ਮੁਹਾਲੀ ’ਚ ਕੋਰੋਨਾ ਕਾਰਨ ਇਕ ਮਰੀਜ਼ ਦੀ ਗਈ ਜਾਨ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿਚ ਸਾਹਮਣੇ ਆਏ ਨਵੇਂ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਇਸ ਸਮੇਂ ਕੋਰੋਨਾ ਦੇ 109 ਐਕਟਿਵ ਕੇਸ ਹਨ। ਇਹਨਾਂ ਵਿਚੋਂ ਸਭ ਤੋਂ ਵੱਧ 44 ਮਰੀਜ਼ ਮੁਹਾਲੀ ਵਿਚ ਹਨ।

Covid Cases in Punjab


ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਵਾਇਰਸ ਇਕ ਵਾਰ ਫਿਰ ਘਾਤਕ ਹੁੰਦਾ ਦਿਖਾਈ ਦੇ ਰਿਹਾ ਹੈ। ਵੀਰਵਾਰ ਨੂੰ ਮੋਹਾਲੀ 'ਚ ਇਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋ ਗਈ। ਪੰਜਾਬ ਵਿਚ ਪਿਛਲੇ ਦੋ ਮਹੀਨਿਆਂ ਵਿਚ ਇਹ ਛੇਵੀਂ ਮੌਤ ਹੈ। ਇਸ ਤੋਂ ਪਹਿਲਾਂ ਲੁਧਿਆਣਾ, ਗੁਰਦਾਸਪੁਰ, ਮੁਕਤਸਰ, ਮੋਗਾ ਅਤੇ ਮਾਨਸਾ ਵਿਚ ਇਕ-ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਅਹਿਮ ਗੱਲ ਇਹ ਹੈ ਕਿ ਹੁਣ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ 'ਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਵੀਰਵਾਰ ਨੂੰ 10,603 ਸੈਂਪਲ ਲੈ ਕੇ 10,512 ਟੈਸਟ ਕੀਤੇ ਗਏ।

Covid 19

ਵੀਰਵਾਰ ਨੂੰ ਅੰਮ੍ਰਿਤਸਰ 'ਚ 4 ਨਵੇਂ ਮਰੀਜ਼ ਮਿਲੇ ਹਨ। ਇਸ ਦੇ ਨਾਲ ਹੀ ਲੁਧਿਆਣਾ, ਜਲੰਧਰ ਅਤੇ ਮੋਹਾਲੀ 'ਚ 3-3 ਨਵੇਂ ਮਾਮਲੇ ਸਾਹਮਣੇ ਆਏ ਹਨ। ਬਠਿੰਡਾ, ਫਾਜ਼ਿਲਕਾ, ਪਠਾਨਕੋਟ ਅਤੇ ਰੋਪੜ ਵਿਚ ਵੀ ਇਕ-ਇਕ ਕੇਸ ਪਾਇਆ ਗਿਆ ਹੈ। ਬਾਕੀ ਜ਼ਿਲ੍ਹਿਆਂ ਵਿਚ ਕੱਲ੍ਹ ਕੋਈ ਕੇਸ ਸਾਹਮਣੇ ਨਹੀਂ ਆਇਆ। ਪੰਜਾਬ ਵਿਚ ਕੁੱਲ 17 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਸਕਾਰਾਤਮਕਤਾ ਦਰ 0.16% ਰਹੀ।

Covid-19

ਪੰਜਾਬ ਵਿਚ ਇਸ ਸਮੇਂ ਕੋਰੋਨਾ ਦੇ 109 ਐਕਟਿਵ ਕੇਸ ਹਨ। ਇਹਨਾਂ ਵਿਚੋਂ ਸਭ ਤੋਂ ਵੱਧ 44 ਮਰੀਜ਼ ਮੁਹਾਲੀ ਵਿਚ ਹਨ। ਇਸ ਤੋਂ ਬਾਅਦ ਲੁਧਿਆਣਾ ਵਿਚ 13, ਜਲੰਧਰ ਵਿਚ 10 ਮਾਮਲੇ ਹਨ। ਅੰਮ੍ਰਿਤਸਰ ਵਿਚ 8 ਐਕਟਿਵ ਕੇਸ ਹਨ। ਮੁਕਤਸਰ, ਕਪੂਰਥਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਤਰਨਤਾਰਨ, ਬਰਨਾਲਾ ਅਤੇ ਮਲੇਰਕੋਟਲਾ ਵਿਚ ਕੋਈ ਐਕਟਿਵ ਕੇਸ ਨਹੀਂ ਹੈ। ਬਾਕੀ ਜ਼ਿਲ੍ਹਿਆਂ ਵਿਚ 10 ਤੋਂ ਘੱਟ ਐਕਟਿਵ ਕੇਸ ਬਚੇ ਹਨ।