ਨਵਜੋਤ ਸਿੱਧੂ ਫਿਰ ਆਏ ਸੁਰਖੀਆਂ 'ਚ! RTI ਰਾਹੀਂ ਜਾਣਕਾਰੀ ਆਈ ਸਾਹਮਣੇ

ਏਜੰਸੀ

ਖ਼ਬਰਾਂ, ਪੰਜਾਬ

RTI ਅਨੁਸਾਰ ਨਿੱਜੀ ਦੌਰੇ ਨੂੰ ਸਰਕਾਰੀ ਦਸਦਿਆਂ ਲੈ ਲਏ ਸਾਰੇ ਭੱਤੇ

file photo

ਜਲੰਧਰ  : ਨਵਜੋਤ ਸਿੰਘ ਸਿੱਧੂ ਦਾ ਵਿਵਾਦਾਂ ਨਾਲ ਚੋਲੀ-ਦਾਮਨ ਦਾ ਸਾਥ ਰਿਹਾ ਹੈ। ਉਹ ਅੱਜਕੱਲ੍ਹ ਭਾਵੇਂ ਸਰਗਰਮ ਸਿਆਸਤ 'ਚੋਂ ਪਰ੍ਹੇ ਹਨ ਪਰ ਉਨ੍ਹਾਂ ਬਾਰੇ ਨਿੱਤ ਨਵੀਆਂ ਕਨਸੋਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜੋ ਝੱਟ ਸੁਰਖੀਆਂ ਬਣ ਜਾਂਦੀਆਂ ਹਨ। ਨਵਾਂ ਵਿਵਾਦ ਉਨ੍ਹਾਂ ਦੇ ਪਾਕਿਸਤਾਨ ਦੌਰੇ ਨਾਲ ਜੁੜਿਆ ਸਾਮ੍ਹਣੇ ਆ ਰਿਹਾ ਹੈ। ਦਰਅਸਲ ਨਵਜੋਤ ਸਿੰਘ ਸਿੱਧੂ ਪਿਛਲੇ ਸਾਲ ਗੁਆਢੀ ਮੁਲਕ ਦੇ ਪ੍ਰਧਾਨ ਮੰਤਰੀ ਦੇ ਸਹੁ ਚੁੱਕ ਸਮਾਗਮ 'ਚ ਸ਼ਾਮਲ ਹੋਣ ਲਈ ਨਿੱਜੀ ਦੌਰੇ 'ਤੇ ਪਾਕਿਸਤਾਨ ਗਏ ਸਨ। ਹੁਣ, ਸਿੱਧੂ ਦੀ ਇਸ ਫੇਰੀ ਨੂੰ ਲੈ ਕੇ ਆਰ.ਟੀ.ਆਈ. 'ਚ ਜੋ ੁਖੁਲਾਸਾ ਹੋਇਆ ਹੈ, ਉਸ ਅਨੁਸਾਰ ਸਿੱਧੂ ਨੇ ਉਸ ਸਮੇਂ ਸਰਕਾਰੀ ਫ਼ਾਈਲਾਂ 'ਚ ਇਸ ਦੌਰੇ ਨੂੰ ਸਰਕਾਰੀ ਦੌਰਾ ਦਸਦਿਆਂ ਸਭ ਤਰ੍ਹਾਂ ਦੇ ਸਰਕਾਰੀ ਭੱਤੇ ਲੈ ਲਏ ਸਨ, ਜਦਕਿ ਸਿੱਧੂ ਦਾ ਇਹ ਦੌਰਾ ਨਿੱਜੀ ਸੀ। ਸਿੱਧੂ ਦੇ ਪਾਕਿ ਦੌਰੇ ਨੂੰ ਲੈ ਕੇ ਆਰ.ਟੀ.ਆਈ. 'ਚ ਹੋਇਆ ਇਹ ਨਵਾਂ ਖੁਲਾਸਾ ਸਿੱਧੂ ਲਈ ਨਵੇਂ ਵਿਵਾਦ ਦਾ ਕਾਰਨ ਬਣ ਸਕਦਾ ਹੈ।

ਆਰ.ਟੀ.ਆਈ. ਦੇ ਖੁਲਾਸੇ ਮੁਤਾਬਕ ਸਿੱਧੂ ਨੂੰ ਪਾਕਿਸਤਾਨ ਜਾਣ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਰਜਿਆ ਸੀ ਪਰ ਬਾਅਦ 'ਚ ਨਿੱਜੀ ਦੌਰੇ ਦੇ ਤੌਰ 'ਤੇ ਜਾਣ ਦੀ ਇਜਾਜ਼ਤ ਦੇ ਦਿਤੀ ਸੀ। ਪਰ ਦੌਰੇ ਦੌਰਾਨ ਜੋ ਖ਼ਰਚ ਹੋਇਆ, ਉਹ ਸਿੱਧੂ ਨੇ ਸਰਕਾਰੀ ਕਾਗ਼ਜ਼ਾਤਾਂ ਰਾਹੀਂ ਜੋ ਭੱਤੇ ਇਕ ਮੰਤਰੀ ਨੂੰ ਮਿਲਦੇ ਹਨ, ਉਹ ਸਰਕਾਰ ਤੋਂ ਲੈ ਲਏ ਹਨ।

