Bharat Inder Chahal: ਵਿਜੀਲੈਂਸ ਸਾਹਮਣੇ ਪੇਸ਼ ਹੋਏ ਭਰਤ ਇੰਦਰ ਚਾਹਲ; 4 ਘੰਟੇ ਤੋਂ ਵੱਧ ਸਮੇਂ ਤਕ ਹੋਈ ਪੁੱਛਗਿੱਛ
ਭਰਤ ਇੰਦਰ ਸਿੰਘ ਚਾਹਲ ਨੂੰ ਅਗਲੇ ਹਫ਼ਤੇ ਮੁੜ ਪੁੱਛਗਿੱਛ ਲਈ ਵਿਜੀਲੈਂਸ ਦਫ਼ਤਰ ਬੁਲਾਇਆ ਜਾ ਸਕਦਾ ਹੈ
Bharat Inder Chahal: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਅੱਜ ਵਿਜੀਲੈਂਸ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ 4 ਘੰਟੇ ਤੋਂ ਵੱਧ ਸਮੇਂ ਤਕ ਪੁੱਛਗਿੱਛ ਕੀਤੀ। ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਭਰਤ ਇੰਦਰ ਸਿੰਘ ਚਾਹਲ ਨੂੰ ਅਗਲੇ ਹਫ਼ਤੇ ਮੁੜ ਪੁੱਛਗਿੱਛ ਲਈ ਵਿਜੀਲੈਂਸ ਦਫ਼ਤਰ ਬੁਲਾਇਆ ਜਾ ਸਕਦਾ ਹੈ।
ਵਿਜੀਲੈਂਸ ਬਿਊਰੋ ਵਲੋਂ ਦਰਜ ਕੀਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪਹਿਲਾਂ ਸੰਮਨ ਨੂੰ ਚੁਨੌਤੀ ਦਿੰਦਿਆਂ ਚਾਹਲ ਨੇ ਅਗਾਊਂ ਜ਼ਮਾਨਤ ਮੰਗੀ ਸੀ ਤੇ ਕਿਹਾ ਸੀ ਕਿ ਉਹ ਦਿਲ ਦੇ ਮਰੀਜ਼ ਹਨ ਤੇ ਜਾਂਚ ਵਿਚ ਸ਼ਾਮਲ ਹੋ ਕੇ ਸਹਿਯੋਗ ਦੇਣ ਲਈ ਵੀ ਤਿਆਰ ਹਨ।
ਇਸੇ ’ਤੇ ਸਰਕਾਰ ਨੇ ਚਾਹਲ ਦੀ ਡਾਕਟਰੀ ਜਾਂਚ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਉਹ ਤੰਦਰੁਸਤ ਹਨ ਪਰ ਚਾਹਲ ਵਲੋਂ ਪੇਸ਼ ਹੋਏ ਐਡਵੋਕੇਟ ਕੇਐਸ ਨਲਵਾ ਤੇ ਹੋਰਨਾਂ ਨੇ ਦਲੀਲ ਦਿਤੀ ਕਿ ਸਰਕਾਰ ਨੇ ਇਹ ਰੀਪੋਰਟ ਡਾਕਟਰਾਂ ’ਤੇ ਪ੍ਰਭਾਵ ਪਾ ਕੇ ਤਿਆਰ ਕਰਵਾਈ ਹੈ, ਲਿਹਾਜ਼ਾ ਡਾਕਟਰੀ ਜਾਂਚ ਪੀਜੀਆਈ ਦੇ ਡਾਕਟਰਾਂ ਤੋਂ ਜਾਂ ਫਿਰ ਪੰਜਾਬ ਤੋਂ ਬਾਹਰ ਪੰਚਕੂਲਾ ਦੇ ਸਰਕਾਰੀ ਡਾਕਟਰਾਂ ਕੋਲੋਂ ਕਰਵਾਈ ਜਾਵੇ। ਇਸੇ ’ਤੇ ਹਾਈ ਕੋਰਟ ਨੇ ਰਾਜਿੰਦਰਾ ਹਸਪਤਾਲ ਦੇ ਪ੍ਰੋਫ਼ੈਸਰ ਪੱਧਰ ਦੇ ਡਾਕਟਰਾਂ ਕੋਲੋਂ ਜਾਂਚ ਕਰਵਾਉਣ ਦੀ ਹਦਾਇਤ ਦਿਤੀ ਸੀ।
(For more Punjabi news apart from Bharat Inder Chahal appeared before Vigilance, stay tuned to Rozana Spokesman)