ਐਡੀਸ਼ਨ ਚੀਫ਼ ਸੈਕਟਰੀ ਅਪਣੇ ਚਹੇਤਿਆਂ ਦੀ ਪੋਸਟਿੰਗ ਕਰਵਾਉਣਾ ਚਾਹੁੰਦੇ ਹਨ: ਧਰਮਸੋਤ
ਕਿਹਾ, ਜੇ ਕਿਸੇ ਇਕ ਫ਼ਾਈਲ 'ਤੇ ਮੇਰੇ ਦਸਤਖ਼ਤ ਹੋਣ ਤਾਂ ਸਜ਼ਾ ਭੁਗਤਨ ਲਈ ਤਿਆਰ ਹਾਂ
ਖੰਨਾ : ਪੰਜਾਬ ਦੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ 64 ਕਰੋੜ ਦੇ ਘਪਲੇ ਸਬੰਧੀ ਦੋਸ਼ਾਂ ਨੂੰ ਲੈ ਕਿ ਸਾਫ਼ ਕਿਹਾ ਕਿ ਜੇਕਰ ਮੇਰੇ ਇਕ ਵੀ ਫ਼ਾਈਲ 'ਤੇ ਦਸਤਖ਼ਤ ਹੋਣ ਤਾਂ ਜੋ ਸਜ਼ਾ ਹੋਵੇਗੀ, ਮੈਂ ਭੁਗਤਨ ਲਈ ਤਿਆਰ ਹਾਂ। ਉੁਨ੍ਹਾਂ ਵੇਰਵਿਆਂ ਸਹਿਤ ਹਵਾਲਾ ਦਿੰਦਿਆਂ ਦਸਿਆ ਕਿ ਅਸਲ 'ਚ ਸਰਬਜਿੰਦਰ ਸਿੰਘ ਰੰਧਾਵਾ ਤੇ 50 ਲੱਖ ਦੀ ਰਿਕਵਰੀ ਹੈ। ਇਸ ਤੋਂ ਬਿਨਾ ਇਕ ਹੋਰ ਜ਼ਿਲ੍ਹਾ ਭਲਾਈ ਅਫਸਰ ਹੈ, ਜਿਸ ਦੀ ਐਡੀਸ਼ਨਲ ਚੀਫ ਸੈਕਟਰੀ ਪੋਸਟਿੰਗ ਕਰਵਾਉਣਾ ਚਾਹੁੰਦੇ ਹਨ, ਜਿਸ ਨੂੰ ਮਂੈ ਰੋਕਿਆ ਹੈ।
ਉਨ੍ਹਾਂ ਕਿਹਾ ਕਿ ਉੁਨ੍ਹਾਂ ਵਲੋਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ 'ਚ ਸਾਰੀ ਜਾਣਕਾਰੀ ਲਿਆ ਦਿਤੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਐਡੀਸ਼ਨ ਚੀਫ਼ ਸੈਕਟਰੀ ਵਲੋਂ ਪਹਿਲਾਂ ਵੀ ਬਿਨਾ ਮਤਲਬ ਸਰਵ ਹਿਤਕਾਰੀ ਮੰਦਰ ਨੂੰ 1 ਕਰੋੜ 70 ਲੱਖ ਦੀ ਰਾਸ਼ੀ ਜਾਰੀ ਕਰ ਦਿਤੀ ਸੀ। ਜਿਸ ਨੂੰ ਮੇਰੇ ਵਲੋਂ ਮੁੱਖ ਮੰਤਰੀ ਦੇ ਧਿਆਨ 'ਚ ਲਿਆ ਕੇ ਰੁਕਵਾਇਆ ਗਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਅਨੇਕਾਂ ਵਾਰ ਐਡੀਸ਼ਨਲ ਚੀਫ਼ ਸੈਕਟਰੀ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਤੁਰਤ ਜਾਰੀ ਕਰਨ ਬਾਰੇ ਕਿਹਾ ਗਿਆ। ਹੁਣ ਵੀ 309 ਕਰੋੜ ਦੀ ਰਾਸ਼ੀ ਨਹੀਂ ਵੰਡੀ ਗਈ। ਸਮਾਜ ਭਲਾਈ ਮੰਤਰੀ ਨੇ ਕਿਹਾ ਕਿ ਐਡੀਸ਼ਨਲ ਚੀਫ਼ ਸੈਕਟਰੀ ਮੇਰੇ ਨਾਲ ਨਿਜੀ ਰੰਜਸ਼ ਰਖਦੇ ਹਨ, ਜਿਸ ਕਰ ਕੇ ਰਾਸ਼ੀ ਸਮੇਂ 'ਤੇ ਨਹੀਂ ਵੰਡਦੇ।
ਕੈਬਨਿਟ ਮੰਤਰੀ ਸਰਦਾਰ ਧਰਮਸੋਤ ਨੇ ਕਿਹਾ ਕਿ ਮੇਰਾ ਕੋਈ ਰਿਸ਼ਤੇਦਾਰ ਨਹੀਂ, ਜੋ ਕਰੇਗਾ ਸੋ ਭਰੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਸੇ ਕਿਸਮ ਦਾ ਕੋਈ ਘੁਟਾਲਾ ਨਹੀਂ ਕੀਤਾ ਅਤੇ ਜੇਕਰ ਕਿਸੇ ਨੇ ਕੀਤਾ ਹੈ ਤਾਂ ਉਸ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜਲਦ ਹੀ ਦੁੱਧ ਦਾ ਦੁੱਧ ਤੇ ਪਾਣੀ ਸੱਭ ਦੇ ਸਾਹਮਣੇ ਆ ਜਾਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ 'ਤੇ ਪੂਰਾ ਭਰੋਸਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।