ਡਿਜੀਟਲ ਠੱਗਾਂ ਨੇ ਆਪਣੇ ਆਪ ਨੂੰ BSF ਅਧਿਕਾਰੀ ਦੱਸ ਗ਼ਰੀਬ ਢਾਬਾ ਮਾਲਕ ਦੇ ਖਾਤੇ 'ਚੋਂ ਉਡਾਏ ਪੈਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਕਰਦਾ ਹੈ 50 ਰੁਪਏ ਪ੍ਰਤੀ ਪਲੇਟ ਦੇ ਹਿਸਾਬ ਨਾਲ ਲੋਕਾਂ ਨੂੰ ਰੋਟੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ।

Jasbir Kaur With Husband

ਗੁਰਦਾਸਪੁਰ (ਅਵਤਾਰ ਸਿੰਘ) : ਪੰਜਾਬ ਵਿਚ ਫਰਜ਼ੀ ਤਰੀਕੇ ਨਾਲ ਓਟੀਪੀ ਨੰਬਰ ਮੰਗ ਕੇ ਖਾਤਿਆਂ ਵਿਚੋਂ ਪੈਸੇ ਕਢਵਾਉਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਤਾਜਾ ਮਾਮਲਾ ਹੁਣ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਿਥੇ ਇਕ ਗਰੀਬ ਪਰਿਵਾਰ ਥੋਖਾਧੜੀ ਦਾ ਸ਼ਿਕਾਰ ਹੋ ਗਿਆ ਹੈ, ਜੋ 50 ਰੁਪਏ ਪ੍ਰਤੀ ਪਲੇਟ ਦੇ ਹਿਸਾਬ ਨਾਲ ਲੋਕਾਂ ਨੂੰ ਰੋਟੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ।

ਇਹ ਵੀ ਪੜ੍ਹੋ - ਤਾਲਿਬਾਨ ਦਾ ਬਿਆਨ- ਪੱਤਰਕਾਰ ਦਾਨਿਸ਼ ਸਿੱਦਕੀ ਅਪਣੀ ਮੌਤ ਲਈ ਖੁਦ ਜ਼ਿੰਮੇਵਾਰ, ਨਹੀਂ ਮੰਗਾਂਗੇ ਮੁਆਫ਼ੀ'

ਧੋਖਾਧੜੀ ਕਰਨ ਵਾਲੇ ਨੇ ਪਹਿਲਾਂ ਪਰਿਵਾਰ ਨੂੰ ਫੋਨ ਕਰ ਕੇ 20 ਪਲੇਟਾਂ ਖਾਣੇ ਦੀਆਂ ਮੰਗਵਾਈਆਂ ਅਤੇ ਫਿਰ ਧੋਖਾਧੜੀ ਨਾਲ ਉਨ੍ਹਾਂ ਦੇ ਦੋ ਬੈਂਕ ਖਾਤੇ ਨੰਬਰਾਂ ਦਾ ਓਟੀਪੀ ਲੈ ਲਿਆ। ਇਸ ਤੋਂ ਬਾਅਦ ਪਰਿਵਾਰ ਦੇ ਦੋਨੋਂ ਖਾਤੇ ਖਾਲੀ ਹੋ ਗਏ। ਦੋਨਾਂ ਖਾਤਿਆਂ ਵਿਚ 75,00 ਰੁਪਏ ਸਨ। ਠੱਗ ਨੂੰ ਤਾਂ ਇਸ ਨਾਲ ਸ਼ਾਇਦ ਹੀ ਕੋਈ ਵੱਡਾ ਫਾਇਦਾ ਹੋਇਆ ਹੋਵੇਗਾ ਪਰ ਗਰੀਬ ਪਰਿਵਾਰ ਨੂੰ ਇਸ ਠੱਗੀ ਨਾਲ ਬਹੁਤ ਨੁਕਸਾਨ ਹੋ ਗਿਆ। 

