ਬਿਹਾਰ 'ਚ ਚੱਲੀ ਗੋਲੀ, ਚੋਣ ਅਧਿਕਾਰੀ ਦੀ ਮੌਤ, ਬੰਗਾਲ 'ਚ ਕਈ ਥਾਵਾਂ 'ਤੇ ਹਿੰਸਕ ਝੜਪਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਝਾਰਖੰਡ 'ਚ 58%, ਮੱਧ ਪ੍ਰਦੇਸ਼ 'ਚ 52% ਅਤੇ ਹਰਿਆਣਾ 'ਚ 51% ਵੋਟਾਂ ਪਈਆਂ

Lok Sabha Elections 2019 Phase 6 : 51% voting recorded till 4 pm

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ 6ਵੇਂ ਗੇੜ ਲਈ ਅੱਜ 7 ਸੂਬਿਾਂ ਦੀਆਂ 59 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਸ਼ਾਮ 4 ਵਜੇ ਤਕ 51% ਵੋਟਿੰਗ ਹੋਈ। ਸੱਭ ਤੋਂ ਵੱਧ ਬੰਗਾਲ 'ਚ 70% ਵੋਟਾਂ ਪਈਆਂ। ਝਾਰਖੰਡ 'ਚ 58%, ਮੱਧ ਪ੍ਰਦੇਸ਼ 'ਚ 52% ਅਤੇ ਹਰਿਆਣਾ 'ਚ 51% ਵੋਟਾਂ ਪਈਆਂ। ਬਿਹਾਰ ਦੇ ਸ਼ਿਵਹਰ ਇਲਾਕੇ ਦੇ ਡੁਮਰੀ ਕਟਸਰੀ ਵਿਖੇ ਬੂਥ ਨੰਬਰ-275 ਵਿਚ ਤਾਇਨਾਤ ਇਕ ਸੁਰੱਖਿਆ ਮੁਲਾਜ਼ਮ ਤੋਂ ਗਲਤੀ ਨਾਲ ਗੋਲੀ ਚੱਲਣ ਕਾਰਨ ਪੋਲਿੰਗ ਅਧਿਕਾਰੀ ਦੀ ਮੌਤ ਹੋ ਗਈ।

ਗੋਲੀ ਪੋਲਿੰਗ ਅਧਿਕਾਰੀ ਦੇ ਢਿੱਡ 'ਚ ਲੱਗੀ। ਜਾਣਕਾਰੀ ਮੁਤਾਬਕ ਹੋਮ ਗਾਰਡ ਜਵਾਨ ਸਰਯੁਗ ਦਾਸ ਦੀ ਬੰਦੂਕ 'ਚੋਂ ਅਚਾਨਕ ਗੋਲੀ ਚੱਲ ਗਈ, ਜੋ ਪੋਲਿੰਗ ਅਧਿਕਾਰੀ ਸ਼ਿਵੇਂਦਰ ਕਿਸ਼ੋਰ (37) ਨੂੰ ਲੱਗੀ। ਸ਼ਿਵੇਂਦਰ ਨੂੰ ਮੁਜੱਫ਼ਰਨਗਰ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਹੋਮ ਗਾਰਡ ਨੂੰ ਹਿਰਾਸਤ 'ਚ ਲੈ ਲਿਆ ਹੈ। ਮ੍ਰਿਤਕ ਸੀਤਾਮੜ੍ਹੀ ਜ਼ਿਲ੍ਹੇ ਦੇ ਬਾਜਪੱਟੀ ਦੇ ਬਾਜੀਤਪੁਰ ਸਥਿਤ ਸਰਕਾਰੀ ਸਕੂਲ ਦਾ ਅਧਿਆਪਕ ਸੀ।

ਪੱਛਮ ਬੰਗਾਲ ਦੇ ਮਿਦਨਾਪੁਰ ਲੋਕ ਸਭਾ ਖੇਤਰ 'ਚ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਘਾਟਲ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਆਈਪੀਐਸ ਅਧਿਕਾਰੀ ਭਾਰਤੀ ਘੋਸ਼ ਦੇ ਕਾਫ਼ਲੇ 'ਤੇ ਹਮਲਾ ਕੀਤਾ ਗਿਆ। ਉਨ੍ਹਾਂ ਦੀ ਗੱਡੀ ਦੇ ਸ਼ੀਸੇ ਟੁੱਟ ਗਏ। ਕੇਸ਼ਪੁਰ ਵੋਟਿੰਗ ਕੇਂਦਰ ਦੇ ਬਾਹਰ ਕਥਿਤ ਤੌਰ 'ਤੇ ਉਨ੍ਹਾਂ ਨਾਲ ਕੁੱਟਮਾਰ ਅਤੇ ਧੱਕਾਮੁੱਕੀ ਹੋਈ। ਭਾਜਪਾ ਨੇ ਇਸ ਘਟਨਾ ਲਈ ਤ੍ਰਿਣਮੂਲ ਕਾਰਕੁਨਾਂ 'ਤੇ ਦੋਸ਼ ਲਗਾਇਆ ਹੈ। ਚੋਣ ਕਮਿਸ਼ਨ ਨੇ ਇਸ ਮਾਮਲੇ 'ਚ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ।

