ਬੀ.ਏ. ਭਾਗ 3 ਅੰਗਰੇਜ਼ੀ ਪੇਪਰ ਦੇ ਅੰਕ ਵਧਾਉਣ ਬਦਲੇ ਵਿਦਿਆਰਥੀ ਕੋਲੋਂ ਪੈਸੇ ਮੰਗਣ ਵਾਲਾ ਪ੍ਰੋਫ਼ੈਸਰ ਰੰਗੇ ਹੱਥੀਂ ਕਾਬੂ
ਦੇਸ਼ ਭਗਤ ਕਾਲਜ ਬਿਰੜਵਾਲ ਦੇ ਪ੍ਰੋਫ਼ੈਸਰ ਨੇ ਪ੍ਰਤੀ ਪੇਪਰ ਮੰਗੇ ਸੀ 7 ਹਜ਼ਾਰ ਰੁਪਏ
ਪਟਿਆਲਾ: ਪੇਪਰ ਵਿਚ ਵਿਦਿਆਰਥੀ ਨੂੰ ਪਾਸ ਕਰਵਾਉਣ ਬਦਲੇ ਉਸ ਕੋਲੋਂ ਪੈਸੇ ਮੰਗਣ ਵਾਲੇ ਪ੍ਰੋਫ਼ੈਸਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਦਸਿਆ ਕਿ ਬੀ.ਏ. ਭਾਗ 3 ਦੇ ਅੰਗਰੇਜ਼ੀ ਦੇ ਪੇਪਰ ਦੀ ਚੈਕਿੰਗ ਦੌਰਾਨ ਦੇਸ਼ ਭਗਤ ਕਾਲਜ ਬਿਰੜਵਾਲ, ਧੂਰੀ ਦੇ ਇਕ ਪ੍ਰੋਫ਼ੈਸਰ ਵਲੋਂ ਵਿਦਿਆਰਥੀਆਂ ਨੂੰ ਫ਼ੋਨ ਕਰ ਕੇ ਨੰਬਰ ਵਧਾਉਣ ਬਦਲੇ ਪੈਸੇ ਦੀ ਮੰਗ ਕੀਤੀ ਗਈ ਸੀ, ਜਿਸ ਦੀ ਆਡਿਉ ਯੂਨੀਵਰਸਿਟੀ ਕੋਲ ਪਹੁੰਚੀ।
ਇਹ ਵੀ ਪੜ੍ਹੋ: ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਤੀਜੀ ਵਾਰ ਵਿਜੀਲੈਂਸ ਸਾਹਮਣੇ ਪੇਸ਼ ਹੋਏ ਬਲਬੀਰ ਸਿੱਧੂ, 6 ਘੰਟੇ ਹੋਈ ਪੁਛਗਿਛ
ਇਸ ਮਗਰੋਂ ਇਕ ਟਰੈਪ ਲਗਾ ਕੇ ਪ੍ਰੋਫ਼ੈਸਰ ਨੂੰ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਤੋਂ ਵਿਦਿਆਰਥੀ ਕੋਲੋ ਪੈਸੇ ਲੈਂਦਿਆਂ ਮੌਕੇ 'ਤੇ ਕਾਬੂ ਕੀਤਾ ਗਿਆ ਹੈ, ਇਸ ਮੌਕੇ ਉਸ ਕੋਲੋਂ ਉੱਤਰ ਕਾਪੀ ਵੀ ਬਰਾਬਦ ਕੀਤੀ ਗਈ, ਜਿਸ ’ਤੇ ਵਿਦਿਆਰਥੀ ਸਾਹਮਣੇ ਨੰਬਰ ਵਧਾਏ ਜਾਣੇ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡਾ ਮਸਲਾ ਹੈ। ਇਹ ਯੂਨੀਵਰਸਿਟੀ, ਵਿਦਿਆ ਅਤੇ ਸਮਾਜ ਵਿਰੁਧ ਜੁਰਮ ਹੈ।
