ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ 10 ਸਾਲਾਂ ਦਾ ਮਾਸੂਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਘਟਨਾ ਤੋਂ ਪਹਿਲਾਂ ਕਾਲਾਂਵਾਲੀ ਨੇੜੇ ਪਿੰਡ ਚੱਠਾ 'ਚ ਨੋਚ ਨੋਚ ਕੇ 2 ਸਾਲਾਂ ਦੀ ਬੱਚੀ ਨੂੰ ਮਾਰ ਦਿੱਤਾ ਸੀ....

ਅਵਾਰਾ ਕੁੱਤੇ

ਚੰਡੀਗੜ੍ਹ : ਪੰਜਾਬ ਵਿਚ ਅਵਾਰਾ ਕੁੱਤਿਆਂ ਦਾ ਕਹਿਰ ਇਸ ਕਦਰ ਵਧਦਾ ਜਾ ਰਿਹਾ ਹੈ ਕਿ ਉਹ ਹੁਣ ਬੱਚਿਆਂ ਨੂੰ ਵੀ ਅਪਣਾ ਸ਼ਿਕਾਰ ਬਣਾਉਣ ਲੱਗੇ ਹਨ। ਅਜਿਹੀ ਹੀ ਇਕ ਮੰਦਭਾਗੀ ਘਟਨਾ ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਨਾਭਾ ਨੇੜੇ ਪੈਂਦੇ ਪਿੰਡ ਮੈਹਸ ਵਿਖੇ ਵਾਪਰੀ ਹੈ। ਜਿੱਥੇ ਕੁੱਝ ਆਵਾਰਾ ਕੁੱਤਿਆਂ ਨੇ 10 ਸਾਲਾਂ ਦੇ ਇਕ ਮਾਸੂਮ ਬੱਚੇ ਨੂੰ ਨੋਚ-ਨੋਚ ਕੇ ਮਾਰ ਦਿਤਾ। ਮ੍ਰਿਤਕ ਬੱਚੇ ਦੀ ਸ਼ਨਾਖ਼ਤ ਸਾਬਰ ਵਜੋਂ ਹੋਈ ਹੈ।

ਘਟਨਾ ਸਥਾਨ 'ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਇਹ ਜੰਗਲੀ ਕੁੱਤੇ ਅਪਣੇ ਘਰ ਦੇ ਬਾਹਰ ਖੇਡ ਰਹੇ ਬੱਚੇ ਨੂੰ ਗਲ਼ ਤੋਂ ਘਸੀਟ ਲੈ ਕੇ ਗਏ। ਜਿੱਥੇ ਕਈ ਕੁੱਤਿਆਂ ਨੇ ਇਸ ਮਾਸੂਮ ਨੂੰ ਜਿੰਦਾ ਹੀ ਨੋਚ ਦਿਤਾ। ਬੱਚੇ ਦਾ ਘਰ ਪਿੰਡ ਦੇ ਬਾਹਰਵਾਰ ਸਥਿਤ ਹੈ। ਇਸ ਤੋਂ ਇਕ ਦਿਨ ਪਹਿਲਾਂ ਕਾਲਾਂਵਾਲੀ ਨੇੜਲੇ ਪਿੰਡ ਚੱਠਾ ਵਿਚ ਵੀ ਅਵਾਰਾ ਕੁੱਤਿਆਂ ਨੇ ਘਰ ਦੇ ਬਾਹਰ ਖੇਡ ਰਹੀ ਦੋ ਸਾਲਾਂ ਦੀ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿਤਾ ਸੀ।

ਇਹ ਘਟਨਾ ਵੀ ਪਿੰਡ ਚੱਠਾ ਦੇ ਬਾਹਰਵਾਰ ਖੇਤਾਂ ਵਿਚ ਸਥਿਤ ਸੁੱਖਾ ਸਿੰਘ ਦੀ ਢਾਣੀ ਵਿਖੇ ਵਾਪਰੀ। ਜਿੱਥੇ ਘਰ ਦੇ ਬਾਹਰ ਖੇਡ ਰਹੀ ਇਕ ਬੱਚੀ ਨੂੰ ਅਵਾਰਾ ਕੁੱਤੇ ਘਸੀਟ ਕੇ ਖੇਤਾਂ ਵਿਚ ਲੈ ਗਏ ਸਨ ਅਤੇ ਉਸ ਦੇ ਸਿਰ ਅੱਧਾ ਹਿੱਸਾ ਬੁਰੀ ਤਰ੍ਹਾਂ ਨੋਚ ਲਿਆ।

ਇਸ ਤੋਂ ਪਹਿਲਾਂ ਵੀ ਅਵਾਰਾ ਕੁੱਤਿਆਂ ਵਲੋਂ ਲੋਕਾਂ ਦੀ ਜਾਨ ਲਏ ਜਾਣ ਦੀਆਂ ਅਨੇਕਾਂ ਘਟਨਾਵਾਂ ਪੰਜਾਬ ਵਿਚ ਵਾਪਰ ਚੁੱਕੀਆਂ ਹਨ ਪਰ ਅਫ਼ਸੋਸ ਕਿ ਸਰਕਾਰ ਵਲੋਂ ਇਸ ਦਿਸ਼ਾ ਵਿਚ ਕੋਈ ਠੋਸ ਕਦਮ ਨਹੀਂ ਉਠਾਇਆ ਜਾ ਰਿਹਾ ਹੈ, ਜਿਸ ਕਾਰਨ ਅਵਾਰਾ ਕੁੱਤਿਆਂ ਦਾ ਖ਼ੌਫ਼ ਅਜੇ ਵੀ ਲੋਕਾਂ ਵਿਚ ਬਣਿਆ ਹੋਇਆ ਹੈ।