ਼ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਹਿਲਾਂ ਹੀ ਵਾਅਦਾ ਕਰ ਦਿੱਤਾ ਸੀ

ਕਿ ਜੇਕਰ ਪਾਰਟੀ ਅਗਾਮੀ ਚੋਣਾਂ ਵਿੱਚ ਸੱਤਾ 'ਚ ਆਉਂਦੀ ਹੈ ਤਾਂ ਮੁਲਕ ਭਰ ਦੇ ਸੰਕਟ 'ਚੋਂ ਗੁਜ਼ਰ ਰਹੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਿੱਧ ਹੋ ਗਿਆ ਹੈ ਕਿ ਕਾਂਗਰਸ ਲੀਡਰਸ਼ਿਪ ਵੱਲੋਂ ਆਪਣਾ ਵਾਅਦਾ ਵਫ਼ਾ ਕਰਨ ਅਤੇ ਪਾਰਟੀ ਦੇ ਸ਼ਾਸਨਕਾਲ ਵਾਲੇ ਸੂਬਿਆਂ ਵਿੱਚ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਕਾਰਗੁਜ਼ਾਰੀ ਤੋਂ ਅਕਾਲੀ-ਭਾਜਪਾ ਗੱਠਜੋੜ ਬੁਖਲਾਇਆ ਹੋਇਆ ਹੈ। ਮੁੱਖ ਮੰਤਰੀ ਨੇ ਅਕਾਲੀ-ਭਾਜਪਾ ਗੱਠਜੋੜ ਦੇ ਪਿਛਲੇ ਕਾਰਜਕਾਲ ਦੌਰਾਨ ਹਰ ਮੁਹਾਜ਼ 'ਤੇ ਨਾਕਾਮ ਰਹਿਣ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸੁਖਬੀਰ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹਾਸੋਹੀਣਾ ਦੱਸਿਆ।

ਉਨ੍ਹਾਂ ਕਿਹਾ ਕਿ 10 ਸਾਲਾਂ ਵਿੱਚ ਤਾਂ ਬਾਦਲਾਂ ਨੂੰ ਕਿਸਾਨਾਂ ਦੀ ਹਾਲਤ ਦਾ ਚੇਤਾ ਨਹੀਂ ਆਇਆ ਅਤੇ ਹੁਣ ਕਿਸਾਨਾਂ ਨੂੰ ਲੈ ਕੇ ਮਗਰਮੱਛ ਦੇ ਹੰਝੂ ਵਹਾਏ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੇ 10 ਸਾਲਾ ਸ਼ਾਸਨਕਾਲ ਮੌਕੇ ਦੁੱਖ ਤੇ ਪੀੜਾ ਹੰਢਾਉਣ ਵਾਲੇ ਕਿਸਾਨ ਅਤੇ ਸੂਬੇ ਦਾ ਹੋਰ ਵਰਗ ਹੁਣ ਅਕਾਲੀ ਲੀਡਰਸ਼ਿਪ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੁੰਦੇ। ਸੁਖਬੀਰ ਦੇ ਬੇਬੁਨਿਆਦ ਦੋਸ਼ਾਂ ਦਾ ਤੱਥਾਂ ਤੇ ਅੰਕੜਿਆਂ ਨਾਲ ਠੋਕਵਾਂ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗੰਭੀਰ ਵਿੱਤੀ ਸੰਕਟ ਅਤੇ ਬਾਦਲ ਸਰਕਾਰ ਪਾਸੋਂ ਵਿਰਾਸਤ ਵਿੱਚ ਹਾਸਲ ਹੋਈ ਵਿੱਤੀ ਮੰਦਹਾਲੀ ਦੇ ਬਾਵਜੂਦ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਪੂਰਾ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨੂੰ ਨਾ ਸਿਰਫ ਪੰਜਾਬ ਦੇ ਕਿਸਾਨਾਂ ਨੇ ਸਲਾਹਿਆ ਸਗੋਂ ਪੂਰੇ ਮੁਲਕ ਵਿੱਚ ਇਸ ਦੀ ਸ਼ਲਾਘਾ ਹੋਈ ਅਤੇ ਇਸ ਮਾਡਲ ਨੂੰ ਹੁਣ ਕਾਂਗਰਸ ਦੇ ਸ਼ਾਸਨਕਾਲ ਵਾਲੇ ਤਿੰਨ ਹੋਰ ਸੂਬਿਆਂ ਵਿੱਚ ਵੀ ਲਾਗੂ ਕੀਤਾ ਗਿਆ। ਕਿਸਾਨ ਕਰਜ਼ਾ ਮੁਆਫੀ ਦੀ ਪ੍ਰਗਤੀ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ 428246 ਕਿਸਾਨਾਂ ਦੇ ਕਰਜ਼ਿਆਂ 'ਤੇ 3595.04 ਕਰੋੜ ਰੁਪਏ ਦੀ ਰਾਹਤ ਦਿੱਤੀ ਅਤੇ ਹੁਣ 159632 ਛੋਟੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇਣ ਦੀ ਪ੍ਰਕ੍ਰਿਆ ਚੱਲ ਰਹੀ ਹੈ।

