ਸੁੱਚਾ ਸਿੰਘ ਲੰਗਾਹ 'ਤੇ ਨਹੀਂ ਅਕਾਲ ਤਖ਼ਤ ਦੇ ਹੁਕਮਾਂ ਦਾ ਕੋਈ ਅਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਲਾਤਕਾਰ ਦੇ ਦੋਸ਼ ਲੱਗਣ ਮਗਰੋਂ ਪੰਥ 'ਚੋਂ ਛੇਕੇ ਗਏ ਸਨ ਲੰਗਾਹ

Sucha Singh Langah

ਚੰਡੀਗੜ੍ਹ- ਬਲਾਤਕਾਰ ਦੇ ਦੋਸ਼ ਲੱਗਣ ਮਗਰੋਂ ਪੰਥ ਵਿਚੋਂ ਛੇਕੇ ਗਏ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪਾਬੰਦੀ ਦੇ ਬਾਵਜੂਦ ਬੀਤੇ ਦਿਨ ਕਲਾਨੌਰ ਵਿਚ ਇਕ ਵਿਸ਼ਾਲ ਰੈਲੀ ਕਰਕੇ ਦਰਸਾ ਦਿੱਤਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਟਿੱਚ ਕਰਕੇ ਜਾਣਦੇ ਹਨ। ਦਰਅਸਲ ਹਲਕੇ ਦੇ ਕੁੱਝ ਲੋਕਾਂ ਨੇ ਲੰਗਾਹ ਦੇ ਵਿਰੁੱਧ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਸ਼ਿਕਾਇਤ ਕਰਕੇ ਲੰਗਾਹ ਵਲੋਂ ਮੀਟਿੰਗਾਂ ਤੇ ਰੈਲੀਆਂ ਕਰਨ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।

ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਨੋਟਿਸ ਲੈਂਦਿਆਂ ਸਿੱਖ ਸੰਗਤ ਨੂੰ ਹਦਾਇਤ ਕੀਤੀ ਸੀ ਕਿ ਉਹ ਪੰਥ 'ਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਨ ਤੋਂ ਗੁਰੇਜ਼ ਕਰਨ ਤੇ ਅਜਿਹਾ ਨਾ ਕਰਨਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਮੰਨਿਆ ਜਾਵੇਗਾ ਪਰ ਇਸ ਦੇ ਬਾਵਜੂਦ ਲੰਗਾਹ ਨੇ ਬੀਤੇ ਦਿਨੀਂ ਕਲਾਨੌਰ ਵਿਚ ਵਿਸ਼ਾਲ ਰੈਲੀ ਕੀਤੀ। ਰੈਲੀ ਵਿਚ ਲੰਗਾਹ ਨੇ ਕਿਹਾ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਦਿਲੋਂ ਸਤਿਕਾਰ ਕਰਦਾ ਹੈ ਤੇ ਉਨ੍ਹਾਂ ਦੇ ਹਰ ਹੁਕਮ ਨੂੰ ਸਵੀਕਾਰ ਕਰਨ ਲਈ ਤਿਆਰ ਹੈ

ਪਰ ਮੇਰੇ ਵਰਕਰ ਹਮੇਸ਼ਾ ਮੇਰੇ ਨਾਲ ਖੜ੍ਹਦੇ ਰਹੇ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਜਿਉਂਦਾ ਹਾਂ ਜਦਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਉਸ ਨੂੰ ਘਰ ਦੀ ਕੈਦ ਵਿਚ ਰਹਿਣ, ਅਪਣੇ ਵੋਟਰਾਂ ਦੀ ਵਰਤੋਂ ਨਾ ਕਰਨ ਸਮੇਤ ਪੰਜਾਬ ਤੋਂ ਬਾਹਰ ਚਲੇ ਜਾਣ ਦਾ ਹੁਕਮ ਦਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਕ ਪਾਸੇ ਤਾਂ ਲੰਗਾਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਨ ਦੀ ਗੱਲ ਕਹਿ ਰਹੇ ਹਨ ਪਰ ਦੂਜੇ ਪਾਸੇ ਵਰਕਰਾਂ ਨਾਲ ਲਗਾਤਾਰ ਰਾਬਤਾ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਸ਼ਰ੍ਹੇਆਮ ਉਲੰਘਣਾ ਕਰ ਰਹੇ ਹਨ, ਹਾਲਾਂਕਿ ਲੰਗਾਹ ਵਲੋਂ ਪੰਥ ਵਿਚ ਵਾਪਸੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਦੀ ਗੱਲ ਵੀ ਕਹੀ ਗਈ ਹੈ। ਦੇਖੋ ਵੀਡੀਓ.......