ਹਰਿਆਣਾ ਚੋਣਾਂ: ਅਕਾਲੀਆਂ ਅਤੇ ਭਾਜਪਾ ਦੀ ਟੁਟ ਗਈ ਤੜੱਕ ਕਰਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀਆਂ ਦਾ ਸਵਾ ਲੱਖ ਐਮ.ਐਲ.ਏ. ਭਾਜਪਾ 'ਚ ਸ਼ਾਮਲ ਹੋਇਆ

ਕੋਰ ਕਮੇਟੀ ਦੀ ਅੰਮ੍ਰਿਤਸਰ ਵਿਚ ਹੋਈ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ।

ਚੰਡੀਗੜ੍ਹ  (ਕੰਵਲਜੀਤ ਸਿੰਘ) : ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਆਪੋ ਅਪਣਾ ਰਸਤਾ ਵੱਖ ਕਰ  ਲਿਆ ਹੈ। ਭਾਜਪਾ ਨਾਲ ਸੀਟਾਂ ਦਾ ਲੈਣ ਦੇਣ ਸਿਰੇ ਨਾ ਚੜ੍ਹਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਹਰਿਆਣਾ ਦੀਆਂ ਚੋਣਾਂ ਅਪਣੇ ਦਮ 'ਤੇ ਲੜਨ ਦਾ ਕੌੜਾ ਘੁਟ ਭਰਨ ਲਈ ਮਜਬੂਰ ਹੋਣਾ ਪਿਆ ਹੈ। ਦਲ ਦੀ ਕੋਰ ਕਮੇਟੀ ਦੀ ਅੰਮ੍ਰਿਤਸਰ ਵਿਚ ਹੋਈ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ ਹੈ।

ਅਕਾਲੀ ਦਲ ਨੂੰ ਹਰਿਆਣਾ ਵਿਚ ਅੱਜ ਉਸ ਸਮੇਂ ਇਕ ਹੋਰ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦਾ ਇਕੋ ਇਕ ਵਿਧਾਇਕ ਬਲਕੌਰ ਸਿੰਘ ਭਾਜਪਾ ਵਿਚ ਸ਼ਾਮਲ ਹੋ ਗਿਆ। ਅਕਾਲੀ ਦਲ ਨੇ ਬਲਕੌਰ ਦੇ ਇਸ ਫ਼ੈਸਲੇ ਨੂੰ ਅਨੈਤਿਕ ਦਸਿਆ ਹੈ। ਅਕਾਲੀ ਦਲ ਨੇ ਪਹਿਲੀ ਵਾਰ ਜਨਤਕ ਤੌਰ 'ਤੇ ਭਾਜਪਾ ਵਿਰੁਧ ਭੜਾਸ ਕੱਢੀ ਹੈ। ਦਲ ਦਾ ਕਹਿਣਾ ਹੈ ਕਿ ਭਾਜਪਾ ਨੇ ਭਾਈਵਾਲ ਪਾਰਟੀ ਨਾਲ ਧੋਖਾ ਕਮਾਇਆ ਹੈ।

ਪਤਾ ਲੱਗਾ ਹੈ ਕਿ ਪਿਛਲੇ ਦਿਨੀਂ ਦਲ ਦੇ ਨੇਤਾਵਾਂ ਦੀ ਦਿੱਲੀ ਵਿਚ ਭਾਜਪਾ ਹਾਈਕਮਾਂਡ ਨਾਲ ਸੀਟਾਂ ਦੇ ਲੈਣ ਦੇਣ ਨੂੰ ਲੈ ਕੇ ਇਕ ਮੀਟਿੰਗ ਹੋਈ ਸੀ ਜਿਸ ਵਿਚ ਸਹਿਮਤੀ ਨਾ ਬਣ ਸਕੀ। ਦਲ ਨੇ 30 ਸੀਟਾਂ ਦੀ ਮੰਗ ਕੀਤੀ ਸੀ ਜਦਕਿ ਭਾਜਪਾ ਕੇਵਲ 2 ਦੇਣ ਲਈ ਰਾਜ਼ੀ ਹੋਈ। ਅਕਾਲੀ ਦਲ ਵਲੋਂ ਚੋਣ ਲੜਨ ਦੇ ਉਮੀਦਵਾਰਾਂ ਕੋਲੋਂ ਪਹਿਲਾਂ ਹੀ ਅਰਜ਼ੀਆਂ ਮੰਗ ਲਈਆਂ ਗਈਆਂ ਸਨ ਅਤੇ ਇਨ੍ਹਾਂ ਦੀ ਘੋਖ ਪੜਤਾਲ ਕਰਨ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ। ਨਾਮਜ਼ਦਗੀਆਂ ਦਾਖ਼ਲ ਕਰਨ ਦੀ ਅੰਤਮ ਤਰੀਕ 30 ਸਤੰਬਰ ਹੈ।

ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਜਪਾ ਨਾਲ ਸਾਂਝ ਬਰਕਰਾਰ ਰੱਖੀ ਜਾਵੇਗੀ। ਅਕਾਲੀ ਦਲ ਦੇਸ਼ ਵਿਚ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਵਚਨਬੱਧ ਹੈ। ਚੇਤੇ ਕਰਵਾਇਆ ਜਾਂਦਾ ਹੈ ਕਿ ਅਕਾਲੀ ਦਲ ਨੇ 2014 ਦੀਆਂ ਵਿਧਾਨ ਸਭਾ ਚੋਣਾਂ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਰਲ ਕੇ ਲੜੀਆਂ ਸਨ ਅਤੇ ਦਲ ਦੇ ਦੋ ਉਮੀਦਵਾਰਾਂ ਵਿਚੋਂ ਇਕ ਬਲਕੌਰ ਸਿੰਘ ਜਿੱਤ ਗਿਆ ਸੀ।