ਜਲਾਲਾਬਾਦ ਦੇ ਪਿੰਡ ਖੁੰਡ ਵਾਲਾ ‘ਚ ਮਾਈਨਿੰਗ ਟੀਮ ‘ਤੇ ਹਮਲਾ, ਗੱਡੀ ਦੀ ਕੀਤੀ ਭੰਨਤੋੜ
ਰੇਤ ਮਾਫੀਆ ਦੇ ਲੋਕਾਂ ਨੇ ਟੀਮ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸਰਕਾਰੀ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ।
ਜਲਾਲਾਬਾਦ: ਸ਼ਹਿਰ ਦੇ ਪਿੰਡ ਖੁੰਡ ਵਾਲਾ ‘ਚ ਰੇਡ ਕਰਨ ਲਈ ਮਾਈਨਿੰਗ ਟੀਮ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਸਰਕਾਰੀ ਗੱਡੀ ਦੀ ਭੰਨਤੋੜ ਵੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਰਾਤ 12 ਵਜੇ ਦੇ ਕਰੀਬ ਜਲਾਲਾਬਾਦ ਦੇ ਸਰਹੱਦੀ ਪਿੰਡ ਖੁੰਡ ਵਾਲਾ ਵਿਖੇ ਉਸ ਸਮੇਂ ਵਾਪਰੀ ਜਦੋਂ ਮਾਈਨਿੰਗ ਵਿਭਾਗ ਦੀ ਟੀਮ ਮਾਈਨਿੰਗ ਵਾਲੀ ਥਾਂ ’ਤੇ ਪਹੁੰਚੀ। ਟੀਮ ਦੀ ਅਗਵਾਈ ਐਸਡੀਓ ਮਾਈਨਿੰਗ ਵਿਭਾਗ ਕਰ ਰਹੇ ਸਨ।
ਟੀਮ ਨੂੰ ਉੱਥੇ ਇਕ ਟਰੈਕਟਰ ਟਰਾਲੀ ਨਾਜਾਇਜ਼ ਮਾਈਨਿੰਗ ਕਰਦਾ ਹੋਇਆ ਦਿਖਾਈ ਦਿੱਤਾ ਜਿਸ ਤੋਂ ਬਾਅਦ ਜਦੋਂ ਟੀਮ ਵੱਲੋਂ ਟਰੈਕਟਰ ਟਰਾਲੀ ਦੀ ਫੋਟੋ ਖਿੱਚ ਅੱਗੇ ਲਈ ਕਾਰਵਾਈ ਆਰੰਭੀ ਗਈ ਤਾਂ ਰੇਤ ਮਾਫੀਆ ਦੇ ਲੋਕਾਂ ਨੇ ਟੀਮ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸਰਕਾਰੀ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ।
ਇਸ ਹਮਲੇ ਵਿਚ ਮਾਈਨਿੰਗ ਵਿਭਾਗ ਦੇ ਜੇਈ ਅਤੇ ਬੇਲਦਾਰ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਵਿਚ ਤਿੰਨ ਲੋਕਾਂ ਖ਼ਿਲਾਫ਼ ਧਾਰਾ 307 ਮਾਈਨਿੰਗ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।