ਇਨ੍ਹਾਂ ਵਿੱਚੋਂ ਸਹਿਕਾਰੀ ਬੈਂਕਾਂ ਨਾਲ ਜੁੜੇ 317965 ਸੀਮਾਂਤ ਕਿਸਾਨਾਂ ਨੂੰ ਉਨ੍ਹਾਂ ਦੇ ਕਰਜ਼ਿਆਂ ਲਈ 1815.78 ਕਰੋੜ ਰੁਪਏ ਅਤੇ ਵਪਾਰਕ ਬੈਂਕਾਂ ਦੇ 110281 ਸੀਮਾਂਤ ਕਿਸਾਨਾਂ ਨੂੰ 1779.26 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਤੱਥਾਂ ਨੂੰ ਸੁਖਬੀਰ ਜਾਂ ਕੋਈ ਹੋਰ ਵੀ ਰੱਦ ਨਹੀਂ ਕਰ ਸਕਦਾ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਉਸ ਦੀ ਸਰਕਾਰ ਦੌਰਾਨ ਕਿਸਾਨਾਂ ਨੂੰ ਕੋਈ ਵੀ ਲਾਭ ਦੇਣ ਦੀ ਇਕ ਵੀ ਮਿਸਾਲ ਪੇਸ਼ ਕਰਨ ਦੀ ਚੁਣੌਤੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਅਕਾਲੀ ਦਲ ਅਤੇ ਉਸ ਦੀ ਲੀਡਰਸ਼ਿਪ ਬੁਰੀ ਤਰ੍ਹਾਂ ਸੰਕਟ 'ਚ ਘਿਰੀ ਹੋਈ ਹੈ

ਜਿਸ ਕਰਕੇ ਸੁਖਬੀਰ ਬਾਦਲ ਨਿਰਾਸ਼ਾ ਦੇ ਆਲਮ ਵਿੱਚ ਝੂਠ ਦਾ ਸਹਾਰਾ ਲੈ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਤੇ ਉਸ ਦੀ ਸਹਿਯੋਗੀ ਭਾਜਪਾ ਪੰਜਾਬ ਵਿੱਚ ਹਾਸ਼ੀਏ 'ਤੇ ਪਹੁੰਚ ਚੁੱਕੇ ਹਨ ਅਤੇ ਸਿਆਸੀ ਮੈਦਾਨ 'ਚੋਂ ਵੀ ਮਿਟ ਗਏ ਹਨ ਜਿਸ ਕਰਕੇ ਅਕਾਲੀ ਦਲ ਦਾ ਪ੍ਰਧਾਨ ਸਿਆਸੀ ਅਲਹਿਦਗੀ ਤੋਂ ਬਚਣ ਲਈ ਹੱਥ-ਪੈਰ ਮਾਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਗਾਮੀ ਸੰਸਦੀ ਚੋਣਾਂ ਵਿੱਚ ਆਪਣੀ ਸਪੱਸ਼ਟ ਹਾਰ ਨਜ਼ਰ ਆਉਂਦੀ ਦੇਖ ਬਾਦਲ ਹੁਣ ਸਹਿਮੇ ਹੋਏ ਖਰਗੋਸ਼ ਵਾਂਗ ਭੱਜ ਰਹੇ ਹਨ ਜਿਨ੍ਹਾਂ ਨੂੰ ਲੁਕਣ ਲਈ ਥਾਂ ਵੀ ਨਹੀਂ ਲੱਭ ਰਹੀ।

ਉਨ੍ਹਾਂ ਕਿਹਾ ਕਿ ਜੇਕਰ ਬਾਦਲਾਂ ਨੇ ਲੋਕਾਂ ਨੂੰ ਧੋਖਾ ਦੇਣ ਦੀਆਂ ਕੋਸ਼ਿਸ਼ਾਂ ਬੰਦ ਨਾ ਕੀਤੀਆਂ ਤਾਂ ਵੋਟਰਾਂ ਵੱਲੋਂ ਉਨ੍ਹਾਂ ਨੂੰ ਸਦਾ ਲਈ ਸਿਆਸੀ ਗੁਮਨਾਮੀ ਵੱਲ ਧੱਕ ਦਿੱਤਾ ਜਾਵੇਗਾ।

Related Stories