ਤਰਨਤਾਰਨ ਗੋਲੀਕਾਂਡ: ਪਰਿਵਾਰ ਨੇ ਚੌਂਕ 'ਚ ਲਾਸ਼ਾਂ ਰੱਖ ਕੇ ਲਾਇਆ ਧਰਨਾ
ਪੀੜਤ ਪਰਿਵਾਰ ਵੱਲੋਂ ਡੀਐਸਪੀ ਪੱਟੀ ਦੇ ਤਬਾਦਲੇ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ
ਤਰਨਤਾਰਨ (ਦਿਲਬਾਗ ਸਿੰਘ): ਜ਼ਿਲ੍ਹਾ ਤਰਨਤਾਰਨ ਦੇ ਪੱਟੀ ਵਿਚ ਹੋਈ ਫਾਇਰਿੰਗ ਵਿਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਅਕਾਲੀ ਆਗੂਆਂ ਵੱਲੋਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਚੌਂਕ ਵਿਚ ਰੱਖ ਕੇ ਧਰਨਾ ਲਗਾਇਆ ਗਿਆ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਪੱਟੀ ਦੇ ਕੁੱਲਾ ਚੌਂਕ ਵਿਖੇ ਚੱਕਾ ਜਾਮ ਕੀਤਾ ਗਿਆ।
ਇਸ ਦੌਰਾਨ ਪਰਿਵਾਰ ਨੇ ਮੰਗ ਕੀਤੀ ਕਿ ਡੀਐਸਪੀ ਪੱਟੀ ਦਾ ਤਬਾਦਲਾ ਕੀਤੀ ਜਾਵੇ ਅਤੇ ਕਾਤਲਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਡੀਐਸਪੀ ਦਾ ਤਬਾਦਲਾ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਅਕਾਲੀ ਆਗੂ ਨੇ ਕਿਹਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਪਾਰਟੀ ਦੇ ਦੋ ਵਰਕਰਾਂ ਦਾ ਕਤਲ ਹੋਇਆ ਹੈ। ਉਹਨਾਂ ਕਿਹਾ ਇਹ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।
ਦੱਸ ਦਈਏ ਕਿ ਪੱਟੀ ਦੇ ਨਦੋਹਰ ਚੌਕ 'ਚ ਅੱਜ ਸਵੇਰੇ ਤਾਬੜ ਤੋੜ ਫਾਇਰਿੰਗ ਹੋਈ। ਇਸ ਦੌਰਾਨ ਪੱਟੀ ਵਾਸੀ ਅਮਨ ਫ਼ੌਜੀ ਅਤੇ ਪੂਰਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਵਿਚ ਇਕ ਹੋਰ ਵਿਅਕਤੀ ਸ਼ੇਰਾ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਅਮਨਦੀਪ ਸਿੰਘ ਫੌਜੀ, ਪੂਰਨ ਸਿੰਘ ਅਤੇ ਜ਼ਖਮੀ ਸ਼ਮਸ਼ੇਰ ਸ਼ੇਰਾ ਪੀਰ ਬਾਬਾ ਬਹਾਰ ਸ਼ਾਹ ਦੀ ਦਰਗਾਹ 'ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ, ਇਸ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਵਲੋਂ ਇਹਨਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ।