Paytm ਸਬੰਧੀ ਕਾਲ ਸੁਣਨੀ ਡਾਕਟਰ ਨੂੰ ਪਈ ਮਹਿੰਗੀ, ਖਾਤੇ 'ਚੋਂ 40 ਹਜ਼ਾਰ ਗਾਇਬ!

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ

file photo

ਚੰਡੀਗੜ੍ਹ : ਨੌਸਰਬਾਜ਼ਾਂ ਵਲੋਂ ਲੋਕਾਂ ਦੇ ਖਾਤਿਆਂ ਨੂੰ ਸੰਨ੍ਹ ਲਾਉਣ ਖ਼ਾਤਰ ਨਵੇਂ ਨਵੇਂ ਤਰੀਕੇ ਅਜਮਾਏ ਜਾ ਰਹੇ ਹਨ। ਇਸੇ ਤਹਿਤ ਇਕ ਨੌਸਰਬਾਜ਼ ਨੇ ਸੈਕਟਰ-11 ਨਿਵਾਸੀ ਡਾਕਟਰ ਨੂੰ ਫ਼ੋਨ 'ਤੇ ਪੇਅਟੀਐਮ ਵਿਚੋਂ ਕੱਟੇ ਪੈਸੇ ਵਾਪਸ ਕਰਵਾਉਣ ਦਾ ਝਾਂਸਾ ਦੇ ਕੇ ਖਾਤੇ ਵਿਚੋਂ 40 ਹਜ਼ਾਰ ਰੁਪਏ ਉਡਾ ਲਏ।

ਸੈਕਟਰ-11 ਥਾਣੇ 'ਚ ਪੁਲਿਸ ਨੂੰ ਦਿਤੀ ਸ਼ਿਕਾਇਤ 'ਚ ਡਾਕਟਰ ਨੇ ਦਸਿਆ ਕਿ ਉਸ ਨੂੰ ਇਕ ਫ਼ੋਨ ਕਾਲ ਆਈ ਸੀ। ਖੁਦ ਨੂੰ ਸੰਤੋਸ਼ ਕੁਮਾਰ ਦੱਸਣ ਵਾਲੇ ਵਿਅਕਤੀ ਨੇ ਡਾਕਟਰ ਨੂੰ ਕਿਹਾ ਕਿ ਉਸ ਵਲੋਂ ਇਹ ਕਾਲ ਤੁਹਾਡੇ ਪੇਅਟੀਐਮ ਤੋਂ ਕੱਟੇ ਗਏ ਪੈਸੇ ਵਾਪਸ ਕਰਵਾਉਣ ਖ਼ਾਤਰ ਕੀਤੀ ਗਈ ਹੈ।

ਸ਼ਿਕਾਇਤਕਰਤਾ ਅਨੁਸਾਰ ਇਸ ਤੋਂ ਬਾਅਦ ਨੌਸਰਬਾਜ਼ ਨੇ ਇਕ ਲਿੰਕ ਭੇਜ ਕੇ ਉਸ  ਨੂੰ ਖੋਲ੍ਹਣ ਲਈ ਕਿਹਾ। ਡਾਕਟਰ ਨੇ ਲਿੰਕ ਨੂੰ ਖੋਲ੍ਹ ਕੇ ਉਸ 'ਚ ਨੌਸਰਬਾਜ਼ ਦੇ ਕਹਿਣ ਅਨੁਸਾਰ ਖਾਤੇ ਨਾਲ ਸਬੰਧਤ ਜਾਣਕਾਰੀ ਭਰ ਦਿਤੀ।

ਇਸ ਤੋਂ ਤੁਰਤ ਬਾਅਦ ਡਾਕਟਰ ਦੇ ਫ਼ੋਨ 'ਤੇ ਐਸਬੀਆਈ ਵਿਚਲੇ ਉਸ ਦੇ ਖਾਤੇ ਵਿਚੋਂ 40 ਹਜ਼ਾਰ ਰੁਪਏ ਪੇਅਟੀਐਮ ਵਾਲੇਟ 'ਚ ਪਾਏ ਸਬੰਧੀ ਸੁਨੇਹਾ ਆਇਆ। ਬਾਅਦ 'ਚ ਪੇਅਟੀਐਮ 'ਚ ਆਏ ਪੈਸੇ ਤਾਮਿਲਨਾਡੂ ਦੇ ਅੰਸਾਰੀ ਨਾਮ ਦੇ ਵਿਅਕਤੀ ਦੇ ਖ਼ਾਤੇ ਵਿਚ ਟਰਾਂਸਫਰ ਕਰ ਦਿਤੇ ਗਏੇ।

ਇਸ ਤੋਂ ਬਾਅਦ ਉਸੇ ਦਿਨ ਹੀ ਇਸ ਖ਼ਾਤੇ ਵਿਚੋਂ ਵੀ ਪੈਸੇ ਕਢਵਾ ਲਏ ਗਏ ਹਨ। ਪੁਲਿਸ ਨੇ ਡਾਕਟਰ ਦੀ ਸ਼ਿਕਾਇਤ 'ਤੇ ਇਸ ਮਾਮਲੇ 'ਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।