Punjab News: ਬਠਿੰਡਾ ਵਿਚ NIA ਦੀ ਰੇਡ; ਪਿੰਡ ਡੂਮਵਾਲੀ ਅਤੇ ਪਥਰਾਲਾ ਵਿਚ ਤੜਕੇ ਪਹੁੰਚੀਆਂ ਟੀਮਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੈਰਿਜ ਪੈਲੇਸ ਮਾਲਕ ਗੁਰਵਿੰਦਰ ਸਿੰਘ ਅਤੇ ਕਾਰਾਂ ਦਾ ਕਾਰੋਬਾਰ ਕਰਨ ਵਾਲੇ ਬਰਿੰਦਰ ਸਿੰਘ ਦੇ ਘਰ ਹੋਈ ਛਾਪੇਮਾਰੀ

NIA Raid in bathinda

Punjab News: ਬਠਿੰਡਾ ਜ਼ਿਲ੍ਹੇ ਵਿਚ ਪੰਜਾਬ-ਹਰਿਆਣਾ ਸਰਹੱਦ ਨਾਲ ਲੱਗਦੇ ਪਿੰਡ ਡੂਮਵਾਲੀ ਅਤੇ ਪਥਰਾਲਾ ਵਿਖੇ ਅੱਜ ਤੜਕੇ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਛਾਪੇਮਾਰੀ ਹੋਈ। ਮਿਲੀ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਪਿੰਡ ਪਥਰਾਲਾ, ਡੂਮਵਾਲੀ ਅਤੇ ਰਾਮਪੁਰਾ ਇਲਾਕਿਆਂ ਵਿਚ ਕੀਤੀ ਗਈ। ਇਸ ਦੌਰਾਨ ਮੈਰਿਜ ਪੈਲੇਸ ਮਾਲਕ ਗੁਰਵਿੰਦਰ ਸਿੰਘ ਅਤੇ ਕਾਰਾਂ ਦਾ ਕਾਰੋਬਾਰ ਕਰਨ ਵਾਲੇ ਬਰਿੰਦਰ ਸਿੰਘ ਦੇ ਘਰ ਛਾਪੇਮਾਰੀ ਹੋਈ।

ਏਜੰਸੀ ਦੀਆਂ ਟੀਮਾਂ ਕੁੱਝ ਘਰਾਂ 'ਚ ਸਵੇਰੇ 3 ਵਜੇ ਪਹੁੰਚੀਆਂ, ਜਦਕਿ ਕੁੱਝ ਥਾਵਾਂ 'ਤੇ ਸਵੇਰੇ 6 ਵਜੇ ਜਾਂਚ ਕੀਤੀ ਗਈ, ਇਹ ਜਾਂਚ ਕਰੀਬ 3 ਘੰਟੇ ਤਕ ਚੱਲੀ। ਜਾਂਚ 'ਚ ਕੁੱਝ ਨਾ ਮਿਲਣ 'ਤੇ ਕੁੱਝ ਲੋਕਾਂ ਨੂੰ ਪੁੱਛਗਿੱਛ ਲਈ ਦਿੱਲੀ ਬੁਲਾਇਆ ਗਿਆ ਹੈ। ਇਸ ਦੌਰਾਨ ਟੀਮਾਂ ਅਪਣੇ ਨਾਲ ਕੁੱਝ ਦਸਤਾਵੇਜ਼ ਵੀ ਲੈ ਕੇ ਗਈਆਂ ਹਨ।

ਪਿੰਡ ਪਥਰਾਲਾ ਦੇ ਸੋਨੂੰ ਸ਼ਰਮਾ ਨੇ ਦਸਿਆ ਕਿ ਜਾਂਚ ਟੀਮ ਵਲੋਂ ਉਸ ਕੋਲੋਂ ਅਤੇ ਪਰਵਾਰ ਕੋਲੋਂ ਪੁੱਛਗਿੱਛ ਕੀਤੀ ਗਈ। ਉਸ ਨੇ ਦਸਿਆ ਕਿ ਉਹ ਛੋਟਾ ਕਿਸਾਨ ਹੈ ਅਤੇ ਟੀਮ ਨੂੰ ਘਰ ਵਿਚੋਂ ਕੁੱਝ ਨਹੀਂ ਮਿਲਿਆ। ਸੋਨੂੰ ਸ਼ਰਮਾ ਨੇ ਦਸਿਆ ਕਿ ਉਹ ਕਿਸਾਨ ਅੰਦੋਲਨ ਵਿਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਸੀ, ਜਿਸ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਉਸ ਨੂੰ ਸੋਮਵਾਰ ਲਈ ਦਫ਼ਤਰ ਬੁਲਾਇਆ ਗਿਆ। ਇਸ ਮੌਕੇ ਪੰਜਾਬ ਪੁਲਿਸ ਦਾ ਅਮਲਾ ਵੀ ਮੌਜੂਦ ਸੀ।

ਐਨ.ਆਈ.ਏ. ਨੇ ਪੰਜਾਬ ਤੇ ਰਾਜਸਥਾਨ ’ਚ 16 ਥਾਵਾਂ ’ਤੇ ਛਾਪੇਮਾਰੀ ਕੀਤੀ, 6 ਜਣਿਆਂ ਨੂੰ ਹਿਰਾਸਤ ’ਚ ਲਿਆ

ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਦੇਸ਼ ’ਚ ਅਤਿਵਾਦੀਆਂ ਅਤੇ ਹੋਰ ਅਪਰਾਧੀਆਂ ਦੇ ਗਠਜੋੜ ਦਾ ਪਤਾ ਕਰਨ ਲਈ ਮੰਗਲਵਾਰ ਨੂੰ ਪੰਜਾਬ ਅਤੇ ਰਾਜਸਥਾਨ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਅਤੇ 6 ਲੋਕਾਂ ਨੂੰ ਹਿਰਾਸਤ ’ਚ ਲਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

ਕੇਂਦਰੀ ਜਾਂਚ ਏਜੰਸੀ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਤਿਵਾਦੀਆਂ ਅਤੇ ਹੋਰ ਅਪਰਾਧੀਆਂ ਵਿਚਾਲੇ ਗਠਜੋੜ ਨਾਲ ਜੁੜੇ ਇਕ ਮਾਮਲੇ ਵਿਚ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਪੰਜਾਬ ਵਿਚ 14 ਅਤੇ ਰਾਜਸਥਾਨ ਵਿਚ ਦੋ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦਸਿਆ ਕਿ ਅਤਿਵਾਦੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਦੋਸ਼ ’ਚ 6 ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

(For more Punjabi news apart from Punjab News: NIA Raid in bathinda, stay tuned to Rozana Spokesman)