ਮਾਫ਼ੀ ਸੱਚ ਬੋਲਣ ਲਈ ਨਹੀਂ ਮੰਗਵਾਉਣੀ ਚਾਹੀਦੀ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਦੇਸ਼ ਦੇ ਨਿਆਂ ਦੇ ਸੱਭ ਤੋਂ ਉੱਚੇ ਮੰਦਰ ਦੇ ਰਖਵਾਲੇ ਜੱਜਾਂ ਵਲੋਂ ਪ੍ਰਸ਼ਾਂਤ ਭੂਸ਼ਣ ਨੂੰ ਇਕ ਸਵਾਲ ਪੁਛਿਆ ਗਿਆ,''ਮਾਫ਼ੀ ਮੰਗਣ ਵਿਚ ਬੁਰਾਈ ਹੀ ਕੀ ਹੈ?'

Bhai Ranjit Singh Ji Dhadrianwale

ਦੇਸ਼ ਦੇ ਨਿਆਂ ਦੇ ਸੱਭ ਤੋਂ ਉੱਚੇ ਮੰਦਰ ਦੇ ਰਖਵਾਲੇ ਜੱਜਾਂ ਵਲੋਂ ਪ੍ਰਸ਼ਾਂਤ ਭੂਸ਼ਣ ਨੂੰ ਇਕ ਸਵਾਲ ਪੁਛਿਆ ਗਿਆ,''ਮਾਫ਼ੀ ਮੰਗਣ ਵਿਚ ਬੁਰਾਈ ਹੀ ਕੀ ਹੈ?'' ਜੱਜਾਂ ਦਾ ਕਹਿਣਾ ਹੈ ਕਿ ਜੱਜ ਤੇ ਵਕੀਲ, ਇਕ ਹੀ ਬਰਾਦਰੀ ਨਾਲ ਸਬੰਧ ਰਖਦੇ ਹਨ ਤੇ ਆਪਸੀ ਮਤਭੇਦ ਆਪਸ ਵਿਚ ਬੈਠ ਕੇ ਹੀ ਸੁਲਝਾ ਲੈਣੇ ਚਾਹੀਦੇ ਹਨ।

ਜੱਜਾਂ ਦੀ ਸੋਚ ਹੈ ਕਿ ਇਨ੍ਹਾਂ ਮਤਭੇਦਾਂ ਨੂੰ ਜਨਤਕ ਨਹੀਂ ਕਰਨਾ ਚਾਹੀਦਾ। ਇਹੀ ਸੋਚ ਸ਼੍ਰੋਮਣੀ ਕਮੇਟੀ ਦੇ 'ਜਥੇਦਾਰ' ਵੀ ਰਖਦੇ ਹਨ। ਸਾਰੇ ਪਾਪ ਅੰਦਰਖਾਤੇ, ਬੰਦ ਦਰਵਾਜ਼ੇ, ਬੰਦ ਲਿਫ਼ਾਫ਼ਿਆਂ ਵਿਚ ਹੀ ਬੰਦ ਹੋ ਜਾਣ ਤਾਂ ਠੀਕ ਹੈ। ਲੋਕਾਂ ਨੂੰ ਅੰਦਰ ਦੀਆਂ ਕਮਜ਼ੋਰੀਆਂ ਪਤਾ ਨਹੀਂ ਲਗਣੀਆਂ ਚਾਹੀਦੀਆਂ। 

ਇਕ ਨਾਮੀ ਵਕੀਲ ਵਲੋਂ ਜੱਜਾਂ ਦੀ ਨਿਰਪੱਖਤਾ ਤੇ ਸਵਾਲ ਚੁੱਕੇ ਜਾਣ ਤੇ ਅਦਾਲਤ ਨੇ ਸਜ਼ਾ ਸੁਣਾਈ ਹੈ। ਜੇਕਰ ਉਨ੍ਹਾਂ ਨੇ 'ਅਦਾਲਤ ਦੀ ਹੱਤਕ' ਦੇ ਨਾਂ ਤੇ ਰੁਖ਼ ਇਖ਼ਤਿਆਰ ਕੀਤਾ ਤਾਂ ਪ੍ਰਸ਼ਾਂਤ ਭੂਸ਼ਣ ਨੂੰ ਕੁੱਝ ਮਹੀਨਿਆਂ ਵਾਸਤੇ ਜੇਲ ਵੀ ਵਿਚ ਜਾਣਾ ਪੈ ਸਕਦਾ ਹੈ। ਇਸ ਨਾਲ ਪ੍ਰਸ਼ਾਂਤ ਭੂਸ਼ਣ ਦੇ ਨਾਮ ਅੱਗੇ ਅਪਰਾਧੀ ਹੋਣ ਦਾ ਦਾਗ਼ ਲੱਗ ਜਾਵੇਗਾ ਤੇ ਜੇਲ ਵਿਚ ਕੁੱਝ ਅਜਿਹਾ ਵਿਵਹਾਰ ਵੀ ਹੋ ਸਕਦਾ ਹੈ।

