ਲੁਧਿਆਣਾ ਦੀ ਕੇਂਦਰੀ ਜੇਲ 'ਚ ਪੁਲਿਸ ਅਤੇ ਕੈਦੀਆਂ ਵਿਚਕਾਰ ਝੜਪ ਤੇ ਗੋਲੀਬਾਰੀ ; ਇਕ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਲ 'ਚੋਂ ਭੱਜਣ ਦੀ ਕੋਸ਼ਿਸ਼ ਕਰ ਰਹੇ 10 ਕੈਦੀਆਂ 'ਚੋਂ ਪੁਲਿਸ ਨੇ 5 ਨੂੰ ਗ੍ਰਿਫ਼ਤਾਰ ਕੀਤਾ

Several injured in clash between prisoners, police in Ludhiana Central Jail

ਲੁਧਿਆਣਾ : ਲੁਧਿਆਣਾ ਦੀ ਕੇਂਦਰੀ ਜੇਲ 'ਚ ਵੀਰਵਾਰ ਨੂੰ ਕੈਦੀਆਂ ਅਤੇ ਪੁਲਿਸ ਵਿਚਕਾਰ ਖ਼ੂਨੀ ਝੜਪ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਉਥੇ ਹੀ ਕਈ ਕੈਦੀ ਅਤੇ ਡੀਐਸਪੀ ਸਮੇਤ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹਨ। ਜੇਲ 'ਚੋਂ ਭੱਜਣ ਦੀ ਕੋਸ਼ਿਸ਼ ਕਰ ਰਹੇ 10 ਕੈਦੀਆਂ 'ਚੋਂ ਪੁਲਿਸ ਨੇ 5 ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਬੁਧਵਾਰ ਰਾਤ ਇਕ ਕੈਦੀ ਦੀ ਮੌਤ ਤੋਂ ਬਾਅਦ ਜੇਲ ਅੰਦਰ ਵਿਵਾਦ ਹੋ ਗਿਆ, ਜੋ ਵੀਰਵਾਰ ਸਵੇਰੇ ਗੰਭੀਰ ਰੂਪ ਧਾਰਨ ਕਰ ਗਿਆ। ਫਿਲਹਾਲ ਡੀਸੀ ਅਤੇ ਹੋਰ ਉੱਚ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਹਾਲਾਤ 'ਤੇ ਕਾਬੂ ਪਾਇਆ। ਜੇਲ ਮੰਤਰੀ ਸੁਖਜਿੰਦਰ ਰੰਧਾਵਾ ਨੇ ਏਡੀਜੀਪੀ ਜੇਲ ਰੋਹਿਤ ਚੌਧਰੀ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਮੰਗੀ ਹੈ।

ਮਿਲੀ ਜਾਣਕਾਰੀ ਮੁਤਾਬਕ ਸੰਨੀ ਨਾਂ ਦੇ ਕੈਦੀ ਦੀ ਬੁਧਵਾਰ ਰਾਤ ਮੌਤ ਹੋ ਗਈ। ਇਸ ਬਾਰੇ ਪੁਲਿਸ ਸੂਤਰਾਂ ਮੁਤਾਬਕ ਸੰਨੀ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇਥੋਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਭੜਕੇ ਕੈਦੀਆਂ ਦਾ ਦੋਸ਼ ਹੈ ਕਿ ਸੰਨੀ ਨੂੰ ਪੁਲਿਸ ਨੇ ਮਾਰਿਆ ਹੈ। ਜਿਵੇਂ ਹੀ ਕੈਦੀਆਂ ਨੂੰ ਸੰਨੀ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।

ਇਸ ਤੋਂ ਬਾਅਦ ਵੀਰਵਾਰ ਸਵੇਰੇ 11 ਵਜੇ ਕੈਦੀਆਂ ਨੇ ਹਾਈ ਸਕਿਊਰਿਟੀ ਜ਼ੋਨ 'ਚ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ। ਪੁਲਿਸ ਨੂੰ ਹੰਗਾਮਾ ਕਰ ਰਹੇ ਲੋਕਾਂ ਨੂੰ ਵੇਖਦੇ ਹੀ ਗੋਲੀ ਮਾਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ। ਗੋਲੀਬਾਰੀ 'ਚ ਸੰਦੀਪ ਸੂਦ ਨਾਂ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਜੇਲ 'ਚੋਂ 10 ਕੈਦੀਆਂ ਨੇ ਕੰਧ ਟੱਪ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ 'ਚੋਂ 5 ਨੂੰ ਕਾਬੂ ਕਰ ਲਿਆ ਗਿਆ। ਹੁਣ ਤਕ ਪ੍ਰਾਪਤ ਜਾਣਕਾਰੀ ਮੁਤਾਬਕ 15 ਕੈਦੀ ਅਤੇ 5 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਬੀਤੀ ਰਾਤ ਬਿਮਾਰੀ ਕਾਰਨ ਇਕ ਕੈਦੀ ਦੀ ਮੌਤ ਹੋ ਗਈ ਸੀ ਜਿਸ ਕਾਰਨ ਜੇਲ੍ਹ ਵਿਚ ਉਸ ਦੇ ਬਾਕੀ ਸਾਥੀ ਭੜਕ ਗਏ। ਜੇਲ੍ਹ ਵਿਚ ਮੌਜੂਦ ਲਗਭਗ 3200 ਕੈਦੀ ਆਪਣੇ ਬੈਰਕਾਂ ਤੋਂ ਬਾਹਰ ਆ ਕੇ ਸਵੇਰੇ ਹੰਗਾਮਾ ਕਰਨ ਲੱਗੇ ਸਨ। ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਜਿਸ ਤੋਂ ਬਾਅਦ ਪੁਲਿਸ ਫ਼ੋਰਸ ਨੂੰ ਬੁਲਾ ਕੇ ਹਾਲਾਤਾਂ 'ਤੇ ਹੁਣ ਕਾਬੂ ਪਾ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਝੜਪ ਦੌਰਾਨ ਕਿੰਨੇ ਪੁਲਿਸ ਮੁਲਾਜ਼ਮ ਅਤੇ ਕੈਦੀ ਜ਼ਖ਼ਮੀ ਹੋਏ ਹਨ, ਇਸ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਇਸ ਸਬੰਧੀ ਪੂਰੀ ਜਾਂਚ ਕਰਵਾਈ ਜਾਵੇਗੀ।