ਬਠਿੰਡਾ ’ਚ ਪ੍ਰਵੇਸ਼ ਵਰਮਾ ਵਿਰੁਧ ਕੇਸ ਦਰਜ, ਪੰਜਾਬੀਆਂ ਨੂੰ ਲੈ ਕੇ ਦਿੱਤੇ ਗਏ ਬਿਆਨ ’ਤੇ ਵਧੀਆਂ ਮੁਸ਼ਕਲਾਂ
ਰਵਿੰਦਰ ਸਿੰਘ ਨੇ ਬਠਿੰਡਾ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ
ਬਠਿੰਡਾ : ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਪ੍ਰਵੇਸ਼ ਵਰਮਾ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਪਿਛਲੇ ਦਿਨੀਂ ਦਿੱਲੀ ’ਚ ਪ੍ਰਵੇਸ਼ ਵਰਮਾ ਦੇ ਇਕ ਬਿਆਨ ਨੂੰ ਲੈ ਕੇ ਪੰਜਾਬ ਦੀ ਬਠਿੰਡਾ ਜ਼ਿਲ੍ਹਾ ਅਦਾਲਤ ਵਿੱਚ ਇੱਕ ਵਿਅਕਤੀ ਨੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।
ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਦਿੱਲੀ ਵਿੱਚ ਆਉਣ-ਜਾਣ ਵਾਲੀਆਂ ਗੱਡੀਆਂ ਸਬੰਧੀ ਪੰਜਾਬੀ ਨੰਬਰਾਂ ਵਾਲੀਆਂ ਗੱਡੀਆਂ ਲੈ ਕੇ ਜਾਣ ਵਾਲਿਆਂ ਵਿਰੁਧ ਬਿਆਨ ਦੇਣ ਵਾਲੇ ਪ੍ਰਵੇਸ਼ ਵਰਮਾ ਵਿਰੁਧ ਰਵਿੰਦਰ ਸਿੰਘ ਨੇ ਬਠਿੰਡਾ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਇਸ ਮਾਮਲੇ ਦੀ ਸੁਣਵਾਈ 28 ਜਨਵਰੀ ਨੂੰ ਹੋਵੇਗੀ।
ਇਸ ਕਾਰਨ ਭਾਜਪਾ ਨੂੰ ਇੱਕ ਵਾਰ ਫਿਰ ਵਿਰੋਧੀ ਪਾਰਟੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਵੇਸ਼ ਵਰਮਾ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ। ਪੰਜਾਬੀਆਂ ਬਾਰੇ ਗੱਲ ਕਰਦੇ ਹੋਏ, ਪਰਵੇਸ਼ ਵਰਮਾ ਨੇ ਪੰਜਾਬ ਤੋਂ ਦਿੱਲੀ ਆਉਣ ਵਾਲੀਆਂ ਗੱਡੀਆਂ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਸੀ ਕਿ ਰਾਜਧਾਨੀ ਦਿੱਲੀ ਵਿੱਚ ਪੰਜਾਬ ਨੰਬਰ ਪਲੇਟਾਂ ਵਾਲੇ ਵਾਹਨ ਕੀ ਕਰ ਰਹੇ ਹਨ? ਉਹ ਦਿੱਲੀ ਦੀ ਸੁਰੱਖਿਆ ਲਈ ਖ਼ਤਰਾ ਹਨ। ਕੀ ਤੁਸੀਂ ਗਣਤੰਤਰ ਦਿਵਸ 'ਤੇ ਕੁਝ ਕਰਨ ਦੀ ਯੋਜਨਾ ਨਹੀਂ ਬਣਾ ਰਹੇ?
ਇਸ ਬਿਆਨ ਤੋਂ ਬਾਅਦ ਹੰਗਾਮਾ ਹੋ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਪਰਵੇਸ਼ ਵਰਮਾ ਦੇ ਬਿਆਨ ਨੂੰ ਪੰਜਾਬੀਆਂ ਦਾ ਅਪਮਾਨ ਕਿਹਾ। ਉਨ੍ਹਾਂ ਕੇਂਦਰੀ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ ਉਹ ਪਰਵੇਸ਼ ਵਰਮਾ ਨੂੰ ਪੰਜਾਬੀਆਂ ਤੋਂ ਮੁਆਫੀ ਮੰਗਣ ਲਈ ਕਹਿਣ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਪ੍ਰਵੇਸ਼ ਵਰਮਾ ਨੂੰ ਵੀ ਆੜੇ ਹੱਥੀਂ ਲਿਆ ਹੈ।