ਕਰੋਨਾ ਦੇ ਵਧਦੇ ਕਦਮ : ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਰੀਪੋਰਟ ਵੀ ਕੋਰੋਨਾ ਪਾਜ਼ੇਟਿਵ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ 5 ਮੰਤਰੀਆਂ ਸਮੇਤ 30 ਵਿਧਾਇਕ ਹੋ ਚੁਕੇ ਹਨ ਕੋਰੋਨਾ ਪੀੜਤ

Brahma Mahindra

ਚੰਡੀਗੜ੍ਹ : ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਹੋਣ ਵਾਲੇ ਪੰਜਾਬ ਦੇ ਵਿਧਾਇਕਾਂ ਦੀ ਗਿਣਤੀ 30 ਤਕ ਪਹੁੰਚ ਗਈ ਹੈ। ਜਦਕਿ ਇਕ ਹੋਰ ਮੰਤਰੀ ਬ੍ਰਹਮ ਮਹਿੰਦਰਾ ਦੀ ਰੀਪੋਰਟ ਪਾਜ਼ੇਟਿਵ ਹੋਣ ਬਾਅਦ ਕੋਰੋਨਾ ਪੀੜਤ ਹੋਣ ਵਾਲੇ ਮੰਤਰੀਆਂ ਦੀ ਗਿਣਤੀ ਵੀ ਪੰਜ ਹੋ ਗਈ ਹੈ।

ਇਸ ਤੋਂ ਪਹਿਲਾਂ ਜਿਹੜੇ ਹੋਰ ਵਿਧਾਇਕਾਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ ਵਿਚ ਸੁਰਿੰਦਰ ਡਾਬਰ, ਦਰਸ਼ਨ ਬਰਾੜ, ਦਲਵੀਰ ਗੋਲਡੀ ਸ਼ਾਮਲ ਹਨ ਜਦਕਿ 27 ਵਿਧਾਇਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀਆਂ ਰੀਪੋਰਟਾਂ ਤਾਂ ਬੀਤੀ ਰਾਤ ਤਕ ਆ ਗਈਆਂ ਸਨ।

ਮੰਤਰੀ ਬ੍ਰਹਮ ਮਹਿੰਦਰਾ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਅੱਜ ਹੋਈ ਹੈ। ਇਸ ਤੋਂ ਪਹਿਲਾਂ ਚਾਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਕਾਂਗੜ ਤੇ ਸੁੰਦਰ ਸ਼ਾਮ ਅਰੋੜਾ ਸ਼ਾਮਲ ਹਨ। ਇਨ੍ਹਾਂ ਵਿਚੋਂ ਬਾਜਵਾ ਸੱਭ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਹੋਏ ਸਨ ਤੇ ਇਸ ਸਮੇਂ ਠੀਕ ਵੀ ਹੋ ਚੁੱਕੇ ਹਨ। ਬ੍ਰਹਮ ਮਹਿੰਦਰਾ ਦੀ ਰੀਪੋਰਟ ਪਾਜ਼ੇਟਿਵ ਆਉਣ ਬਾਅਦ ਉਹ ਚੰਡੀਗੜ੍ਹ ਹੀ ਇਕਾਂਤਵਾਸ ਹੋਏ ਹਨ। ਕੋਰੋਨਾ ਪਾਜ਼ੇਟਿਵ ਮੈਂਬਰ ਵਿਧਾਨ ਸਭਾ ਸੈਸ਼ਨ ਵਿਚ ਭਾਗ ਨਹੀਂ ਲੈ ਸਕਣਗੇ।

ਇਸੇ ਦੌਰਾਨ ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਮਾਮਲਿਆਂ ਤੋਂ ਸਰਕਾਰ ਚਿੰਤਤ ਹੈ। ਪੰਜਾਬ ਦੇ ਚਾਰ ਸ਼ਹਿਰ ਲੁਧਿਆਣਾ, ਪਟਿਆਲਾ, ਜਲੰਧਰ ਅਤੇ ਅੰਮ੍ਰਿਤਸਰ ਵਿਚ ਕੋਰੋਨਾ ਦੇ ਮਰੀਜ਼ ਦੀ ਗਿਣਤੀ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ। ਮੌਤ ਦਰ ਵੀ ਵੱਧ ਰਹੀ ਹੈ। ਪਿਛਲੇ ਦਿਨੀਂ ਲਾਕਡਾਊਨ 3 ਦੀਆਂ ਨਵੀਂ ਹਦਾਇਤਾਂ ਜਾਰੀ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤੀ ਕਰਨ ਦੇ ਸੰਕੇਤ ਦਿਤੇ ਸੀ।

ਬੀਤੇ ਦਿਨ ਅੰਮ੍ਰਿਤਸਰ ਵਿਚ 486 ਕੋਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਅੰਮ੍ਰਿਤਸਰ ਦੇ ਕੁਝ ਇਲਾਕਿਆਂ ਵਿਚ ਕਰਫਿਊ ਦਾ ਐਲਾਨ ਕਰ ਦਿਤਾ ਗਿਆ ਹੈ। ਇਨ੍ਹਾਂ ਵਿਚ ਗੁਕਲ ਵਿਹਾਰ ਗਲੀ ਨੰਬਰ 3, ਗੋਪਾਲ ਨਗਰ, ਸ਼ਿਮਲਾ ਮਾਰਕਿਟ, ਗਲੀ ਕੱਕੀਆਂ, ਬ੍ਰਹਮ ਨਗਰ, ਕਟੜਾ ਬੰਗੀਆ, ਜਵਾਹਰ ਨਗਰ ਇਲਾਕੇ ਸ਼ਾਮਲ ਹਨ। ਕਰਫਿਊ ਦੌਰਾਨ ਸਿਰਫ਼ ਅਤਿ ਜ਼ਰੂਰੀ ਵਸਤਾਂ ਲਿਆਉਣ ਦੀ ਇਜਾਜ਼ਤ ਹੋਵੇਗੀ। ਕੋਰੋਨਾ ਦੇ ਲਗਾਤਾਰ ਵਧਦੇ ਕਹਿਰ ਨੂੰ ਰੋਕਣ ਲਈ ਹੋ ਸਕਦਾ ਹੈ ਕਿ ਅਜਿਹੇ ਸਖਤ ਕਦਮ ਸੂਬੇ ਦੇ ਹੋਰ ਸ਼ਹਿਰ ਵਿਚ ਚੁੱਕੇ ਜਾਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।