ਫ਼ੀਸਾਂ 'ਚ ਵਾਧੇ ਅਤੇ ਡੀਨ ਦੀ ਨਿਯੁਕਤੀ ਨੂੰ ਲੈ ਕੇ ਗਹਿਮਾ-ਗਹਿਮੀ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀ.ਯੂ. ਦੀ ਸਿੰਡੀਕੇਟ ਬੈਠਕ 30 ਨੂੰ

File

ਚੰਡੀਗੜ੍ਹ- ਕੋਵਿਡ-19 ਦੇ ਦੌਰ 'ਚ ਪੰਜਾਬ ਯੂਨੀਵਰਸਟੀ ਸਿੰਡੀਕੇਟ ਦੀ ਅਗਲੀ ਬੈਠਕ 30 ਮਈ ਨੂੰ ਹੋਣ ਜਾ ਰਹੀ ਹੈ। ਜਿਸ ਵਿਚ ਅਹਿਮ ਮੁੱਦੇ ਜਿਨ੍ਹਾਂ ਬਾਰੇ ਭਖਵੀਂ ਬਹਿਸ ਹੋ ਸਕਦੀ ਹੈ। ਉਨ੍ਹਾਂ 'ਚ ਫ਼ੀਸਾਂ 'ਚ ਵਾਧਾ ਅਤੇ ਡੀਨ ਵਿਦਿਆਰਥੀ ਭਲਾਈ ਦੇ ਅਹੁਦੇ 'ਤੇ ਨਵੇਂ ਡੀਨ ਦੀ ਨਿਯੁਕਤੀ ਸ਼ਾਮਲ ਹੈ।

ਇਸ ਤੋਂ ਇਲਾਵਾ ਨਵੇਂ ਸੈਸ਼ਨ ਲਈ ਵਿਦਿਅਕ ਕੈਲੰਡਰ ਨੂੰ ਵੀ ਪ੍ਰਵਾਨਗੀ ਮਿਲ ਸਕਦੀ ਹੈ। ਜਾਣਕਾਰੀ ਅਨੁਸਾਰ ਪੀ.ਯੂ. ਵਲੋਂ ਸਵੈ ਵਿਤੀ ਕੋਰਸਾਂ ਲਈ 7.5 ਫ਼ੀ ਸਦੀ ਅਤੇ ਰਵਾਇਤੀ ਕੋਰਸਾਂ ਲਈ 5 ਫ਼ੀ ਸਦੀ ਫ਼ੀਸ ਵਾਧੇ ਦਾ ਪ੍ਰਸਤਾਵ ਹੈ। ਸਵੈ-ਵਿਤੀ ਕੋਰਸਾਂ ਲਈ ਫ਼ੀਸਾਂ ਵਿਚ ਵਾਧੇ ਦੀ ਸੀਮਾ 7500 ਰੁਪਏ ਰੱਖ ਗਈ ਹੈ ਜਦਕਿ ਰਵਾਇਤੀ ਕੋਰਸਾਂ ਲਈ ਅਜਿਹੀ ਕੋਈ ਹੱਦ ਨਹੀਂ ਹੈ।

ਫ਼ੀਸਾਂ ਵਿਚ ਵਾਧਾ ਸਿਰਫ਼ ਨਵੇਂ ਵਿਦਿਆਰਥੀਆਂ ਲਈ ਦਸਿਆ ਜਾ ਰਿਹਾ ਹੈ। ਦੂਜਾ ਅਹਿਮ ਮੁੱਦਾ ਨਵੇਂ ਡੀਨ ਵਿਦਿਆਰਥੀ ਦੀ ਨਿਯੁਕਤੀ ਵਾਲਾ ਹੈ। ਕਿਉਂਕਿ ਇਹ ਅਹੁਦਾ ਵਿਦਿਆਰਥੀ ਚੋਣਾਂ ਨਾਲ ਜੁੜਿਆ ਹੁੰਦਾ ਹੈ। ਇਸ ਕਰ ਕੇ ਪੀ.ਯੂ. ਪ੍ਰਸ਼ਾਸਨ ਅਤੇ ਸਿੰਡੀਕੇਟ ਦੇ ਦੋਵੇਂ ਗਰੁੱਪ ਇਸ ਅਹੁਦੇ 'ਤੇ ਅਪਣੇ ਵਿਅਕਤੀ ਨੂੰ ਲਗਾਉਣ ਲਈ ਜ਼ੋਰ ਲਾਉਣਗੇ।