ਇਹ ਵੀ ਪੜ੍ਹੋ: ਪ੍ਰਦਰਸ਼ਨਕਾਰੀ ਭਲਵਾਨਾਂ ਵਲੋਂ ਮੇਰੇ 'ਤੇ ਲਗਾਏ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ : ਬਬੀਤਾ ਫੋਗਾਟ
ਵੀ.ਸੀ. ਨੇ ਦਸਿਆ ਕਿ ਪੇਪਰ 'ਚ ਇਕ ਸਵਾਲ ਵਿਚ ਵਿਦਿਆਰਥੀਆਂ ਨੂੰ ਸੀ.ਵੀ. ਲਿਖਣ ਲਈ ਕਿਹਾ ਗਿਆ ਸੀ, ਜਿਸ ਦਾ ਉਤਰ ਲਿਖਣ ਸਮੇਂ ਵਿਦਿਆਰਥੀ ਨੇ ਅਪਣਾ ਨੰਬਰ ਲਿਖ ਦਿਤਾ ਸੀ। ਇਸ ਮਗਰੋਂ ਪ੍ਰੋਫ਼ੈਸਰ ਨੇ ਫੋਨ ਕਰ ਕੇ ਵਿਦਿਆਰਥੀ ਨੂੰ ਕਿਹਾ ਕਿ ਜੇਕਰ ਨੰਬਰ ਵਧਾਉਣੇ ਹਨ ਤਾਂ ਮੈਨੂੰ ਮਿਲ ਅਤੇ ਉਸ ਦੇ ਸਾਹਮਣੇ ਨੰਬਰ ਵਧਾ ਦਿਤੇ ਜਾਣਗੇ। ਇਸ ਤੋਂ ਇਲਾਵਾ ਉਕਤ ਪ੍ਰੋਫ਼ੈਸਰ ਨੇ ਵਿਦਿਆਰਥੀ ਨੂੰ ਅਪਣੇ ਹੋਰ ਦੋਸਤਾਂ ਨੂੰ ਵੀ ਨੰਬਰ ਵਧਾਉਣ ਸਬੰਧੀ ਉਸ ਨਾਲ ਗੱਲ ਕਰਨ ਲਈ ਕਿਹਾ।
ਇਹ ਵੀ ਪੜ੍ਹੋ: ਭਾਖੜਾ ਨਹਿਰ ’ਚ ਡੁੱਬਣ ਵਾਲੀਆਂ 3 ਔਰਤਾਂ ਦੇ ਪ੍ਰਵਾਰਾਂ ਨੂੰ 2-2 ਲੱਖ ਰੁਪਏ ਸਹਾਇਤਾ ਰਾਸ਼ੀ ਦੇਣਗੇ MP ਸਿਮਰਨਜੀਤ ਮਾਨ
ਜਦੋਂ ਵਿਦਿਆਰਥੀ ਅਧਿਆਪਕ ਨੂੰ ਮਿਲ ਕੇ ਪੈਸੇ ਦੇ ਰਿਹਾ ਸੀ ਤਾਂ ਯੂਨੀਵਰਸਿਟੀ ਦੀ ਟੀਮ ਵਲੋਂ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਉਨ੍ਹਾਂ ਦਸਿਆ ਕਿ ਅਧਿਆਪਕ ਨੇ ਪੇਪਰ 'ਚ ਨੰਬਰ ਵਧਾਉਣ ਲਈ 7 ਹਜ਼ਾਰ ਰੁਪਏ 'ਚ ਸੌਦਾ ਕੀਤਾ ਸੀ। ਯੂਨੀਵਰਸਿਟੀ ਪ੍ਰਸ਼ਾਸਨ ਨੇ ਉਕਤ ਅਧਿਆਪਕ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਅਜਿਹੇ ਮਾਮਲਿਆਂ ਵਿਚ ਸਖ਼ਤੀ ਨਾਲ ਪੇਸ਼ ਆਵੇਗੀ।