ਜਿਸ ਨਾਲ ਉਨ੍ਹਾਂ ਦਾ ਨਿਆਂ ਅਤੇ ਨਿਆਂ ਕਰਨ ਵਾਲਿਆਂ ਉਤੋਂ ਭਰੋਸਾ ਹੀ ਉਠ ਜਾਵੇ ਜਾਂ ਪ੍ਰਸ਼ਾਂਤ ਭੂਸ਼ਣ ਇਸ ਮਗਰੋਂ ਹੋਰ ਵੀ ਤਾਕਤਵਰ ਤੇ ਨਿਡਰ ਹੋ ਕੇ ਬਾਹਰ ਆ ਡਟਣ। ਪਰ ਅਦਾਲਤ ਦੇ ਰਾਖਿਆਂ ਵਲੋਂ ਇਹ ਕਦਮ ਨਿਆਂ ਦੀ ਰਾਖੀ ਵਾਸਤੇ ਨਹੀਂ ਬਲਕਿ ਅਪਣੇ 'ਰੋਹਬ ਦਾਬ' ਦੀ ਰਾਖੀ ਵਾਸਤੇ ਚੁਕੇ ਜਾ ਰਹੇ ਹਨ, ਠੀਕ ਉਸੇ ਤਰ੍ਹਾਂ ਜਿਵੇਂ ਅਕਾਲ ਤਖ਼ਤ ਵਲੋਂ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਵਿਰੁਧ ਕਦਮ ਚੁਕਿਆ ਗਿਆ ਹੈ।

ਉਨ੍ਹਾਂ ਦੇ ਸਮਾਗਮਾਂ ਵਿਚ ਜਾਣ ਤੇ ਰੋਕ ਲਗਾਈ ਗਈ ਹੈ। ਇਸ ਦੇ ਪਿਛੇ ਦਾ ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਇਥੇ ਬਾਹਰੀ ਤੌਰ 'ਤੇ ਇਲਜ਼ਾਮ ਤਾਂ ਇਹ ਲਾਏ ਜਾ ਰਹੇ ਹਨ ਕਿ ਢਡਰੀਆਂਵਾਲਾ ਗੁਰਬਾਣੀ ਦੇ ਗ਼ਲਤ ਅਰਥ ਕਰ ਰਿਹਾ ਹੈ ਪਰ ਅੰਦਰਖਾਤੇ ਇਹ 'ਜਥੇਦਾਰ' ਵੀ ਭਾਈ ਰਣਜੀਤ ਸਿੰਘ ਨੂੰ ਇਹ ਸੁਨੇਹੇ ਭੇਜ ਰਹੇ ਹਨ ਕਿ ਸੱਭ ਕੁੱਝ ਅੰਦਰਖਾਤੇ ਬਹਿ ਕੇ ਖ਼ਤਮ ਕਰਨ ਨੂੰ ਤਿਆਰ ਹਨ।