ਸਿੰਡੀਕੇਟ ਦਾ ਇਸ ਮੌਕੇ ਇਕ ਕਾਂਗਰਸ ਪੱਖੀ ਗੋਇਲ ਜੋੜੀ ਵਾਲਾ ਗਰੁੱਪ ਹੈ, ਜਿਸ ਕੋਲ ਬਹੁਮਤ ਹੈ ਕਿਉਂਕਿ 15 ਮੈਂਬਰੀ ਸਿੰਡੀਕੇਟ 'ਚ ਇਸ ਗਰੁੱਪ ਦੇ 11 ਮੈਂਬਰ ਹਨ ਜਦਕਿ ਦੂਜੇ ਪਾਸੇ ਭਜਪਾ ਪੱਖੀ ਮੈਂਬਰ ਹਨ, ਜਿਨ੍ਹਾਂ ਦੀ ਗਿਣਤੀ ਭਾਵੇਂ ਘੱਟ ਹੈ ਪਰ ਉਨ੍ਹਾਂ ਨੂੰ ਸਰਕਾਰੀ ਪੱਖ ਦੀ ਹਮਾਇਤ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਵੇਲੇ ਇਸ ਅਹੁਦੇ 'ਤੇ ਪ੍ਰੋ. ਅਮੈਨੂਅਲ ਨਾਹਰ ਹਨ ਜੋ 31 ਮਈ ਨੂੰ ਸੇਵਾ ਮੁਕਤ ਹੋ ਰਹੇ ਹਨ। ਪ੍ਰੋ. ਨਾਹਰ ਨੂੰ ਕਾਂਗਰਸ ਪੱਖੀ ਮੰਨਿਆ ਜਾ ਰਿਹਾ ਹੈ। ਪਿਛਲੀਆਂ ਵਿਦਿਆਰਥੀ ਚੋਣਾਂ ਵੇਲੇ ਉਨ੍ਹਾਂ ਨੂੰ ਪਹਿਲਾਂ ਹਟਾਇਆ ਗਿਆ ਅਤੇ ਅਦਾਲਤ ਨੇ ਉਨ੍ਹਾਂ ਨੂੰ ਦੁਬਾਰਾ ਬਹਾਲ ਕੀਤਾ ਸੀ। ਗੋਇਲ ਗਰੁੱਪ ਅਪਣੇ ਬਹੁਮਤ ਦੇ ਸਹਾਰੇ ਦੁਬਾਰਾ ਅਪਣੇ ਪੱਖੀ ਵਿਅਕਤੀ ਨੂੰ ਲਾਉਣ ਲਈ ਕੋਸ਼ਿਸ਼ ਕਰੇਗਾ।

ਤੀਜਾ ਅਹਿਮ ਮੁੱਦਾ ਨਵੇਂ ਵਿਦਿਅਕ ਸੈਸ਼ਨ ਲਈ 1 ਜੁਲਾਈ ਤੋਂ ਦਾਖ਼ਲਾ ਪ੍ਰਾਸਪੈਕਟ ਜਾਰੀ ਕਰਨ, ਪੁਰਾਣੇ ਵਿਦਿਆਰਥੀਆਂ ਲਈ ਕਲਾਸਾਂ 1 ਅਗੱਸਤ ਤੋਂ ਅਤੇ ਨਵਿਆਂ ਲਈ 1 ਸਤੰਬਰ ਤੋਂ ਕਲਾਸਾਂ ਵਾਲੇ ਪ੍ਰਸਤਾਵ ਨੂੰ ਸਿੰਡੀਕੇਟ ਸਾਹਮਦੇ ਰਖਿਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।