ਆਰ.ਟੀ.ਆਈ. ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਧੂ ਪਿਛਲੇ ਸਾਲ 18 ਅਕਤੂਬਰ 2018 ਨੂੰ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁ ਚੁੱਕ ਸਮਾਗਮ 'ਚ ਸ਼ਾਮਲ ਹੋਣ ਲਈ ਬਤੌਰ ਦੋਸਤ ਗਏ ਸਨ। ਉਥੇ ਸਿੱਧੂ ਨੇ ਇਸ ਗ਼ੈਰ ਸਰਕਾਰੀ ਦੌਰੇ ਨੂੰ ਸਰਕਾਰੀ ਦੌਰਾ ਕਰਾਰ ਦਿੰਦਿਆਂ ਪੰਜਾਬ ਸਰਕਾਰ ਤੋਂ ਹਰ ਤਰ੍ਹਾਂ ਦਾ ਕਲੇਮ ਲਿਆ  ਹੋਇਆ ਹੈ। ਇਸ ਦੇ ਦਸਤਾਵੇਜ਼ ਹੁਣ ਆਰ.ਟੀ.ਆਈ. ਜ਼ਰੀਏ ਸਾਹਮਣੇ ਆਏ ਹਨ।

ਆਰ.ਟੀ.ਆਈ. ਤੋਂ ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ 17 ਅਗੱਸਤ 2018 ਨੂੰ ਅਪਣੀ ਕਾਰ ਦਾ ਇਸਤੇਮਾਲ ਕਰਦੇ ਹੋਏ ਅੰਮ੍ਰਿਤਸਰ ਵਾਹਵਾ ਬਾਰਡਰ ਪਹੁੰਚੇ ਸਨ। ਇਸ ਲਈ ਸਿੱਧੂ ਨੂੰ 88 ਕਿਲੋਮੀਟਰ ਦੇ ਸਫ਼ਰ 15 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ 1320 ਰੁਪਏ ਕਲੇਮ ਲਿਆ ਹੈ। ਇਸ ਤਰ੍ਹਾਂ 17 ਅਗੱਸਤ ਦੇ ਰੋਜ਼ਾਨਾ ਭੱਤੇ ਦੇ ਤੌਰ 'ਤੇ 1500 ਰੁਪਏ ਵੱਖ ਲਏ ਹਨ।

ਇਸ ਤੋਂ ਬਾਅਦ ਸਿੱਧੂ 17 ਅਗੱਸਤ ਅਤੇ 18 ਅਗੱਸਤ ਦੀ ਰਾਤ ਪਾਸਿਕਤਾਨ 'ਚ ਠਹਿਰੇ ਅਤੇ ਪਾਕਿਸਤਾਨ ਤੋਂ 19 ਅਗੱਸਤ ਨੂੰ ਬਾਅਦ ਦੁਪਹਿਰ ਭਾਰਤ ਵਾਪਸ ਪਰਤੇ। ਇੱਥੋਂ ਉਨ੍ਹਾਂ ਨੇ ਵਾਹਗਾ ਬਾਰਡਰ ਤੋਂ ਚੰਡੀਗੜ੍ਹ ਤਕ ਦਾ 370 ਕਿਲੋਮੀਟਰ ਦਾ ਸਫ਼ਰ 15 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ 5550 ਰੁਪਏ ਕਲੇਮ ਲਿਆ। ਇਸ ਦੇ ਨਾਲ ਹੀ 19 ਅਗੱਸਤ ਵਾਲੇ ਦਿਨ ਵੀ ਰੋਜ਼ਾਨਾ ਭੱਤੇ ਸਮੇਤ 750 ਰੁਪਏ ਲੈ ਲਏ। ਇਸ ਦੇ ਨਾਲ ਹੀ ਸਿੱਧੂ ਨੇ ਇਨ੍ਹਾਂ ਤਿੰਨ ਦਿਨਾਂ ਦੇ ਡਰਾਈਵਰ ਦੀ ਤਨਖ਼ਾਹ 1000 ਰੁਪਏ ਵੀ ਸਰਕਾਰ ਤੋਂ ਲਏ ਹਨ।

ਆਰ.ਟੀ.ਆਈ. ਪਾਉਣ ਵਾਲੇ ਅਸ਼ਵਨੀ ਕੁਮਾਰ ਨੇ ਦਸਿਆ ਕਿ ਆਰ.ਟੀ.ਆਈ. ਜ਼ਰੀਏ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਵਿਚ ਸਿੱਧੂ ਵਲੋਂ ਪਾਕਿਸਤਾਨ ਦੇ ਦੌਰੇ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਰ.ਟੀ.ਆਈ. ਜ਼ਰੀਏ ਹੋਏ ਖੁਲਾਸੇ ਮੁਤਾਬਕ ਸਿੱਧੂ ਵਲੋਂ ਅਪਣੇ ਨਿੱਜੀ ਦੌਰੇ ਨੂੰ ਸਰਕਾਰੀ ਦੌਰੇ ਦੇ ਤੌਰ 'ਤੇ ਸਰਕਾਰੀ ਕਾਗ਼ਜ਼ਾਤ 'ਚ ਦਰਸਾਉਂਦੇ ਹੋਏ ਸਰਕਾਰ ਤੋਂ ਮਿਲਦੇ ਸਾਰੇ ਭੱਤੇ ਲਏ ਗਏ ਹਨ।