ਭਾਈ ਰਣਜੀਤ ਸਿੰਘ ਦੇ ਸਮਾਗਮਾਂ ਉਤੇ ਰੋਕ ਕਿਉਂ? ਕਿਉਂਕਿ ਰਵਾਇਤੀ ਸੋਚ ਇਹੀ ਹੈ ਕਿ ਜਦ ਸਮਾਗਮ ਹੁੰਦੇ ਹਨ ਤਾਂ ਸ਼ਰਧਾਲੂ ਮੱਥਾ ਟੇਕਣ ਦੇ ਨਾਲ-ਨਾਲ ਚੜ੍ਹਾਵਾ ਵੀ ਚੜ੍ਹਾਉਂਦੇ ਹਨ ਤੇ ਗੋਲਕ ਉਤੇ ਨਜ਼ਰ ਰਖਣ ਵਾਲੇ ਇਹੀ ਸੋਚਦੇ ਹਨ ਕਿ ਜੇਕਰ ਭਾਈ ਰਣਜੀਤ ਸਿੰਘ ਦੀ ਆਮਦਨ ਬੰਦ ਕਰ ਦੇਵਾਂਗੇ ਤਾਂ ਉਹ ਝੁਕ ਜਾਵੇਗਾ।

ਇਹੀ ਇਨ੍ਹਾਂ ਰੋਜ਼ਾਨਾ ਸਪੋਕਸਮੈਨ ਨਾਲ ਕੀਤਾ। ਬੰਦ ਕਰਨ ਵਾਸਤੇ ਸ. ਜੋਗਿੰਦਰ ਸਿੰਘ ਨੂੰ ਤਨਖ਼ਾਹੀਆ ਕਰਾਰ ਦਿਤਾ ਤੇ ਅਕਾਲੀ ਸਰਕਾਰ ਨੇ 10 ਸਾਲ ਤਕ ਸਰਕਾਰੀ ਇਸ਼ਤਿਹਾਰ ਬੰਦ ਕਰੀ ਰੱਖੇ (ਕੁਲ 150 ਕਰੋੜ ਦੇ)। ਇਹੀ ਸੋਚ ਕੇ ਇਹ ਸੱਭ ਕੀਤਾ ਗਿਆ ਕਿ ਆਮਦਨ ਬੰਦ ਕਰ ਦੇਵਾਂਗੇ ਤਾਂ ਗ਼ਲਤ ਰਵਾਇਤਾਂ ਨੂੰ ਚੁਨੌਤੀ ਦੇਣ ਵਾਲੀ ਆਵਾਜ਼ ਬੰਦ ਹੋ ਜਾਵੇਗੀ। 

ਭਾਈ ਰਣਜੀਤ ਸਿੰਘ, ਸ. ਜੋਗਿੰਦਰ ਸਿੰਘ, ਪ੍ਰੋ. ਦਰਸ਼ਨ ਸਿੰਘ, ਪ੍ਰਸ਼ਾਂਤ ਭੂਸ਼ਣ ਵਾਂਗ ਸਹੀ ਥਾਂ 'ਤੇ ਮਾਫ਼ੀ ਮੰਗ ਸਕਣ ਵਾਲੇ ਨਿਡਰ ਕ੍ਰਾਂਤੀਕਾਰੀ ਹਨ ਪਰ ਮਾਇਆ ਦਾ ਨੁਕਸਾਨ ਬਚਾਉਣ ਲਈ ਹਰ ਥਾਂ ਸਿਰ ਝੁਕਾਉਣ ਵਾਲੇ ਬੰਦੇ ਨਹੀਂ। ਜੇ ਗ਼ਲਤੀ ਕੀਤੀ ਹੁੰਦੀ ਤਾਂ ਮਾਫ਼ੀ ਮੰਗਣ ਵਿਚ ਕੋਈ ਸ਼ਰਮ ਨਹੀਂ ਸੀ। ਪਰ ਇਹ ਮਾਫ਼ੀਆਂ ਨਹੀਂ ਹਨ, ਬਸ ਇਨ੍ਹਾਂ ਕ੍ਰਾਂਤੀਕਾਰੀਆਂ ਦੀ ਆਤਮਾ ਨੂੰ ਤਾਕਤ ਅੱਗੇ ਝੁਕ ਜਾਣ ਲਈ ਮਜਬੂਰ ਕਰਨ ਦੀਆਂ ਚਾਲਾਂ ਹਨ।

