ਗਰਭਵਤੀ ਔਰਤ ਦੀ ਜਗ੍ਹਾ ETT ਦਾ ਪੇਪਰ ਦੇਣ ਆਈ ਔਰਤ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੇਪਰ ਦੇਣ ਲਈ ਕੁਲਵਿੰਦਰ ਕੌਰ ਨੇ ਕਿਰਨਾ ਰਾਣੀ ਨੂੰ ਦਿਤੇ ਸਨ 25 ਹਜ਼ਾਰ ਰੁਪਏ 

Punjab News

ਪਹਿਲਾਂ ਵੀ ਚਾਰ ਵਾਰ ਜਾਅਲੀ ਪੇਪਰ ਦੇ ਚੁੱਕੀ ਹੈ ਮੁਲਜ਼ਮ ਕਿਰਨਾ ਰਾਣੀ 
ਪੁਲਿਸ ਨੇ ਦੋਵਾਂ ਵਿਰੁਧ ਦਰਜ ਕੀਤੀ FIR

ਮੋਗਾ : ਅਪਣੀ ਗਰਭਵਤੀ ਰਿਸ਼ਤੇਦਾਰਨ ਦੀ ਜਗ੍ਹਾ ਪੇਪਰ ਦੇਣ ਆਈ ਔਰਤ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਉਸ ਵਿਰੁਧ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਦਕਿ ਜਾਅਲੀ ਪਛਾਣ ਪੱਤਰ 'ਤੇ ਆਈ ਔਰਤ ਫ਼ਾਜ਼ਿਲਕਾ ਦੀ ਦੱਸੀ ਜਾ ਰਹੀ ਹੈ।

ਦਸ ਦੇਈਏ ਕਿ ਇਕ ਦਿਨ ਪਹਿਲਾਂ ਮੋਗਾ ਵਿਖੇ ਡਾਈਟ ਸੈਂਟਰ ਵਿਚ ਈ.ਟੀ.ਟੀ ਦਾ ਪੇਪਰ ਸੀ ਤੇ ਫ਼ਾਜ਼ਿਲਕਾ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਨੇ ਅਪਣੀ ਰਿਸ਼ਤੇਦਾਰ ਕਿਰਨਾ ਰਾਣੀ ਨੂੰ 25,000 ਰੁਪਏ ਦੇੇੇ ਕੇ ਉਸ ਦਾ ਪੇਪਰ ਦੇਣ ਲਈ ਕਿਹਾ। ਜਿਸ ਤੋਂ ਬਾਦ ਕਿਰਨਾ ਰਾਣੀ ਮੋਗਾ ਪਹੁੰਚੀ ਅਤੇ ਡਾਈਟ ਸੈਂਟਰ ਵਿਖੇ ਪੇਪਰ ਦੇਣ ਲਈ ਬੈਠ ਗਈ। ਪਰ ਇਸ ਦੌਰਾਨ ਡਾਇਟ ਕੰਟਰੋਲਰ ਨੇ ਬੱਚਿਆਂ ਦੇ ਆਧਾਰ ਕਾਰਡ ਅਤੇ ਰੋਲ ਨੰਬਰ ਚੈੱਕ ਕੀਤੇ ਤਾਂ ਸਾਹਮਣੇ ਆਇਆ ਕਿ ਐਡਮਿਟ ਕਾਰਡ 'ਤੇ ਲੱਗੀ ਫ਼ੋਟੋ ਆਧਾਰ ਨਾਲ ਮੇਲ ਨਹੀਂ ਖਾਂਦੀ, ਜਿਸ ਕਾਰਨ ਉਨ੍ਹਾਂ ਪੁਲਿਸ ਨੂੰ ਫ਼ੋਨ ਕਰ ਕੇ ਇਸ ਬਾਰੇ ਸੂਚਤ ਕੀਤਾ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਔਰਤ ਕਿਰਨਾ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਕਿਰਨਾ ਰਾਣੀ ਪਹਿਲਾਂ ਵੀ 4 ਪੇਪਰ ਦੇ ਚੁੱਕੀ ਹੈ। ਦੂਜੇ ਪਾਸੇ ਪ੍ਰਿੰਸੀਪਲ ਸਿਮਰਜੀਤ ਕੌਰ ਦੇ ਬਿਆਨ 'ਤੇ ਪੁਲਿਸ ਨੇ ਕਿਰਨਾ ਰਾਣੀ ਅਤੇ ਕੁਲਵਿੰਦਰ ਕੌਰ 'ਤੇ ਧਾਰਾ 417, 419, 420,  465, 466, 468.  471, 120ਬੀ ਤਹਿਤ ਮਾਮਲਾ ਦਰਜ ਕਰ ਕੇ ਅੱਜ ਅਦਾਲਤ ਵਿਚ ਪੇਸ਼ ਕਰ ਕੇ ਜੇਲ ਭੇਜ ਦਿਤਾ ਹੈ ਜਦੋਂਕਿ ਪੁਲਿਸ ਕੁਲਵਿੰਦਰ ਕੌਰ ਦੀ ਭਾਲ ਕਰ ਰਹੀ ਹੈ। 

ਇਹ ਵੀ ਪਤਾ ਲੱਗਾ ਹੈ ਕਿ ਕੁਲਵਿੰਦਰ ਕੌਰ ਪੇਪਰ ਦੇਣ ਲਈ ਤਿਆਰ ਨਹੀਂ ਸੀ, ਜਿਸ ਕਾਰਨ ਕਿਰਨਾ ਰਾਣੀ ਨੂੰ 25 ਹਜ਼ਾਰ ਰੁਪਏ ਦੇ ਕੇ ਪੇਪਰ ਦੇਣ ਲਈ ਭੇਜਿਆ ਗਿਆ। ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਲਵਿੰਦਰ ਕੌਰ 12ਵੀਂ ਜਮਾਤ ਪਾਸ ਹੈ ਜਦਕਿ ਕਾਬੂ ਕੀਤੀ ਗਈ ਮੁਲਜ਼ਮ ਕਿਰਨਾ ਰਾਣੀ ਬੀ.ਏ.ਬੀ.ਐਡ ਪਾਸ ਸੀ, ਉਹ ਈ.ਟੀ.ਟੀ ਕੋਰਸ ਬਾਰੇ ਜਾਣਕਾਰੀ ਰਖਦੀ ਸੀ।