ਬੰਗਾਲ 'ਚ 2 ਲੋਕਾਂ ਦੀ ਮੌਤ :
ਅੱਜ ਵੋਟਾਂ ਪੈਣ ਤੋਂ ਪਹਿਲਾਂ ਹੀ ਭਾਜਪਾ ਦੇ ਇਕ ਬੂਥ ਕਾਰਕੁਨ ਦੀ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਝਾਰਗ੍ਰਾਮ 'ਚ ਵਾਪਰੀ। ਮ੍ਰਿਤਕ ਦਾ ਨਾਂ ਰਾਮੇਨ ਸਿੰਘ ਹੈ। ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਦੇ ਇਕ ਕਾਰਕੁਨ ਦੀ ਵੀ ਲਾਸ਼ ਮਿਲੀ। ਇਸ ਤੋਂ ਇਲਾਵਾ ਮਿਦਨਾਪੁਰ 'ਚ ਤ੍ਰਿਣਮੂਲ ਕਾਂਗਰਸ ਦੇ ਦੋ ਕਾਰਕੁਨਾਂ ਨੂੰ ਗੋਲੀ ਮਾਰੀ ਗਈ। ਦੋਹਾਂ ਨੂੰ ਤਮਲੁਕ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਭਾਜਪਾ ਦੇ ਝੰਡੇ ਨਾਲ ਸਾਫ਼ ਕੀਤੀ ਜੁੱਤੀ, ਪੁਲਿਸ ਨੇ ਕੀਤਾ ਲਾਠੀਚਾਰਜ :
ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਬੂਥ ਨੰਬਰ-369 'ਤੇ ਭਾਜਪਾ ਕਾਰਕੁਨਾਂ ਨੇ ਕਾਫ਼ੀ ਹੰਗਾਮਾ ਕੀਤਾ। ਐਤਵਾਰ ਸਵੇਰੇ ਵੋਟਿੰਗ ਦੌਰਾਨ ਇਕ ਵਿਅਕਤੀ ਨੇ ਭਾਜਪਾ ਦੇ ਝੰਡੇ ਨਾਲ ਆਪਣੇ ਜੁੱਤੀ ਸਾਫ਼ ਕਰ ਲਈ। ਜਦੋਂ ਇਸ ਘਟਨਾ ਬਾਰੇ ਭਾਜਪਾ ਕਾਰਕੁਨਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਵਿਅਕਤੀ ਨੂੰ ਘੇਰ ਲਿਆ। ਬਹਿਸਬਾਜ਼ੀ ਹੋਣ 'ਤੇ ਭਾਜਪਾ ਕਾਰਕੁਨਾਂ ਨੇ ਉਸ ਵਿਅਕਤੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਿਸ ਨੂੰ ਹਾਲਾਤ 'ਤੇ ਕਾਬੂ ਪਾਉਣ ਲਈ ਲਾਠੀਚਾਰਜ ਕਰਨਾ ਪਿਆ।

ਫ਼ਤਿਹਾਬਾਦ 'ਚ ਗੋਲੀਬਾਰੀ :
ਹਰਿਆਣਾ ਦੇ ਫ਼ਤਿਹਾਬਾਦ 'ਚ ਵਾਲਮੀਕ ਚੌਕ ਵਿਖੇ ਬੂਥ ਨੰਬਰ-53 ਨੇੜੇ ਦੋ ਧਿਰਾਂ ਵਿਚਕਾਰ ਹਿੰਸਕ ਝੜਪ ਹੋਈ। ਵੋਟਿੰਗ ਕਰ ਕੇ ਜਾ ਰਹੇ ਗੱਡੀ ਸਵਾਰਾਂ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਦੋਹਾਂ ਪਾਸਿਉਂ ਗੋਲੀਆਂ ਚੱਲੀਆਂ। ਇਸ ਘਟਨਾ ਮਗਰੋਂ ਪੋਲਿੰਗ ਬੂਥ ਦੇ ਬਾਹਰ ਹੋਰ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ।