PHD ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਨੇ ਮੀਡੀਆ ਉਦਯੋਗ ਨੂੰ ਰਾਹਤ ਦੇਣ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੀਡੀਆ ਜਗਤ ਕੋਵਿਡ-19 ਮਹਾਂਮਾਰੀ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰਾਂ ਵਿਚੋਂ ਇਕ ਰਿਹਾ ਹੈ।

Photo

ਚੰਡੀਗੜ੍ਹ: ਮੀਡੀਆ ਜਗਤ ਕੋਵਿਡ-19 ਮਹਾਂਮਾਰੀ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰਾਂ ਵਿਚੋਂ ਇਕ ਰਿਹਾ ਹੈ। ਪ੍ਰਿੰਟ ਮੀਡੀਆ ਦੀ ਪ੍ਰਸਾਰ ਗਿਣਤੀ ਵਿਚ ਭਾਰੀ ਕਮੀ ਦਰਜ ਕੀਤੀ ਗਈ ਅਤੇ ਇਸ ਦੀ ਵਿਗਿਆਪਨ ਆਮਦਨ ਵਿਚ ਭਾਰੀ ਨੁਕਸਾਨ ਹੋਇਆ ਹੈ। ਲੌਕਡਾਊਨ ਕਾਰਨ ਸੜਕਾਂ 'ਤੇ ਕੋਈ ਟ੍ਰੈਫਿਕ ਨਾ ਹੋਣ ਕਾਰਨ ਆਊਟਡੋਰ ਮੀਡੀਆ ਦੇ ਲਗਭਗ ਸਾਰੇ ਆਡਰ ਰੱਦ ਕਰ ਦਿੱਤੇ ਗਏ।

ਇਸ ਮਿਆਦ ਵਿਚ ਕੋਈ ਇਵੈਂਟ ਇਜਾਜ਼ਤ ਨਾ ਹੋਣ ਕਾਰਨ ਇਵੈਂਟ ਵਪਾਰ ਵੀ ਖਾਲੀ ਗਿਆ ਹੈ।ਇਸ ਸਬੰਧੀ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਦੇ ਪ੍ਰਧਾਨ ਕਰਨ ਗਿਲਹੋਤਰਾ ਨੇ ਪੰਜਾਬ ਦੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਇੱਕ ਮੰਗ ਪੱਤਰ ਵਿਚ ਮੰਗ ਕੀਤੀ ਹੈ ਕਿ ਪੰਜਾਬ ਵਿਚ ਚੱਲ ਰਹੇ ਲੰਬੇ ਲੌਕਡਾਊਨ ਕਾਰਨ ਮੀਡੀਆ ਜਗਤ ਨੂੰ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇ।

ਕਰਨ ਗਿਲਹੋਤਰਾ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਨੇ ਪੰਜਾਬ ਦੇ ਮੀਡੀਆ ਉਦਯੋਗ ਦੀ ਅਰਥਵਿਵਸਥਾ ਨੂੰ ਠੱਪ ਕਰ ਦਿੱਤਾ ਹੈ। ਕਰਨ ਗਿਲਹੋਤਰਾ ਨੇ ਕਿਹਾ, ਰੇਡੀਓ, ਟੀਵੀ, ਪ੍ਰਿੰਟ, ਆਊਟਡੋਰ, ਆਊਟ ਆਫ ਹੋਮ ਮੀਡੀਆ  ਵਿਚ ਇਸ਼ਤਿਹਾਰਾਂ ਦੀ ਆਮਦਨ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਵਿਗਿਆਪਨ ਆਮਦਨ ਵਿਚ ਆ ਰਹੀ ਲਗਾਤਾਰ ਕਮੀ ਵੱਡਾ ਖਤਰਾ ਪੈਦਾ ਕਰ ਰਹੀ ਹੈ ਕਿਉਂਕਿ ਮੀਡੀਆ ਲਈ ਆਮਦਨ ਦਾ ਮੁੱਖ ਸਰੋਤ ਵਿਗਿਆਪਨ ਆਮਦਨ ਹੀ ਹੈ।

ਉਹਨਾਂ ਨੇ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਸਬੰਧਤ ਵਿੱਤੀ ਸਾਲ ਵਿਚ ਅਪਣੇ ਸਾਲਾਨਾ ਇਸ਼ਤਿਹਾਰਬਾਜ਼ੀ ਬਜਟ ਦੀ ਪੂਰੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਸੁਚੇਤ ਕੋਸ਼ਿਸ਼ ਕੀਤੀ ਜਾਵੇ। ਚੈਂਬਰ ਨੇ ਪੰਜਾਬ ਵਿਚ ਮੀਡੀਆ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਲਈ ਵਿਸ਼ੇਸ਼ ਬੇਨਤੀ ਕੀਤੀ ਹੈ ਅਤੇ ਸਾਰੇ ਮੰਤਰਾਲਿਆਂ, ਡੀਏਵੀਪੀ, ਰਾਜ ਸਰਕਾਰ, ਜਨਤਕ ਉੱਦਮੀਆਂ ਆਦਿ ਨੂੰ ਨਿਰਦੇਸ਼ ਦਿੱਤੇ ਕਿ ਉਹ ਪੂਰੇ ਮੀਡੀਆ ਉਦਯੋਗ ਨੂੰ ਤੁਰੰਤ ਬਕਾਇਆ ਭੁਗਤਾਨ ਜਾਰੀ ਕਰਨ। ਆਰਥਿਕ ਪੈਕੇਜ ਦੀ ਘੋਸ਼ਣਾ ਕਰਨ ਤਾਂ ਜੋ ਮੀਡੀਆ ਦੁਬਾਰਾ ਅਪਣੇ ਪੈਰਾਂ ਤੇ ਖੜਾ ਹੋ ਸਕੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੀਐਚਡੀ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਡਾਕਟਰ ਡੀਕੇ ਅਗ੍ਰਵਾਲ ਅਤੇ ਸੀਨੀਅਰ ਉਪ ਪ੍ਰਧਾਨ ਸ੍ਰੀ ਸੰਜੇ ਅਗ੍ਰਵਾਲ ਨੇ ਮੀਡੀਆ ਜਗਤ ਨੂੰ ਰਾਹਤ ਪੈਕੇਜ ਦੇਣ ਦੀ ਮੰਗ ਨੂੰ ਲੈ ਕੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ੍ਰੀ ਪ੍ਰਕਾਸ਼ ਜਾਵੇਦਕਰ ਨੂੰ ਪਹਿਲਾਂ ਹੀ ਨਵੀਂ ਦਿੱਲੀ ਵਿਖੇ ਮੰਗ ਪੱਤਰ ਸੌਂਪਿਆ ਸੀ।