ਪੀੜਤ ਜਸਬੀਰ ਕੌਰ ਨੇ ਦੱਸਿਆ ਕਿ ਉਹ ਇਕ ਛੋਟਾ ਢਾਬਾ ਚਲਾਉਂਦੀ ਹੈ, ਜਿਸ ਵਿਚ ਚਾਹ ਤੋਂ ਇਲਾਵਾ ਖਾਣੇ ਦੀ ਇਕ ਥਾਲੀ 50 ਰੁਪਏ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। ਹਰ ਰੋਜ਼ 10 ਤੋਂ 15 ਪਲੇਟਾਂ ਵਿਕਦੀਆਂ ਹਨ। ਜਸਬੀਰ ਨੇ ਦੱਸਿਆ ਕਿ ਕੱਲ੍ਹ ਇੱਕ ਵਿਅਕਤੀ ਜਿਸ ਨੇ ਆਪਣੇ ਆਪ ਨੂੰ ਬੀਐਸਐਫ ਦਾ ਜਵਾਨ ਦੱਸਿਆ, ਉਸ ਨੇ ਫੋਨ ਕੀਤਾ ਅਤੇ ਖਾਣੇ ਦੀਆਂ 20 ਪਲੇਟਾਂ ਮੰਗਵਾਈਆਂ। ਅਡਵਾਂਸ ਮੰਗਣ 'ਤੇ ਉਸ ਨੇ ਕਿਹਾ ਕਿ ਅਸੀਂ ਸੈਨਾ ਦੇ ਜਵਾਨ ਹਾਂ ਧੋਖਾ ਨਹੀਂ ਦੇਵਾਂਗੇ।

ਅਸੀਂ ਪੈਸੇ ਖਾਤੇ ਵਿਚ ਪਾ ਦੇਵਾਂਗੇ। ਜਦੋਂ ਸਿਪਾਹੀ ਨੇ ਏਟੀਐੱਮ ਦੀ ਇਕ ਫੋਟੋ ਵਟਸਐਪ 'ਤੇ ਭੇਜੀ ਤਾਂ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਕਾਰਡ ਦੀ ਫੋਟੋ ਭੇਜੋ। ਫਿਰ ਕੁੱਝ ਸਮਾਂ ਬਾਅਦ ਉਸ ਨੇ ਓਟੀਪੀ ਵੀ ਮੰਗਿਆ। ਥੋੜੀ ਦੇਰ ਬਾਅਦ ਉਸ ਨੇ ਦੁਬਾਰਾ ਫ਼ੋਨ ਕੀਤਾ ਅਤੇ ਕਿਹਾ ਕਿ ਪੈਸੇ ਪਹਿਲੇ ਖਾਤੇ ਵਿਚ ਨਹੀਂ ਜਾ ਰਹੇ, ਦੂਜਾ ਨੰਬਰ ਦੇ ਦਿਓ। ਇਸ ਤੋਂ ਬਾਅਦ ਮੋਬਾਈਲ 'ਤੇ ਮੈਸੇਜ ਆ ਗਿਆ ਕਿ ਦੋਵੇਂ ਖਾਤਿਆਂ ਵਿਚੋਂ ਪੈਸੇ ਕਢਵਾ ਲਏ ਗਏ ਹਨ।

ਜਸਬੀਰ ਕੌਰ ਨੇ ਭਾਵੁਕ ਹੋ ਕੇ ਕਿਹਾ ਕਿ ਕਾਂਸਟੇਬਲ ਨੇ ਉਸ ਦਾ ਕਰੀਬ 1000 ਰੁਪਏ ਦਾ ਰਾਸ਼ਨ ਬਰਬਾਦ ਕਰ ਦਿੱਤਾ, ਜਦੋਂ ਕਿ 10-10 ਰੁਪਏ ਕਰ ਕੇ ਜੋੜੀ ਗਈ ਰਕਮ ਵੀ ਖਾਤਿਆਂ ਵਿਚੋਂ ਕੱਢ ਲਈ ਗਈ। ਫਿਲਹਾਲ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ, ਦੇਖਣਾ ਹੋਵੇਗਾ ਕਿ ਹੁਣ ਕੀ ਕਾਰਵਾਈ ਹੁੰਦੀ ਹੈ।