ਕਾਂਗਰਸ ਹਾਈ ਕਮਾਂਡ ਦਾ ਅਗਲੇ ਪੰਜ ਮਹੀਨੇ ਲਈ ਐਕਸ਼ਨ ਪਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਵਲੋਂ ਮੁੱਖ ਮੰਤਰੀ ਦੀ ਸਰਦਾਰੀ ਨੂੰ ਚੈਲੰਜ ਕਰਨਾ, ਤੱਥਾਂ ਤੋਂ ਪਰੇ, ਵਿਰੋਧੀ ਧਿਰਾਂ ’ਤੇ ਚਿੱਕੜ ਸੁੱਟਣਾ, ਅੱਜ ਦੇ ਮਾਹੌਲ ’ਚ ਉਲਟਾ ਪੈ ਰਿਹਾ ਹੈ।

Captain Amarinder Singh, Rahul Gandhi

ਚੰਡੀਗੜ੍ਹ (ਜੀ.ਸੀ. ਭਾਰਦਵਾਜ): ਸਰਹੱਦੀ ਸੂਬੇ ਪੰਜਾਬ ’ਚ 6 ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੱਤਾਧਾਰੀ ਕਾਂਗਰਸ ਵਿਚ ਪਏ ਘਮਸਾਣ ਦੇ ਹੱਲ ਲਈ ਪਾਰਟੀ ਹਾਈ ਕਮਾਂਡ ਨੇ ਇਕ ਪੁਖਤਾ ਐਕਸ਼ਨ ਪਲਾਨ ਤਿਆਰ ਕਰਨ ਲਈ  ਪੂਰੀ ਵਾਹ ਲਾ ਦਿਤੀ ਹੈ। ਇਸ ਵਾਰ ਚੈਲੰਜ ਕਾਫੀ ਵਖਰਾ ਤੇ ਜੋਖ਼ਮ ਭਰਿਆ ਹੈ ਕਿਉਂਕਿ ਹਾਈ ਕਮਾਂਡ ਮਜ਼ਬੂਤ ਲੀਡਰਸ਼ਿਪ ਤੋਂ ਵਾਂਝੀ ਹੈ ਜਦਕਿ ਮੌਜੂਦਾ ਮੁੱਖ ਮੰਤਰੀ ਇਸ ਵਕਤ ਰਾਸ਼ਟਰੀ ਪੱਧਰ ਦਾ ਸਿਰਕੱਢ ਨੇਤਾ ਬਣ ਚੁੱਕਾ ਹੈ ਅਤੇ ਮਹਾਂ ਗਠਜੋੜ ਲਈ ਸ਼ਰਦ ਪਵਾਰ ਤੇ ਮਮਤਾ ਬੈਨਰਜੀ ਦੀ ਕਤਾਰ ਵਿਚ ਖੜਨ ਦੇ ਯੋਗ ਹੈ।

ਬੀਤੇ ਕਲ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਸੀਨੀਅਰ ਕਾਂਗਰਸੀ ਨੇਤਾਵਾਂ ਤੋਂ ਇਸ਼ਾਰਾ ਮਿਲਿਆ ਹੈ ਕਿ ਛੇਤੀ ਹੀ ਪਾਰਟੀ ਪੱਧਰ ਅਤੇ ਸਰਕਾਰ ’ਚ ਚੋਖੀ ਅਦਲਾ-ਬਦਲੀ ਕਰਨ ਉਪਰੰਤ ਹਾਈ ਕਮਾਂਡ ਅਗਲੇ ਪੰਜ ਮਹੀਨੇ ਨਵੇਂ, ਪੁਰਾਣੇ ਪਾਰਟੀ ਅਹੁਦੇਦਾਰਾਂ, ਮੰਤਰੀਆਂ, ਵਿਧਾਇਕਾਂ ਤੇ ਹੋਰ ਟਿਕਟ ਦੇ ਚਾਹਵਾਨਾਂ ਦੀ ਚੰਗੀ ਮਾੜੀ ਕਾਰਗੁਜ਼ਾਰੀ ’ਤੇ ਸਖਤ ਨਜ਼ਰ ਰੱਖੇਗੀ।

