'ਜਥੇਦਾਰ' ਵਲੋਂ ਲਏ ਗਏ ਫ਼ੈਸਲੇ ਮੱਠੇ ਪੈਣ ਦੀ ਥਾਂ ਹੋਰ ਭਖਣ ਲੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਵਲੋਂ ਲਏ ਗਏ ਫ਼ੈਸਲੇ ਮੱਠੇ ਪੈਣ ਦੀ ਥਾਂ ਭੱਖ ਗਏ ਹਨ

Bhai Ranjit Singh Ji Dhadrianwale and Giani Harpreet Singh

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਵਲੋਂ ਲਏ ਗਏ ਫ਼ੈਸਲੇ ਮੱਠੇ ਪੈਣ ਦੀ ਥਾਂ ਭੱਖ ਗਏ ਹਨ। ਸਿੱਖ ਪ੍ਰਚਾਰਕ ਰਣਜੀਤ ਸਿੰਘ ਢਡਰੀਆਂ ਵਾਲਿਆਂ ਦਾ ਟਕਰਾਅ ਘਟਣ ਦੀ ਥਾਂ ਹੋਰ ਵੱਧ ਗਿਆ ਹੈ।

'ਜਥੇਦਾਰ' ਤੇ ਢਡਰੀਆਂ ਵਾਲੇ ਆਹਮੋ-ਸਾਹਮਣੇ ਹੋ ਗਏ ਹਨ ਜੋ ਭਵਿੱਖ ਲਈ ਚਿੰਤਾਜਨਕ ਹੈ । 6 ਜੂਨ ਨੂੰ ਖ਼ਾਲਿਸਤਾਨ ਪੱਖੀ ਬਿਆਨ ਦੇਣ ਨਾਲ ਉਹ ਗਰਮ ਦਲਾਂ ਦੇ ਕਾਫ਼ੀ ਕਰੀਬ ਆ ਗਏ ਸਨ ਕਿ ਉਹ ਅਤੀਤ ਨੂੰ ਸਾਹਮਣੇ ਰਖਦਿਆਂ ਨਿਰਪੱਖਤਾ ਨਾਲ ਫ਼ੈਸਲੇ ਲਿਆ ਕਰਨਗੇ।

ਚਰਚਾ ਮੁਤਾਬਕ 'ਜਥੇਦਾਰ' ਪਾਵਨ ਸਰੂਪਾਂ ਤੇ ਉਨ੍ਹਾਂ ਦੇ ਦੋਸ਼ੀਆਂ ਵਿਰੁਧ ਨਰਮ ਤੇ ਰਣਜੀਤ ਸਿੰਘ ਢਡਰੀਆਂ ਵਾਲੇ ਵਿਰੁਧ ਸਖ਼ਤ ਫ਼ੈਸਲਾ ਹੈ। ਢਡਰੀਆਂ ਵਾਲੇ ਸੋਸ਼ਲ ਮੀਡੀਆ 'ਤੇ ਵਾਰ-ਵਾਰ ਆਖ ਰਹੇ ਹਨ ਕਿ ਉਨ੍ਹਾਂ ਕੋਈ ਗ਼ਲਤੀ ਨਹੀਂ ਕੀਤੀ। ਜੇਕਰ ਕੋਈ ਮੈਂ ਕੁਤਾਹੀ ਕੀਤੀ ਹੋਵੇ ਤਾਂ 'ਜਥੇਦਾਰ' ਦਾ ਆਦੇਸ਼ ਮੰਨਣ ਨੂੰ ਤਿਆਰ ਹਾਂ।

