ਕਰਤਾਰਪੁਰ ਲਾਂਘਾ : ਭਾਰਤ-ਪਾਕਿ ਦੇ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਰਹੀ ਬੇਸਿੱਟਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿ ਨੇ ਭਾਰਤ ਦੀ ਜ਼ੀਰੋ ਲਾਈਨ ਤਕ ਪੁਲ ਬਣਾਉਣ ਦੀ ਮੰਗ ਠੁਕਰਾਈ

Kartarpur Corridor

ਡੇਰਾ ਬਾਬਾ ਨਾਨਕ : ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਅੱਜ ਭਾਵ ਸੋਮਵਾਰ ਨੂੰ ਕਰਤਾਰਪੁਰ ਕੋਰੀਡੋਰ 'ਤੇ ਗੱਲਬਾਤ ਲਈ ਜ਼ੀਰੋ ਲਾਈਨ 'ਤੇ ਬੈਠਕ ਹੋਈ। ਇਹ ਬੈਠਕ ਡੇਰਾ ਬਾਬਾ ਨਾਨਕ ਵਿਚ ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਸਰਹੱਦ 'ਤੇ ਹੋਈ। ਬੈਠਕ ਵਿਚ ਦੋਹਾਂ ਦੇਸ਼ਾਂ ਵਿਚਾਲੇ ਬਣਾਏ ਜਾ ਰਹੇ ਕਰਤਾਰਪੁਰ ਲਾਂਘੇ 'ਤੇ ਕੰਮ ਸਬੰਧੀ ਗੱਲਬਾਤ ਹੋਈ। ਦਸਿਆ ਜਾ ਰਿਹਾ ਹੈ ਕਿ ਜ਼ੀਰੋ ਲਾਈਨ 'ਤੇ ਪਾਕਿਸਤਾਨ ਅਤੇ ਭਾਰਤ ਦੇ ਤਕਨੀਕੀ ਅਧਿਕਾਰੀਆਂ ਦੀ ਹੋਈ ਬੈਠਕ ਬੇਸਿੱਟਾ ਰਹੀ।

ਇਸ ਬੈਠਕ 'ਚ ਭਾਰਤੀ ਅਧਿਕਾਰੀਆਂ ਵਲੋਂ ਐੱਲ. ਓ. ਸੀ. ਤੋਂ ਲੈ ਕੇ ਜ਼ੀਰੋ ਲਾਈਨ ਤਕ ਪੁਲ ਬਣਾਉਣ ਦੀ ਮੰਗ ਰੱਖੀ ਗਈ ਸੀ। ਭਾਰਤ ਦੀ ਮੰਗ ਨੂੰ ਪਾਕਿਸਤਾਨ ਦੇ ਅਧਿਕਾਰੀਆਂ ਨੇ ਠੁਕਰਾ ਦਿਤਾ ਅਤੇ ਉਹ ਵਾਪਸ ਚਲੇ ਗਏ। ਬੈਠਕ 'ਚ ਦੋਹਾਂ ਦੇਸ਼ਾਂ ਦੇ 9-9 ਅਧਿਕਾਰੀ ਸ਼ਾਮਲ ਹੋਏ ਸਨ। ਬੈਠਕ ਵਿਚ ਭਾਰਤ ਵਲੋਂ ਨੈਸ਼ਨਲ ਹਾਈਵੇਅ ਅਥਾਰਿਟੀ, ਲੈਂਡ ਪੋਰਟ ਅਥਾਰਿਟੀ, ਬੀ.ਐਸ.ਐਫ਼. ਦੇ ਅਧਿਕਾਰੀ ਸ਼ਾਮਲ ਸਨ, ਜਿਨ੍ਹਾਂ ਵਿਚ ਸੀ.ਜੀ.ਐੱਮ. ਐਨ.ਐਚ.ਏ.ਆਈ ਮਨੀਸ਼ ਰਸਤੋਗੀ, ਐਨ.ਐਚ.ਏ.ਆਈ-ਆਰਓ ਵਿਸ਼ਾਲ ਗੁਪਤਾ, ਐਨ.ਐਚ.ਏ.ਆਈ-ਪੀ.ਡੀ ਵਾਈ.ਐੱਸ. ਜਾਡਨ, ਐਲ.ਪੀ.ਏ ਮੈਂਬਰ ਸਕਸੈਨਾ ਅਤੇ ਬੀ.ਸੀ.ਐਫ਼. ਦੇ ਮਿਸਟਰ ਸ਼ਰਮਾ ਮੁੱਖ ਸਨ। 

