ਵੱਡੀ ਮਾਤਰਾ ਵਿਚ ਦੇਸੀ ਸ਼ਰਾਬ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਲ੍ਹੇ ਦੀ ਹੱਦ ਦੇ ਨਾਲ ਲੱਗਦੇ ਸੂਬੇ ਹਰਿਆਣਾ ਤੋਂ ਨਜ਼ਾਇਜ ਰੂਪ ਵਿਚ ਸ਼ਰਾਬ ਦੀ ਤਸਕਰੀ ਨੂੰ ਪੱਕੇ ਤੌਰ ਤੇ ਖ਼ਤਮ ਕਰਨ ਦੇ ਟੀਚੇ ਵਲ ਵਧਦਿਆਂ ਮਾਨਸਾ ਪੁਲਿਸ ਵਲੋਂ..........

Large amount of domestic liquor Recovered

ਮਾਨਸਾ : ਜਿਲ੍ਹੇ ਦੀ ਹੱਦ ਦੇ ਨਾਲ ਲੱਗਦੇ ਸੂਬੇ ਹਰਿਆਣਾ ਤੋਂ ਨਜ਼ਾਇਜ ਰੂਪ ਵਿਚ ਸ਼ਰਾਬ ਦੀ ਤਸਕਰੀ ਨੂੰ ਪੱਕੇ ਤੌਰ ਤੇ ਖ਼ਤਮ ਕਰਨ ਦੇ ਟੀਚੇ ਵਲ ਵਧਦਿਆਂ ਮਾਨਸਾ ਪੁਲਿਸ ਵਲੋਂ ਅੱਜ ਇਕ ਤਸਕਰ ਨੂੰ ਰੰਗੇ ਹੱਥੀਂ 20 ਸ਼ਰਾਬ ਦੀਆਂ ਪੇਟੀਆਂ ਸਮੇਤ ਅਜ ਤੜਕਸਾਰ ਮੀਰਪੁਰ ਖੁਰਦ ਤੋਂ ਗਿਰਫ਼ਤਾਰ ਕੀਤਾ ਹੈ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਐਸ.ਐਸ.ਪੀ. ਮਨਧੀਰ ਸਿੰਘ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਗ਼ੈਰ-ਕਾਨੂੰਨੀ ਨਸ਼ੇ ਦੇ ਧੰਦੇ ਨੂੰ ਕਿਸੇ ਵੀ ਕੀਮਤ ਤੇ ਪ੍ਰਫੁੱਲਿਤ ਨਹੀਂ ਹੋਣ ਦਿੱਤਾ ਜਾਵੇਗਾ।

ਅੱਜ ਦੀ ਗ੍ਰਿਫ਼ਤਾਰੀ ਬਾਰੇ ਚਾਨਣਾ ਪਾਉਂਦਿਆਂ ਐਸ.ਐਸ.ਪੀ ਨੇ ਦਸਿਆ ਕਿ ਸੀ.ਆਈ.ਏ. ਸਟਾਫ਼ ਇੰਚਾਰਜ ਅੰਗਰੇਜ਼ ਸਿੰਘ ਦੀ ਟੀਮ ਵਲੋਂ ਗਸ਼ਤ ਦੌਰਾਨ ਸਪਲੈਂਡਰ ਮੋਟਰਸਾਇਕਲ ਤੇ ਹਰਿਆਣੇ ਤੋਂ ਸ਼ਰਾਬ ਲੈ ਕੇ ਆ ਰਹੇ ਇਕ ਵਿਅਕਤੀ ਨੂੰ ਮੀਰਪੁਰ ਖੁਰਦ ਤੋਂ ਗਿਰਫ਼ਤਾਰ ਕੀਤਾ ਹੈ। ਇਸ ਮੁਜ਼ਰਮ ਦੀ ਸ਼ਨਾਖਤ ਸ਼ਗਨਦੀਪ ਸਿੰਘ (20) ਵਾਸੀ ਮੀਰਪੁਰ ਕਲਾਂ ਵਜ਼ੋਂ ਹੋਈ ਹੈ। ਇੰਚਾਰਜ ਨੇ ਦਸਿਆ ਕਿ ਮੁਜ਼ਰਮ ਨੇ ਅਸੁਰੱਖਿਅਤ ਤਰੀਕੇ ਨਾਲ ਇਕ ਤਰਪਾਲ ਵਿਚ ਜ਼ਿੱਪ ਲਗਾ ਕੇ 9,9 ਡੱਬੇ ਮੋਟਰਸਾਇਕਲ ਦੇ ਦੋਵੇਂ ਪਾਸੇ ਅਤੇ ਦੋ ਡੱਬੇ ਅਗਲੇ ਪਾਸੇ ਲਟਕਾਏ ਹੋਏ ਸਨ। 

ਡੱਬੇਆਂ ਦੀ ਗਿਣਤੀ ਤੋਂ ਬਾਅਦ ਇਨ੍ਹਾ ਨੂੰ ਪੁਲਿਸ ਨੇ ਪਲਾਸਟਿਕ ਦੇ ਕੰਟੇਨਰਾਂ ਵਿਚ ਇਕੱਠਾ ਕਰਕੇ ਕਬਜ਼ੇ ਵਿਚ ਕੀਤਾ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀ.ਐਸ.ਪੀ.  ਕਰਨਵੀਰ ਸਿੰਘ ਨੇ ਦਸਿਆ ਕਿ ਉਕਤ ਤਸਕਰ ਹਰਿਆਣੇ ਤੋਂ ਸਸਤੀ ਸ਼ਰਾਬ ਲਿਆ ਕੇ ਪੰਜਾਬ ਵਿਚ ਮਹਿੰਗੇ ਭਾਅ ਤੇ ਵੇਚਦਾ ਸੀ। ਇਸ ਵਿਅਕਤੀ ਖ਼ਿਲਾਫ਼  ਐਕਸਾਈਜ ਐਕਟ ਥਾਣਾ ਸਰਦੂਲਗੜ੍ਹ ਦਰਜ ਰਜਿਸਟਰ  ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਪੂਰਜ਼ੋਰ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਇਸ ਗੈਰ ਕਾਨੂੰਨੀ ਧੰਦੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ। 

ਡੀ.ਐਸ.ਪੀ ਨੇ ਇਸ ਤਰਾਂ ਦੇ ਗੈਰ ਕਾਨੂੰਨੀ ਧੰਦਿਆਂ ਵਿਚ ਲਿਪਤ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਹੋਇਆਂ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਅਜਿਹੇ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਧੰਦਾ ਕਰਨ ਵਾਲੇ ਦਾ ਪਤਾ ਲੱਗਦਾ ਹੈ ਉਸ ਦੀ ਸੂਚਨਾ ਜਿਲ੍ਹਾ ਵਾਸੀ ਤੁਰੰਤ ਸਬੰਧਤ ਥਾਣੇ ਜਾਂ ਐਸ.ਐਸ.ਪੀ. ਦਫ਼ਤਰ ਵਿਖੇ ਦੇ ਸਕਦੇ ਹਨ। ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।