ਭਗਤ ਸਿੰਘ ਜੇਕਰ ਮਾਫ਼ੀ ਮੰਗ ਲੈਂਦਾ ਤਾਂ ਫਾਂਸੀ ਨਾ ਚੜ੍ਹਦਾ। ਪਰ ਉਸ ਦਾ ਨਾਂ ਵੀ ਅੱਜ ਕਿਸੇ ਨੂੰ ਯਾਦ ਨਾ ਰਿਹਾ ਹੁੰਦਾ। ਜੇਕਰ ਸ. ਜੋਗਿੰਦਰ ਸਿੰਘ ਮਾਫ਼ੀ ਮੰਗ ਆਉਂਦੇ ਤਾਂ ਅੱਜ ਸਪੋਕਸਮੈਨ ਕੋਲ ਪੈਸੇ ਦੀ ਕਮੀ ਨਾ ਹੁੰਦੀ, ਪਰ ਫਿਰ ਰਾਮ ਰਹੀਮ ਵਿਰੁਧ ਆਵਾਜ਼ ਚੁਕਣ ਵਾਲੀ ਤੇ ਸਿੱਖੀ, ਸਿੱਖ ਸੰਸਥਾਵਾਂ ਵਿਚ ਵੜ ਆਈ 'ਵਾਇਰਸ' (ਲਾਗ) ਬਾਰੇ ਸੁਚੇਤ ਕਰਨ ਵਾਲੀ ਅਖ਼ਬਾਰ ਵੀ ਨਾ ਹੁੰਦੀ, ਨਾ 'ਉੱਚਾ ਦਰ ਬਾਬੇ ਨਾਨਕ ਦਾ' ਵਰਗਾ ਚਮਤਕਾਰ ਹੀ ਕੋਈ ਵਿਖਾ ਸਕਦਾ।

ਭਾਈ ਰਣਜੀਤ ਸਿੰਘ ਉਤੇ ਹੁਣ ਸ਼ਿਕੰਜਾ ਕਸਿਆ ਜਾ ਰਿਹਾ ਹੈ। ਢਾਡੀਆਂ ਦੇ ਪ੍ਰੋਗਰਾਮਾਂ 'ਤੇ ਪਾਬੰਦੀਆਂ ਲੱਗ ਚੁਕੀਆਂ ਹਨ। ਘਬਰਾਹਟ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਲੋਕ ਸਵਾਲ ਪੁਛ ਰਹੇ ਹਨ। ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਸ. ਜੋਗਿੰਦਰ ਸਿੰਘ, ਪ੍ਰੋ. ਦਰਸ਼ਨ ਸਿੰਘ ਨੇ ਮਾਫ਼ੀ ਨਾ ਮੰਗੀ ਤੇ ਉਸ ਦੀ ਕੀਮਤ ਅਪਣੇ ਆਪ ਉਤੇ ਮੁਸੀਬਤਾਂ ਝੱਲ ਕੇ ਚੁਕਾਈ ਹੈ।

ਪਰ ਹੁਣ ਇਕ ਲਹਿਰ ਬਣ ਰਹੀ ਹੈ ਜਿਸ ਦਾ ਸ਼ੁਭ ਆਰੰਭ ਤਾਂ ਸਪੋਕਸਮੈਨ ਨੇ ਅਪਣੇ ਆਪ ਦੀ ਕੁਰਬਾਨੀ ਦੇਣ ਲਈ ਅੱਗੇ ਆ ਕੇ ਕੀਤਾ ਸੀ ਪਰ ਹੁਣ ਸਾਰਿਆਂ ਨੂੰ ਇਕਮੁਠ ਹੋ ਕੇ ਇਹ ਲੜਾਈ ਜਿੱਤ ਲੈਣੀ ਚਾਹੀਦੀ ਹੈ। ਜਬਰ ਅਤੇ ਧੱਕਾ ਕਰਨ ਵਾਲੇ ਪੁਜਾਰੀ ਤੇ ਉਨ੍ਹਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਸਿਆਸਤਦਾਨ ਦੋਵੇਂ ਬੁਰੀ ਤਰ੍ਹਾਂ ਬਦਨਾਮ ਹੋ ਕੇ ਸ਼ਰਧਾਵਾਨ ਸਿੱਖਾਂ ਨਾਲੋਂ ਕੱਟੇ ਜਾ ਚੁੱਕੇ ਹਨ। ਹੁਣ ਤਾਂ ਇਕ ਸਾਂਝਾ ਹੱਲਾ ਮਾਰਨਾ ਹੀ ਕਾਫ਼ੀ ਹੋਵੇਗਾ।   - ਨਿਮਰਤ ਕੌਰ