ਪਾਕਿ ਦੀ ਜਾਂਚ ਏਜੰਸੀ ਐਫ਼.ਆਈ.ਏ ਨੂੰ ਕਰਤਾਰਪੁਰ ਲਾਂਘੇ ਲਈ ਦੇਵੇਗੀ 54 ਕਰੋੜ ਰੁਪਏ
ਗੁਰਦਾਸਪੁਰ : ਪਾਕਿਸਤਾਨ ਦੀ ਜਾਂਚ ਏਜੰਸੀ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਵਿਖੇ ਇਮੀਗ੍ਰੇਸ਼ਨ ਸੰਬਧੀ ਸੇਵਾਵਾਂ ਦੇਣ ਲਈ ਪਕਾਸਤਾਨ ਸਰਕਾਰ ਵਲੋਂ ਭਾਰਤੀ ਕਰੰਸੀ ਅਨੁਸਾਰ 54 ਕਰੋੜ ਰੁਪਏ ਦੇ ਫ਼ੰਡ ਨਵੰਬਰ 2019 ਤੋਂ ਪਹਿਲਾਂ ਪਹਿਲਾਂ ਜਾਰੀ ਕਰ ਦਿਤੇ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਸਬੰਧਤ ਵਿਭਾਗ ਦੇ ਅਧਿਕਾਰੀ ਵਲੋਂ ਉਕਤ ਸੂਚਨਾ ਇਸਲਾਮਾਬਾਦ ਸਥਿਤ ਪਾਕਿ ਦੇ ਵਿਦੇਸ਼ ਮੰਤਰਾਲੇ, ਸਥਾਪਨਾ ਵਿਭਾਗ ਅਤੇ ਵਿੱਤ ਮੰਤਰਾਲੇ ਦੇ ਸਕੱਤਰਾਂ ਨੂੰ ਜਾਰੀ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਐਫ਼ਆਈਏ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਭਾਰਤ ਤੋਂ ਪਾਕਿ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੀਆਂ ਦੀ ਇਮੀਗੇਸ਼ਨ ਸਬੰਧੀ ਉਸਾਰੇ ਜਾ ਰਹੇ ਟਰਮੀਨਲ, ਕੈਮਰੇ, ਪਾਸਪੋਰਟ ਸਕੈਨਰ, ਪੱਖੇ, ਜਨਰੇਟਰ, ਉਵਲ, ਸਾਫ ਪਾਣੀ ਸਮੇਤ ਐਫ਼ਆਈਏ ਦੇ ਸਾਰੇ ਅਧਿਕਾਰੀ ਅਤੇ ਸੁਰੱਖਿਆ ਕਰਮਚਾਰੀਆਂ ਆਦਿ ਦੀਆਂ ਤਨਖ਼ਾਹਾਂ ਆਦਿ ਲਈ 61 ਕਰੋੜ ਰੁਪਏ ਮੰਗ ਕੀਤੀ ਗਈ ਸੀ ਪਰ ਸਰਕਾਰ ਨੇ 217 ਕਰਮਚਾਰੀਆਂ ਦੀ ਨਿਯੁਕਤੀ ਦੀ ਹੀ ਮਨਜ਼ੂਰੀ ਦਿਤੀ ਗਈ ਹੈ। ਦੂਸਰੇ ਪਾਸੇ ਐਫ਼. ਡਬਲਿਯੂ.ਓ. ਨੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਪ੍ਰਾਜੈਕਟ ਲਈ ਹਰ 622 ਏਕੜ ਜ਼ਮੀਨ ਹਾਸਲ ਕਰਨ ਦੀ ਯੋਜਨਾ ਬਣਾਈ ਹੈ।

ਉਕਤ ਪ੍ਰਾਜੈਕਟ ਤਹਿਤ ਪਹਿਲਾਂ ਹੀ ਉਸਾਰੇ ਜਾ ਰਹੇ ਲਾਂਘੇ ਲਈ ਪਹਿਲਾਂ ਵੀ ਨਾਲ ਲਗਦੇ ਪਿੰਡਾਂ ਦੀ ਕਾਫ਼ੀ ਜ਼ਮੀਨ ਹਾਸਲ ਕੀਤੀ ਜਾ ਚੁੱਕੀ ਹੈ। ਇਸ ਜ਼ਮੀਨ ਵਿਚੋਂ 408 ਏਕੜ ਗੁਰਦੁਆਰਾ ਦਰਬਾਰ ਸਹਿਬ ਕੰਪਲੈਕਸ ਅਤੇ 214 ਏਕੜ ਜ਼ਮੀਨ ਸੜਕਾਂ ਦੇ ਨਿਰਮਾਣ, ਪਾਰਕਿੰਗ ਆਦਿ ਲਈ ਵਰਤੋਂ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਉਕਤ ਜ਼ਮੀਨ ਤਂੋ ਇਲਾਵਾ ਅਜੇ 871 ਏਕੜ ਜ਼ਮੀਨ ਭਵਿੱਖ ਦੇ ਹੋਰਨਾਂ ਪ੍ਰਾਜੈਕਟਾਂ ਲਈ ਲੋੜੀਂਦੀ ਹੈ।