ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਨੂੰ ਦਿੱਤਾ ਜਾਵੇਗਾ 25 ਫ਼ੀਸਦੀ ਵੱਧ ਮੁਆਵਜ਼ਾ : ਮੁੱਖ ਮੰਤਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-ਜਲਦ ਬੈਂਕ ਖਾਤਿਆਂ ਵਿਚ ਆਵੇਗੀ ਮੁਆਵਜ਼ਾ ਰਾਸ਼ੀ 

CM Bhagwant Mann

ਕੁਦਰਤ ਦੀ ਮਾਰ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇਗੀ ਪੰਜਾਬ ਸਰਕਾਰ
ਆਫ਼ਤ ਕਾਰਨ ਨੁਕਸਾਨੇ ਘਰਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀ ਕੀਤੀ ਜਾਵੇਗੀ ਮਦਦ : ਮੁੱਖ ਮੰਤਰੀ ਭਗਵੰਤ ਮਾਨ  
ਅਧਿਕਾਰੀਆਂ ਨੂੰ ਤੁਰੰਤ ਗਿਰਦਾਵਰੀ ਦੇ ਦਿੱਤੇ ਹੁਕਮ : ਮੁੱਖ ਮੰਤਰੀ ਭਗਵੰਤ ਮਾਨ 
ਚੰਡੀਗੜ੍ਹ :
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਹਿੱਤ ਵਿੱਚ ਵੱਡਾ ਫੈਸਲਾ ਲਿਆ ਹੈ। ਇਸ ਸਾਲ ਬੇਮੌਸਮੀ ਬਰਸਾਤ ਕਾਰਨ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਿਸ ਤਹਿਤ ਅੱਜ ਮੁੱਖ ਮੰਤਰੀ ਵਲੋਂ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਜਿਸ ਵਿਚ ਉਨ੍ਹਾਂ ਨੇ ਖ਼ਰਾਬੇ ਕਾਰਨ ਹੋਏ ਨੁਕਸਾਨ ਦੇ ਜਾਇਜ਼ੇ ਲਈ ਤੁਰੰਤ ਗਿਰਦਾਵਰੀ ਦੀ ਹੁਕਮ ਦਿੱਤੇ ਹਨ। 

ਫ਼ਸਲ ਖ਼ਰਾਬੇ ਦੀ ਸਮੀਖਿਆ ਮੀਟਿੰਗ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇੱਕ ਹੋਰ ਵੱਡਾ ਫ਼ੈਸਲਾ ਕੀਤਾ ਗਿਆ ਹੈ। ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਦੀ ਲਿਮਿਟ ਭਰਨ ਤੋਂ 1 ਸਾਲ ਦੀ ਛੋਟ ਦਿਤੀ ਗਈ ਹੈ। 

ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਗਿਰਦਾਵਰੀ ਕਰਨ ਲਈ ਵੀ ਕੁਝ ਨਿਯਮ ਬਣਾਏ ਗਏ ਹਨ ਜਿਨ੍ਹਾਂ ਦਾ ਸਖ਼ਤੀ ਨਾਲ ਪਾਲਣ ਯਕੀਨੀ ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਆਪਣੇ ਅੰਨਦਾਤੇ ਦੀਆਂ ਅੱਖਾਂ ਵਿਚ ਹੰਝੂ ਨਹੀਂ ਦੇਖ ਸਕਦੇ। ਜੇਕਰ ਸਾਡਾ ਅੰਨਦਾਤਾ ਖੁਸ਼ ਹੋਵੇਗਾ ਤਾਂ ਹੀ ਦੇਸ਼ ਖੁਸ਼ ਹੋਵੇਗਾ।

ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਨੂੰ 25 ਫ਼ੀਸਦੀ ਵੱਧ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 75 ਤੋਂ 100% ਖ਼ਰਾਬੇ ਲਈ 15 ਹਜ਼ਾਰ ਰੁਪਏ ਯਾਨੀ 25 ਫ਼ੀਸਦੀ ਵਾਧੇ ਨਾਲ ਮਿਲੇਗਾ। ਮੁਆਵਜ਼ਾ ਰਾਸ਼ੀ ਦੀ ਅਦਾਇਗੀ ਪ੍ਰਕਿਰਿਆ ਨੂੰ ਵੀ ਪਾਰਦਰਸ਼ੀ ਬਣਾਇਆ ਗਿਆ ਹੈ।ਸਰਕਾਰ ਵਲੋਂ ਇਹ ਮੁਆਵਜ਼ਾ ਰਕਮ ਬੈਂਕ ਖਾਤਿਆਂ ਵਿਚ ਆਵੇਗੀ। ਮੁੱਖ ਮੰਤਰੀ ਨੇ ਜ਼ਿਲ੍ਹਿਆਂ ਦੇ ਸਬੰਧਿਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।