ਸੂਤਰਾਂ ਤੋਂ ਇਸ਼ਾਰਾ ਇਹ ਵੀ ਮਿਲਿਆ ਹੈ ਕਿ ਪੰਜਾਬ ’ਚ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣਾ ਪਿਛਲੇ ਸਾਢੇ ਚਾਰ ਸਾਲ ਕਾਂਗਰਸੀ ਨੇਤਾਵਾਂ ਦੀ ਰੇਤ-ਬਜਰੀ, ਐਕਸਾਈਜ਼, ਟਰਾਂਸਪੋਰਟ ਮਾਫ਼ੀਆ ਤੇ ਦਲਿਤ ਵਜ਼ੀਫ਼ਾ ਘਪਲੇ ’ਚ ਹਿੱਸੇਦਾਰੀ ਅਤੇ ਬੇਅਦਬੀ ਮਾਮਲਿਆਂ ਵਿਚ ਝੂਠੇ ਪ੍ਰਚਾਰ ਕਾਰਨ ਬਹੁੁਤ  ਮੁਸ਼ਕਲ ਕੰਮ ਹੈ। ਉਤੋਂ ਨਵਜੋਤ ਸਿੱਧੂ ਵਲੋਂ ਮੁੱਖ ਮੰਤਰੀ ਦੀ ਸਰਦਾਰੀ ਨੂੰ ਚੈਲੰਜ ਕਰਨਾ, ਤੱਥਾਂ ਤੋਂ ਪਰੇ, ਵਿਰੋਧੀ ਧਿਰਾਂ ’ਤੇ ਚਿੱਕੜ ਸੁੱਟਣਾ, ਅੱਜ ਦੇ ਮਾਹੌਲ ’ਚ ਉਲਟਾ ਪੈ ਰਿਹਾ ਹੈ।

ਇਹ ਵੀ ਪੜ੍ਹੋ - 40 ਤੋਂ ਵੱਧ ਸਵਾਲਾਂ ਦੇ ਜੁਆਬ ਲਏ ਪਰ ਸਿੱਟ ਦੇ ਪੱਲੇ ਅੱਜ ਵੀ ਕੁੱਝ ਜ਼ਿਆਦਾ ਨਾ ਪਿਆ

ਇਨ੍ਹਾ ਸਾਰੇ ਨੁਕਤਿਆਂ ਤੋਂ ਇਲਾਵਾ ਚੋਣ ਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਵਲੋਂ ਗੁਪਤ ਸਕੀਮ ਇਹ ਦੇਣਾ ਕਿ 20-25 ਵਿਧਾਇਕਾਂ ਨੂੰ ਟਿਕਟ ਮਨਾਹੀ ਕਰਨਾ ਤੇ 15-20 ਦੇ ਹਲਕੇ ਬਦਲਣਾ ਅਤੇ ਮੌਜੂਦਾ 10-12 ਸੀਨੀਅਰ ਮੰਤਰੀਆਂ ਨੂੰ ਚੋਣਾਂ ਤੋਂ ਲਾਂਭੇ ਕਰਨਾ, ਹਾਈ ਕਮਾਂਡ ਲਈ ਵੱਡੀ ਸਿਰਦਰਦੀ ਬਣ ਗਈ ਹੈ। ਮੁਲਾਕਾਤ ਕਰ ਕੇ ਆਏ ਨੇਤਾਵਾਂ ਅਤੇ ਹੋਰ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਾਰ ਚਾਰ ਕੋਨੇ ਮੁਕਾਬਲੇ ਲਈ ਨਵੰਬਰ ਮਹੀਨੇ ’ਚ ਕੀਤੀ ਜਾਣੀ ਟਿਕਟਾਂ ਦੀ ਕਾਂਟ ਛਾਂਟ ਨਾਲ, ਇਹ ਦੁਖੀ ਨੇਤਾ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਛਾਲ ਮਾਰਨਗੇ ਜਾਂ ਆਜ਼ਾਦ ਖੜ ਕੇ ਕਾਂਗਰਸ ਨੂੰ ਖੋਰਾ ਲਾਉਣਗੇ। ਮਾਹਰ ਇਹ ਵੀ ਕਹਿ ਰਹੇ ਹਨ ਕਿ ਕਾਂਗਰਸ ਦਾ ਹਰ ਚੰਗਾ-ਮਾੜਾ ਕਦਮ ਜਾਂ ਬਿਆਨ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਫਾਇਦਾ ਪੁਚਾ ਰਿਹਾ ਹੈ।