ਸਿੱਖ ਵਿਰੋਧੀ ਜਥੇਬੰਦੀ ਆਰ ਐਸ ਐਸ ਹਮਾਇਤੀ ਸਾਬਕਾ ਜਥੇਦਾਰ ਗਿ. ਇਕਬਾਲ ਸਿੰਘ ਪ੍ਰਤੀ ਨਰਮੀ ਵਰਤੀ ਗਈ ਪਰ ਭਾਈ ਧਿਆਨ ਸਿੰਘ ਮੰਡ ਨੇ ਉਨ੍ਹਾਂ ਨੂੰ ਪੰਥ ਵਿਚੋਂ ਛੇਕ ਦਿਤਾ। ਚਰਚਾ ਮੁਤਾਬਕ ਅਕਾਲ ਤਖ਼ਤ ਤੋਂ ਜਾਰੀ ਬਿਆਨ ਨੂੰ ਘੋਖਿਆ ਜਾਵੇ ਤਾਂ ਉਸ ਵਿਚ ਨਿਰਪੱਖਤਾ ਸਪੱਸ਼ਟ ਨਹੀਂ ਹੋ ਰਹੀ ।

ਦਸ ਨੁਕਤਿਆਂ ਵਿਚੋਂ ਜਿਥੇ ਸਿਆਸਤ ਹੈ, ਉਥੇ ਨਰਮੀ ਦਿਖਾਈ ਗਈ। ਸਿੱਖ ਹਲਕਿਆਂ ਮੁਤਾਬਕ ਪਾਵਨ ਸਰੂਪਾਂ ਦੇ ਗੁੰਮ ਹੋਣ ਸਬੰਧੀ ਸਿੱਧੇ-ਅਸਿੱਧੇ ਦੋਸ਼ ਬਾਦਲ ਪ੍ਰਵਾਰ 'ਤੇ ਲੱਗ ਰਹੇ ਹਨ।  ਇਸ ਮਸਲੇ ਵਿਚ ਨਰਮੀ ਦੀ ਝਲਕ ਮਹਿਸੂਸ ਹੁੰਦੀ ਹੈ। ਦੂਸਰਾ ਭਾਜਪਾ ਤੇ ਆਰ ਐਸ ਐਸ ਨਾਲ ਅਕਾਲੀ ਦਲ ਦੀ ਭਾਈਵਾਲੀ ਹੈ ਤੇ ਗਿ. ਇਕਬਾਲ ਸਿੰਘ ਸੰਘ ਦਾ ਵਫ਼ਾਦਾਰ ਹੈ।

ਇਥੇ ਵੀ ਨਰਮੀ ਵਰਤੀ ਗਈ। ਸਾਬਕਾ ਅਕਾਲੀ ਮੰਤਰੀ ਬਾਰੇ ਵੀ ਸੰਖੇਪ ਵਿਚ ਬਿਆਨ ਦਿਤਾ ਗਿਆ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਰਾਗੀ ਸਿੰਘਾਂ ਦਾ ਵਿਵਾਦ ਸੁਲਝਾਇਆ ਹੀ ਨਹੀਂ ਗਿਆ। ਇਹ ਗੰਭੀਰ ਮਸਲਾ ਹੈ ਤੇ 'ਜਥੇਦਾਰ' ਨੇ ਭਰੋਸਾ ਦਿਤਾ ਸੀ ਕਿ ਉਹ ਮੀਟਿੰਗ ਵਿਚ ਫ਼ੈਸਲਾ ਦੇਣਗੇ।

ਇਸ ਵਿਵਾਦ ਕਾਰਨ ਸਿੱਖਾਂ ਤੇ ਗ਼ੈਰ ਸਿੱਖਾਂ ਵਿਚ ਕੌਮ ਮਜ਼ਾਕ ਬਣ ਰਹੀ ਹੈ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗੰ੍ਰਥੀ ਸਾਹਿਬ ਤੇ ਰਾਗੀ ਸਿੰਘ ਦਾ ਮਸਲਾ ਸੁਲਝਾਉਣ ਲਈ  ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਹੋਰ ਸਿੱਖ ਸ਼ਖ਼ਸੀਅਤਾਂ ਤੇ ਕੌਮ ਦੀ ਲੀਡਰਸ਼ਿਪ ਨੂੰ ਇਸ ਝਗੜੇ ਦੀ ਭਿਣਕ ਪੈਣ 'ਤੇ ਤੁਰਤ ਦੋਹਾਂ ਧਿਰਾਂ ਨੂੰ ਸ਼ਾਂਤ ਕਰਨਾ ਚਾਹੀਦਾ ਸੀ।