ਇਹ ਵੀ ਪੜ੍ਹੋ: 'ਧਰਮ ਦੇ ਅਧਾਰ 'ਤੇ ਰਾਖਵਾਂਕਰਨ ਸੰਵਿਧਾਨਿਕ ਰੂਪ ਵਿਚ ਜਾਇਜ਼ ਨਹੀਂ'

ਗਿਰਦਾਵਰੀ ਲਈ ਵੀ ਕੁਝ ਨਿਯਮ ਬਣਾਏ ਗਏ ਹਨ ਜਿਸ ਤਹਿਤ ਹੁਣ ਪਟਵਾਰੀ ਕਿਸੇ ਇੱਕ ਵਿਅਕਤੀ ਦੇ ਘਰ ਵਿਚ ਬੈਠ ਕੇ ਗਿਰਦਾਵਰੀ ਨਹੀਂ ਕਰਨਗੇ ਸਗੋਂ ਇਸ ਲਈ ਸਾਂਝੀ ਜਗ੍ਹਾ ਜਿਵੇਂ ਗੁਰੂ ਘਰ ਆਦਿ ਵਿਖੇ ਅਨਾਊਂਸਮੈਂਟ ਕੀਤੀ ਜਾਵੇਗੀ। ਪਿੰਡ ਵਾਸੀਆਂ ਦੇ ਸਾਹਮਣੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਇੱਕ ਰਿਪੋਰਟ ਤਿਆਰ ਕੀਤੀ ਜਾਵੇਗੀ। ਸਰਕਾਰ ਵਲੋਂ ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਤਿਆਰ ਕੀਤੀ ਰਿਪੋਰਟ 'ਤੇ ਮੋਹਤਬਰ ਲੋਕਾਂ ਦੇ ਦਸਤਖ਼ਤ ਕਰਵਾਏ ਜਾਣਗੇ। 

ਅੰਤ ਵਿਚ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਸ ਵੀ ਫਸਲ ਦਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਤਾਂ ਸਰਕਾਰ ਕਰੇਗੀ ਪਰ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਇਹ ਮੁਆਵਜ਼ਾ ਰਾਸ਼ੀ ਜ਼ਮੀਨ ਦੇ ਮਾਲਕ ਨੂੰ ਨਹੀਂ ਸਗੋਂ ਮੌਜੂਦਾ ਸਮੇਂ ਖੇਤੀ ਕਰਨ ਵਾਲੇ ਨੂੰ ਹੀ ਦਿਤੀ ਜਾਵੇਗੀ।ਯਾਨੀ ਠੇਕੇ 'ਤੇ ਜ਼ਮੀਨ ਦੇਣ ਵਾਲਿਆਂ ਨੂੰ ਮੁਆਵਜ਼ਾ ਰਾਸ਼ੀ ਨਹੀਂ ਮਿਲੇਗੀ ਸਗੋਂ ਕਾਸ਼ਤਕਾਰ ਨੂੰ ਇਸ ਰਕਮ ਦੀ ਅਦਾਇਗੀ ਹੋਵੇਗੀ।

-ਵਿਸ਼ੇਸ਼ ਗਿਰਦਾਵਰੀ ਤਹਿਤ ਇੱਕ ਹਫ਼ਤੇ 'ਚ ਨੁਕਸਾਨ ਦਾ ਲਿਆ ਜਾਵੇਗਾ ਜਾਇਜ਼ਾ 
-ਵਿਅਕਤੀ ਵਿਸ਼ੇਸ਼ ਦੇ ਘਰ 'ਚ ਬੈਠ ਕੇ ਨਹੀਂ ਹੋਵੇਗੀ ਗਿਰਦਾਵਰੀ
-ਸਾਂਝੀ ਜਗ੍ਹਾ ਜਿਵੇਂ ਗੁਰਦੁਆਰਾ ਸਾਹਿਬ ਵਿਖੇ ਬੈਠ ਕੇ ਲਿਆ ਜਾਵੇਗਾ ਨੁਕਸਾਨ ਦਾ ਜਾਇਜ਼ਾ 
-ਤਿਆਰ ਕੀਤੀ ਰਿਪੋਰਟ 'ਤੇ ਮੋਹਤਬਰ ਲੋਕਾਂ ਦੇ ਕਰਵਾਏ ਜਾਣ ਦਸਤਖ਼ਤ
-ਬੈਂਕ ਖਾਤਿਆਂ ਵਿਚ ਆਉਣਗੇ ਮੁਆਵਜ਼ੇ ਦੇ ਪੈਸੇ  
-ਠੇਕੇ 'ਤੇ ਜ਼ਮੀਨ ਦੇਣ ਵਾਲੇ ਨੂੰ ਨਹੀਂ ਸਗੋਂ ਕਾਸ਼ਤਕਾਰ ਨੂੰ ਹੀ ਮਿਲੇਗੀ ਮੁਆਵਜ਼ਾ ਰਾਸ਼ੀ